ਨਵੀਂ ਦਿੱਲੀ -ਗੁਰੂ ਸਾਹਿਬਾਨ, ਉਹਨਾਂ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਨਕਲਾਂ ਲਾਹੁਣ ਅਤੇ ਸਵਾਂਗ ਰਚਣ ਦੀ ਗੁਰਮਤਿ ਅਨੁਸਾਰ ਸਖਤ ਮਨਾਹੀ ਹੈ। ਪਿਛਲੇ ਸਮੇਂ ਅਜਿਹੀਆਂ ਫ਼ਿਲਮਾਂ ਸਬੰਧੀ ਸਿੱਖ ਸੰਗਤ ਵਿੱਚ ਭਾਰੀ ਰੋਸ ਨੂੰ ਵੇਖਦਿਆਂ ਅਜਿਹੀਆਂ ਫ਼ਿਲਮਾਂ ’ਤੇ ਪੱਕੀ ਰੋਕ ਲਾਉਣ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਕ ਮਤਾ ਪਾਸ ਕੀਤਾ ਸੀ ਪਰ ਉਸ ਤੋਂ ਬਾਅਦ ਵਪਾਰੀਆਂ ਅਤੇ ਨਕਲਚੀਆਂ ਨੇ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਛੱਡ ਕੇ ਅਕਾਲੀ ਫ਼ੌਜ ਦੇ ਪਵਿੱਤਰ ਬਾਣੇ ਅਤੇ ਸਸਤਰਾਂ ਦੇ ਅਦਬ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਮੇਂ ਵਿੱਚ ‘ਮਸਤਾਨੇ’ ਨਾਮ ਹੇਠ ਆਈ ਅਜਿਹੀ ਇੱਕ ਫ਼ਿਲਮ ਤੋਂ ਬਾਅਦ ਹੁਣ ‘ਅਕਾਲ’ ਨਾਮ ਹੇਠ ਇੱਕ ਫ਼ਿਲਮ ਜਾਰੀ ਹੋਈ ਹੈ ਅਤੇ ਅਜਿਹੀਆਂ ਹੋਰ ਪਤਾ ਨਹੀ ਕਿੰਨੀਆਂ ਫ਼ਿਲਮਾਂ ਬਣ ਰਹੀਆਂ ਹੋਣਗੀਆਂ।

ਬਾਣਾ ਅਕਾਲ ਪੁਰਖ ਦੀ ਰਹਿਮਤ ਹੈ ਜਿਸ ਰਾਹੀਂ ਪਰਮ ਮਨੁੱਖ ਸਮੁੱਚੀ ਲੋਕਾਈ ਲਈ ਪ੍ਰੇਰਨਾ, ਪ੍ਰੇਮ, ਅਧਿਆਤਮ, ਜਤ, ਸਤ, ਸੁਰੱਖਿਆ, ਵਿਸ਼ਵਾਸ, ਸਿਦਕ ਅਤੇ ਸਬਰ ਸਮੋਈ ਰੱਖਦਾ ਹੈ। ਇਹ ਗੁਰੂ ਦੀ ਬਖ਼ਸ਼ਿਸ਼ ਹੈ, ਇਹ ਆਮ ਵਸਤਰ ਨਹੀਂ ਹਨ ਕਿ ਕੋਈ ਵੀ ਪਾ ਲਵੇ ਪਰ ਹੁਣ ਲਗਾਤਾਰ ਇਹ ਫ਼ਿਲਮਾਂ ਵਾਲੇ ਨਕਲਚੀ ਗੁਰੂ ਕੇ ਬਾਣੇ, ਸਸਤਰ, ਗੁਰੂ ਦੀ ਹਜ਼ੂਰੀ ਆਦਿ ਅਜਿਹੀਆਂ ਪਵਿੱਤਰ ਅਤੇ ਉੱਚੀਆਂ ਸੁੱਚੀਆਂ ਬਖਸ਼ਿਸ਼ਾਂ ਦੀ ਨਕਲ ਕਰਨ ਲੱਗੇ ਹੋਏ ਹਨ। ਆਪਣੇ ਵਪਾਰ ਲਈ ਇਹ ਪ੍ਰਚਾਰ ਕਰਨ ਦਾ ਢੋਂਗ ਕਰ ਰਹੇ ਹਨ। ਪੰਥ ਆਪਣੀਆਂ ਇਹਨਾਂ ਪਵਿੱਤਰ ਬਖਸ਼ਿਸ਼ਾਂ ਦੀ ਨਕਲ ਦੀ ਕਿਸੇ ਕੀਮਤ ’ਤੇ ਪ੍ਰਵਾਨਗੀ ਨਹੀ ਦੇਵੇਗਾ।
ਪਿਛਲੇ ਸਾਲ 150 ਦੇ ਕਰੀਬ ਇਹਨਾਂ ਫ਼ਿਲਮਾਂ ਵਾਲਿਆਂ ਨੂੰ ਇੱਕ ਵਿਸਥਾਰਤ ਚਿੱਠੀ ਰਾਹੀਂ ਇਸ ਸਾਰੇ ਮਸਲੇ ਤੋਂ ਜਾਣੂ ਕਰਵਾਇਆ ਸੀ ਪਰ ਬਾਵਜੂਦ ਇਸ ਦੇ ਇਹ ਆਪਣੀ ਜ਼ਿੱਦ ਨਹੀ ਛੱਡ ਰਹੇ ਅਤੇ ਇਸ ਤੋਂ ਵੀ ਅੱਗੇ ਜਾਂਦਿਆਂ ਹੁਣ ਇਹ ਇਸ ਸਾਰੇ ਮਸਲੇ ਵਿੱਚ ਸਿੱਖਾਂ ਵਿਚੋਂ ਹੀ ਕੁਝ ਬੰਦਿਆਂ ਨੂੰ ਆਪਣੇ ਨਾਲ ਲੈ ਕੇ ਸਿੱਖਾਂ ਨੂੰ ਆਪਸ ਵਿੱਚ ਉਲਝਾ ਰਹੇ ਹਨ। ਇਹ ਪੰਥ ਵਿੱਚ ਫੁੱਟ ਪਵਾ ਕੇ ਆਪਣਾ ਉੱਲੂ ਸਿੱਧਾ ਕਰਨ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ। ਜਿਹੜੇ ਜਥੇ ਇਹਨਾਂ ਦੀਆਂ ਫ਼ਿਲਮਾਂ ਦਾ ਵਿਰੋਧ ਕਰਦੇ ਹਨ ਓਹਨਾ ਨੂੰ ਪੈਸੇ ਦੇ ਲਾਲਚ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਵਪਾਰੀ ਅਜਿਹਾ ਖਿਆਲ ਆਪਣੇ ਜ਼ਿਹਨ ਵਿਚੋਂ ਕੱਢ ਦੇਣ ਕਿ ਗੁਰੂ ਖਾਲਸਾ ਪੰਥ ਦੀ ਸੇਵਾ ਵਿੱਚ ਵਿਚਰ ਰਹੇ ਜਥੇ ਚੰਦ ਛਿੱਲੜਾਂ ਲਈ ਆਪਣੇ ਸਿਧਾਂਤ ਨਾਲ ਸਮਝੌਤਾ ਕਰ ਲੈਣਗੇ। ਸਾਨੂੰ ਅਜਿਹੀਆਂ ਫ਼ਿਲਮਾਂ ਕਿਸੇ ਕੀਮਤ ’ਤੇ ਪ੍ਰਵਾਨ ਨਹੀ ਹਨ। ਇਤਿਹਾਸ ਦਾ ਇਹ ਸਮਾਂ ਇਸ ਲਈ ਵੀ ਬਹੁਤ ਅਹਿਮ ਹੈ ਕਿ ਇਸ ਵਕਤ ਜਦੋਂ ਬਿਪਰ ਇਹ ਸਿਧਾਂਤਕ ਕੁਰਾਹਾ ਪੱਕਾ ਕਰਨ ਦੇ ਯਤਨ ਵਿੱਚ ਹੈ ਤਾਂ ਸਿੱਖ ਸੰਗਤ ਆਪਣਾ ਬਣਦਾ ਫਰਜ ਨਿਭਾ ਰਹੀ ਹੈ ਅਤੇ ਸਿਰਮੌਰ ਸੰਸਥਾਵਾਂ ਮੂਕ ਦਰਸ਼ਕ ਬਣ ਕੇ ਸਭ ਵੇਖ ਰਹੀਆਂ ਹਨ। ਇਹਨਾਂ ਦੀ ਇਸ ਢਿੱਲ ਦੇ ਕਰਕੇ ਹੀ ਸਿਨੇਮਾ ਮੰਡੀ ਦੇ ਇਹ ਰਾਹ ਖੁੱਲਦੇ ਜਾ ਰਹੇ ਹਨ। ਜਿਹੜੀ ਗੱਲ ਪ੍ਰਤੀ ਸਿੱਖ ਸੰਗਤ ਸੁਚੇਤ ਹੈ ਅਤੇ ਹਰ ਵਾਰ ਆਪਣੀਆਂ ਸਿਰਮੌਰ ਸੰਸਥਾਵਾਂ ਨੂੰ ਇਸ ਗਲਤ ਕਵਾਇਦ ਤੋਂ ਜਾਣੂ ਕਰਵਾਉਂਦੀ ਹੈ, ਉਸ ਗੱਲ ਪ੍ਰਤੀ ਇਹਨਾਂ ਸੰਸਥਾਵਾਂ ਦੀ ਅਜਿਹੀ ਚੁੱਪ ਦੇ ਬਹੁਤ ਖਤਰਨਾਕ ਮਾਇਨੇ ਹਨ। ਪੰਥ ਸੇਵਾ ਵਿੱਚ ਵਿਚਰ ਰਹੇ ਜਥਿਆਂ ਨੂੰ ਇਸ ਮਸਲੇ ਸਬੰਧੀ ਗੁਰਮਤਾ ਕਰਨਾ ਚਾਹੀਦਾ ਹੈ ਤਾਂ ਕਿ ਸਵਾਂਗ ਦੇ ਇਸ ਕੁਰਾਹੇ ਨੂੰ ਪੱਕਾ ਹੀ ਬੰਦ ਕੀਤਾ ਜਾ ਸਕੇ। 50 ਤੋਂ ਵੱਧ ਸਿੱਖ ਜੱਥੇਬੰਦੀਆਂ, ਬੁਲਾਰਿਆ ਨੇ ਸਹਿਮਤੀ ਪ੍ਰਗਟ ਕੀਤੀ ਜਿਨ੍ਹਾਂ ਵਿਚ ਹਰਦੀਪ ਸਿੰਘ ਮਹਿਰਾਜ (ਪੰਥ ਸੇਵਕ), ਅੰਮ੍ਰਿਤ ਸੰਚਾਰ ਜਥਾ ਰੱਤਾਖੇੜਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਕੰਵਰ ਚੜ੍ਹਤ ਸਿੰਘ), ਗੋਸ਼ਟਿ ਸਭਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਿੱਖ ਜਥਾ ਧੂਰੀ ਅਤੇ ਮਾਲਵਾ, ਸਿੱਖ ਯੂਥ ਪਾਵਰ ਆਫ਼ ਪੰਜਾਬ ਦਰਬਾਰ ਏ ਖਾਲਸਾ, ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ, ਲਿਖਾਰੀ ਸਰਬਜੀਤ ਸਿੰਘ ਘੁਮਾਣ ਦੇ ਨਾਮ ਸ਼ਾਮਿਲ ਹਨ ।