ਨਵੀਂ ਦਿੱਲੀ -ਅਤਿ ਸੰਗੀਨ ਜ਼ੁਲਮਾਂ ਦੇ ਦੋਸ਼ੀ ਸੋਧਾ ਸਾਧ ਰਾਮ ਰਹੀਮ ਜੋ ਕਿ ਜਬਰ ਜਿਨਾਹ ਅਤੇ ਕਤਲ ਦੇ ਸੰਗੀਨ ਦੋਸ਼ਾਂ ਅੰਦਰ ਉਮਰਕੈਦ ਦੀ ਸਜ਼ਾ ਯਾਫਤਾ ਹੈ ਨੂੰ ਵਾਰ ਵਾਰ ਫਰਲੋ ਦੇ ਕੇ ਸਿੱਖਾਂ ਨੂੰ ਵਾਰ ਵਾਰ ਦੂਜੇ ਦਰਜ਼ੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ । ਜਿਕਰਯੋਗ ਹੈ ਕਿ ਰਾਮ ਰਹੀਮ ਨੂੰ ਅਜ 13 ਵੀਂ ਵਾਰ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਭਾਈ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਰਾਮ ਰਹੀਮ ਜਿਸਨੇ ਜਾਣਬੁਝ ਕੇ ਸਿੱਖ ਪੰਥ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ, ਬੇਅੰਤ ਮਾਸੂਮਾਂ ਦੀ ਜਿੰਦਗੀ ਉਜਾੜ ਦਿੱਤੀ ਉਪਰ ਵਾਰ ਵਾਰ ਸਰਕਾਰ ਕਿਉਂ ਮੇਹਰਬਾਨੀ ਦਿਖਾ ਰਹੀ ਹੈ.? ਦੇਸ਼ ਅੰਦਰ ਗੋਧਰਾ ਕਾਂਡ ਵਰਗੇ ਘਿਨਾਉਣੇ ਕਾਰੇ ਕਰਕੇ ਬੇਗੁਨਾਹਾਂ ਨੂੰ ਕਤਲ ਕਰਣ ਵਾਲੇ ਪ੍ਰਗਯਾ ਠਾਕੁਰ, ਪੂਰੋਹਿਤ ਵਰਗੇ ਅੱਤਵਾਦੀਆਂ ਨੂੰ ਜਮਾਨਤ ਦੇ ਕੇ ਬਾਹਰ ਨਿਕਾਲ ਲਿਆ ਜਾਂਦਾ ਹੈ ਪਰ ਸਿੱਖ ਪੰਥ ਉਪਰ ਤੱਤਕਾਲੀ ਕਾਂਗਰਸ ਸਰਕਾਰ ਵਲੋਂ ਢਾਹੇ ਗਏ ਜ਼ੁਲਮ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਉਪਰ ਚੜਾਈ ਗਈ ਫੌਜ ਦੇ ਵਿਰੋਧ ਵਿਚ ਸਿੱਖਾਂ ਵਲੋਂ ਜੋ ਕਾਰਵਾਈ ਕੀਤੀ ਸੀ, ਓਹ ਸਾਰੇ ਨੌਜੁਆਨ ਕੌਈ ਅਪਰਾਧੀ ਨਹੀਂ ਸਨ ਇਸੇ ਦੇਸ਼ ਦੇ ਆਮ ਨਾਗਰਿਕ ਸਨ ਜਿਨ੍ਹਾਂ ਨੂੰ ਸਰਕਾਰੀ ਜ਼ੁਲਮਾਂ ਨੇ ਇਸ ਰਸਤੇ ਉਪਰ ਚਲਣ ਲਈ ਮਜਬੂਰ ਕੀਤਾ ਸੀ । ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸਿੱਖ ਬੰਦੀ ਸਿੰਘਾਂ ਨੂੰ ਰਿਹਾਅ ਕਰਣ ਦਾ ਐਲਾਨ ਕੀਤਾ ਸੀ ਜੋ ਅਜੇ ਤਕ ਸਿਰਫ ਐਲਾਨ ਹੀ ਰਹਿ ਗਿਆ ਹੈ ਤੇ ਓਸ ਤੇ ਕੌਈ ਕਾਰਵਾਈ ਨਹੀਂ ਹੋਈ ਹੈ । ਸਰਕਾਰ ਦਾ ਫਰਜ਼ ਬਣਦਾ ਹੈ ਕਿ ਸਿੱਖ ਭਾਵਨਾਵਾਂ ਨੂੰ ਵਾਰ ਵਾਰ ਠੇਸ ਪਹੁੰਚਾਣ ਨਾਲੋਂ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਏ । ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ, ਸਕੱਤਰ ਅਤੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਰਾਮ ਰਹੀਮ ਨੂੰ ਮਿਲ ਰਹੀ ਵਾਰ ਵਾਰ ਫਰਲੋ ਦਾ ਵਿਰੋਧ ਨਾ ਕਰਣਾ ਅਤੇ ਗੂੰਗੇ ਬਣ ਕੇ ਚੁੱਪ ਰਹਿਣਾ ਉਨ੍ਹਾਂ ਦੇ ਸਿੱਖ ਨੇਤਾ ਹੋਣ ਤੇ ਵੱਡਾ ਸੁਆਲ ਚੁੱਕ ਰਿਹਾ ਹੈ ।