ਨਵੀਂ ਦਿੱਲੀ -ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਬੈਲਜੀਅਮ ਦੇ ਸਿੰਤਰੁਦਨ ਗੁਰਦੁਆਰਾ ਸੰਗਤ ਸਾਹਿਬ ਤੋ ਸਜਾਇਆ ਗਿਆ । ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਕਰਮ ਸਿੰਘ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਗੁਰਦੁਆਰਾ ਸੰਗਤ ਸਾਹਿਬ ਤੋ ਸਵੇਰੇ ਚਵਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਅਧੀਨ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਵੱਖ ਵੱਖ ਇਲਾਕਿਆ ਤੋ ਹੁੰਦਾ ਹੋਇਆ ਸ਼ਾਮ ਨੂੰ ਸੈਂਟਰਲ ਸਿੰਤਰੁਦਨ ਗੁਰਦੁਆਰਾ ਸਾਹਿਬ ਵਿਖ਼ੇ ਸਮਾਪਤ ਹੋਇਆ ਸੀ । ਉਨ੍ਹਾਂ ਦਸਿਆ ਕਿ ਨਗਰ ਕੀਰਤਨ ਵਿਚ ਵੱਖ ਵੱਖ ਗੱਤਕਾ ਦਲਾਂ ਨੇ ਗੱਤਕੇ ਦੇ ਜੌਹਰ ਦਿਖਾਏ, ਕੀਰਤਨੀ ਜਥੇਆਂ ਨੇ ਗੁਰਬਾਣੀ ਦੇ ਇਲਾਹੀ ਕੀਰਤਨ ਕਰਦਿਆਂ ਸੰਗਤਾਂ ਨੂੰ ਆਪਣੇ ਨਾਲ ਜੋੜੀ ਰੱਖਿਆ ਸੀ ਤੇ ਨਗਰ ਕੀਰਤਨ ਦੇ ਰਸਤੇ ਵਿਚ ਸੰਗਤਾਂ ਨੇ ਵੱਡੇ ਉਤਸ਼ਾਹ ਨਾਲ ਖਾਣ ਪੀਣ ਦੇ ਵੱਖ ਵੱਖ ਸਟਾਲ ਲਗਾ ਕੇ ਆਪਣੀ ਸੇਵਾ ਨਿਭਾਈ ਸੀ । ਪ੍ਰਧਾਨ ਸਰਦਾਰ ਕਰਮ ਸਿੰਘ ਨੇ ਨਗਰ ਕੀਰਤਨ ਸਜਾਉਣ ਵਿਚ ਮਦਦ ਕਰਣ ਵਾਲੇ ਅਤੇ ਸੰਗਤਾਂ ਲਈ ਰਸਤੇਆਂ ਵਿਚ ਖਾਣ ਪੀਣ ਦੇ ਸਟਾਲ ਲਗਾਣ ਵਾਲੇ ਸੱਜਣਾ ਦਾ ਧੰਨਵਾਦ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਯੂਰੋਪੀਅਨ ਸਿੱਖ ਓਰਗੇਨਾਈਜੇਸ਼ਨ ਦੇ ਪ੍ਰਧਾਨ ਸਰਦਾਰ ਬਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਸਕੱਤਰ ਬੀਬੀ ਬਲਵਿੰਦਰ ਕੌਰ ਸਨ ।