ਬੀਤੇ ਕੱਲ੍ਹ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਾਹਗਾ ਬਾਰਡਰ ਵਿਖੇ ਸਰਹੱਦਾਂ ਨੂੰ ਵਪਾਰ ਲਈ ਖੋਲਣ ਦੇ ਮਕਸਦ ਨੂੰ ਲੈਕੇ ਜੋ ਵੱਡੀ ਕਾਨਫਰੰਸ ਕੀਤੀ ਹੈ, ਉਸਦਾ ਮੁੱਖ ਉਦੇਸ ਜਿੰਮੀਦਾਰ, ਮਜਦੂਰਾਂ, ਟਰਾਸਪੋਰਟਰਾਂ, ਆੜਤੀਆ, ਵਪਾਰੀਆ ਆਦਿ ਸਭਨਾਂ ਦੀ ਆਰਥਿਕਤਾ ਨੂੰ ਹੁਲਾਰਾ ਦਿੰਦੇ ਹੋਏ ਇਥੋ ਦੀ ਵੱਡੀ ਬੇਰੁਜਗਾਰੀ ਦੀ ਸਮੱਸਿਆ ਨੂੰ ਹੱਲ ਕਰਨਾ ਵੀ ਹੈ । ਜਿਸ ਤਰ੍ਹਾਂ ਉਪਰੋਕਤ ਸਭ ਵਰਗਾਂ ਨੇ ਅਤੇ ਪਾਰਟੀ ਅਹੁਦੇਦਾਰਾਂ ਨੇ ਵੱਡੀ ਜਿੰਮੇਵਾਰੀ ਨਿਭਾਕੇ ਇਨ੍ਹਾਂ ਸਰਹੱਦਾਂ ਖੋਲਣ ਦੇ ਪ੍ਰੋਗਰਾਮ ਨੂੰ ਮਜਬੂਤੀ ਨਾਲ ਕਾਮਯਾਬ ਕੀਤਾ ਹੈ, ਉਸਦਾ ਪ੍ਰਭਾਵ ਇਹ ਪਿਆ ਹੈ ਕਿ ਲੋਕਾਂ ਦੇ ਰੋਹ ਅਤੇ ਜੋਸ ਨੂੰ ਦੇਖਦੇ ਹੋਏ ਬੀ.ਐਸ.ਐਫ ਵੀ ਇਸ ਉੱਠੇ ਵਿਚਾਰਾਂ ਦੇ ਪ੍ਰਭਾਵ ਨੂੰ ਨਾ ਰੋਕ ਸਕੀ । ਸਰਕਾਰ ਨੂੰ ਪੁਲਿਸ ਦਾ ਵੱਡੇ ਤੌਰ ਤੇ ਪ੍ਰਬੰਧ ਕਰਨਾ ਪਿਆ । ਇਸਦੇ ਬਾਵਜੂਦ ਵੀ ਸਮੁੱਚੇ ਪੰਜਾਬੀਆਂ ਵੱਲੋ ਲਗਾਈਆ ਗਈਆ ਰੋਕਾਂ ਨੂੰ ਤੋੜਕੇ ਸਰਹੱਦ ਵੱਲ ਆਪਣਾ ਸਮਾਨ ਚੁੱਕ ਕੇ ਵੱਧਦੇ ਹੋਏ ਮਿਸਨ ਨੂੰ ਉਜਾਗਰ ਕੀਤਾ ਗਿਆ । ਜਿਸ ਲਈ ਪਾਰਟੀ ਅਹੁਦੇਦਾਰ, ਮੈਬਰ ਅਤੇ ਸਭ ਹੋਰ ਸਹਿਯੋਗੀ ਮੁਬਾਰਕਬਾਦ ਦੇ ਹੱਕਦਾਰ ਹਨ । ਇਹ ਪ੍ਰੋਗਰਾਮ ਇਸ ਲਈ ਕਰਨਾ ਪਿਆ ਕਿਉਂਕਿ ਅਸੀ ਲੰਮੇ ਸਮੇ ਤੋ ਇਹ ਮੰਗ ਕਰਦੇ ਆ ਰਹੇ ਹਾਂ ਕਿ ਇੰਡੀਅਨ ਹੁਕਮਰਾਨ ਸਰਹੱਦਾਂ ਖੋਲ੍ਹਕੇ ਜਿੰਮੀਦਾਰਾਂ ਦੀ ਪੈਦਾਵਾਰ ਅਤੇ ਛੋਟੇ ਵਪਾਰੀਆ ਦੇ ਤਿਆਰ ਕੀਤੇ ਮਾਲ ਨੂੰ ਮੱਧ ਏਸੀਆ, ਅਰਬ ਮੁਲਕਾਂ ਵਿਚ ਖੁੱਲ੍ਹੇ ਵਪਾਰ ਰਾਹੀ ਖਰੀਦੋ ਫਰੋਖਤ ਕਰਨ ਦੇ ਅਧਿਕਾਰ ਦੇਵੇ ਤਾਂ ਕਿ ਜਿੰਮੀਦਾਰ ਆਪਣੀਆ ਫਸਲਾਂ ਅਤੇ ਛੋਟੇ ਵਪਾਰੀ ਆਪਣੇ ਉਤਪਾਦਾਂ ਨੂੰ ਸਹੀ ਕੀਮਤਾਂ ਤੇ ਕੌਮਾਂਤਰੀ ਵਪਾਰ ਰਾਹੀ ਵੇਚਕੇ ਆਪਣੀ ਆਰਥਿਕਤਾ ਨੂੰ ਮਜਬੂਤ ਕਰ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਵਾਹਗਾ ਬਾਰਡਰ ਤੇ ਹੋਏ ਵੱਡੇ ਇਕੱਠ ਨੂੰ ਸੁਬੋਧਨ ਕਰਦੇ ਹੋਏ ਅਤੇ ਇਸ ਇਕੱਠ ਦੀ ਸਮਿਖਿਆ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸਮੁੱਚੇ ਪੰਜਾਬੀਆਂ ਦੀ ਇਸ ਮੁੱਖ ਮੰਗ ਨੂੰ ਇਮਾਨਦਾਰੀ ਨਾਲ ਹੁਕਮਰਾਨ ਪੂਰਨ ਕਰ ਦੇਣ ਤਾਂ ਇਸ ਨਾਲ ਪੰਜਾਬ ਦੇ ਜਿੰਮੀਦਾਰਾਂ ਦੇ ਉਤਪਾਦਾਂ ਦੀ ਜੋ ਕੀਮਤ ਉਨ੍ਹਾਂ ਨੂੰ ਇਸ ਸਮੇ ਕਾਫੀ ਘੱਟ ਮਿਲ ਰਹੀ ਹੈ, ਉਹ ਵੱਧਕੇ ਲਾਭ ਵੱਡਾ ਹੋ ਜਾਵੇਗਾ । ਜਿਵੇ ਇਸ ਸਮੇ ਇੰਡੀਆ ਵਿਚ ਕਣਕ 2400 ਰੁਪਏ ਪ੍ਰਤੀ ਕੁਇੰਟਲ ਹੈ ਤੇ ਪਾਕਿਸਤਾਨ ਵਿਚ 3400 ਰੁਪਏ ਪ੍ਰਤੀ ਕੁਇੰਟਲ ਹੈ । ਜਿੰਮੀਦਾਰ ਨੂੰ ਸਰਹੱਦਾਂ ਖੋਲਣ ਨਾਲ ਇਕ ਕੁਇੰਟਲ ਪਿਛੇ 1000 ਰੁਪਏ ਦਾ ਸਿੱਧਾ ਫਾਇਦਾ ਹੋਵੇਗਾ । ਇਸ ਨਾਲ ਖੇਤ-ਮਜਦੂਰ, ਆੜਤੀਏ, ਟਰਾਸਪੋਰਟਰਾਂ ਦੇ ਲਾਭ ਵੀ ਵੱਧਣਗੇ ਅਤੇ ਇਨ੍ਹਾਂ ਖੇਤਰਾਂ ਵਿਚ ਕੰਮ ਕਰਨ ਦੇ ਮੌਕੇ ਵੱਧਣ ਕਾਰਨ ਵੱਡੀ ਹੱਦ ਤੱਕ ਬੇਰੁਜਗਾਰੀ ਵੀ ਖਤਮ ਹੋਵੇਗੀ। ਦੂਸਰਾ ਜਦੋ ਸਿੱਧੀਆ ਫਸਲਾਂ ਸਰਹੱਦਾਂ ਰਾਹੀ ਬਾਹਰ ਜਾਣਗੀਆ ਤਾਂ ਜੋ ਇਥੋ ਦੇ ਗੋਦਾਮ ਨੱਕੋ ਨੱਕ ਭਰੇ ਪਏ ਹਨ ਅਤੇ ਜਿਨ੍ਹਾਂ ਵਿਚ ਲੰਮੇ ਸਮੇ ਤੋ ਪਈਆ ਫਸਲਾਂ ਸੂਸਰੀ ਅਤੇ ਚੂਹਿਆ ਰਾਹੀ ਵੱਡੀ ਮਾਤਰਾ ਵਿਚ ਖਰਾਬ ਹੋ ਰਹੀ ਹੈ, ਫਿਰ ਖਾਦ ਪਦਾਰਥਾਂ ਦੇ ਅਤੇ ਗੋਦਾਮਾਂ ਨਾਲ ਸੰਬੰਧਤ ਅਧਿਕਾਰੀਆ ਵੱਲੋ 2 ਨੰਬਰ ਵਿਚ ਇਹ ਫਸਲਾਂ ਚੋਰੀ ਕਰਕੇ ਵੇਚੀਆ ਜਾਂਦੀਆ ਹਨ ਅਤੇ ਵੱਡਾ ਘਾਟਾ ਪੈ ਰਿਹਾ ਹੈ । ਉਹ ਵੀ ਖਤਮ ਹੋ ਜਾਵੇਗਾ ।
ਉਨ੍ਹਾਂ ਕਿਹਾ ਕਿ ਮੌਜੂਦਾ ਮੋਦੀ-ਸ਼ਾਹ ਦੀ ਇੰਡੀਅਨ ਹਕੂਮਤ ਮੁਸਲਿਮ ਅਤੇ ਸਿੱਖ ਦੋਵੇ ਘੱਟ ਗਿਣਤੀ ਕੌਮਾਂ ਨਾਲ ਨਫਰਤ ਦੀ ਨੀਤੀ ਅਧੀਨ ਅਮਲ ਕਰ ਰਹੀ ਹੈ । ਜੋ ਵਕਫ ਬੋਰਡ ਸੰਬੰਧੀ ਨਵਾਂ ਕਾਨੂੰਨ ਲਿਆਕੇ ਮੁਸਲਿਮ ਕੌਮ ਦੀਆਂ ਦਾਨ ਕੀਤੀਆ ਜਾਇਦਾਦਾਂ ਤੇ ਹੁਕਮਰਾਨਾਂ ਵੱਲੋ ਕਬਜੇ ਕਰਨ ਦੀ ਮੰਦਭਾਵਨਾ ਹੈ, ਉਸ ਉਤੇ ਅੱਜ ਸੁਪਰੀਮ ਕੋਰਟ ਨੇ ਫੈਸਲਾ ਦੇਣਾ ਹੈ । ਕਹਿਣ ਤੋ ਭਾਵ ਹੈ ਕਿ ਹੁਕਮਰਾਨ ਜੋ ਦੋਵੇ ਘੱਟ ਗਿਣਤੀ ਕੌਮਾਂ ਨਾਲ ਜ਼ਬਰ ਕਰਦੇ ਆ ਰਹੇ ਹਨ, ਉਸਦਾ ਅੰਤ ਕਰਨ ਲਈ ਪੰਜਾਬੀਆਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਇਕੱਤਰ ਹੋ ਕੇ ਹੁਕਮਰਾਨਾਂ ਦੇ ਜ਼ਬਰ ਵਿਰੁੱਧ ਜੂਝਣਾ ਪਵੇਗਾ । ਕਿਉਂਕਿ ਸਾਡੇ ਵਪਾਰੀਆ, ਕਾਰਖਾਨੇਦਾਰਾਂ ਵੱਲੋ ਜੋ ਮਸੀਨਾਂ, ਟਰੈਕਟਰ ਅਤੇ ਹੋਰ ਖੇਤੀ ਔਜਾਰ ਬਣਾਏ ਜਾ ਰਹੇ ਹਨ, ਉਨ੍ਹਾਂ ਨੂੰ ਇਥੋ ਗੁਜਰਾਤ ਲਿਜਾਕੇ ਕਰਾਂਚੀ ਰਾਹੀ ਦੂਜੇ ਮੁਲਕਾਂ ਵਿਚ ਭੇਜਕੇ ਉਨ੍ਹਾਂ ਦੀ ਲਾਗਤ ਕੀਮਤ ਵਧਾਈ ਜਾ ਰਹੀ ਹੈ ਅਤੇ ਉਤਪਾਦਕਾਂ ਦੇ ਲਾਭ ਨੂੰ ਸੱਟ ਮਾਰੀ ਜਾ ਰਹੀ ਹੈ । ਜਦੋਕਿ ਵਾਹਗਾ ਬਾਰਡਰ ਤੋ ਲਾਹੌਰ ਕਰਾਂਚੀ 15 ਕਿਲੋਮੀਟਰ ਦੀ ਦੂਰੀ ਤੇ ਹਨ । ਇਥੋ ਸਰਹੱਦਾਂ ਖੁੱਲ੍ਹਣ ਨਾਲ ਜਿਥੇ ਉਤਪਾਦਕਾਂ ਦਾ ਲਾਭ ਵੱਧੇਗਾ, ਉਥੇ ਖਰੀਦ ਕਰਤਾ ਦੇ ਲਾਭ ਵਿਚ ਵੀ ਵਾਧਾ ਹੋਵੇਗਾ ।
ਉਨ੍ਹਾਂ ਕਿਹਾ ਜਿਥੋ ਤੱਕ ਸ. ਪ੍ਰਤਾਪ ਸਿੰਘ ਬਾਜਵੇ ਵੱਲੋ ਦਿੱਤੇ ਬਿਆਨ ਦਾ ਸੰਬੰਧ ਹੈ, ਸ. ਬਾਜਵਾ ਵੀ ਪਾਕਿਸਤਾਨ ਤੋ ਹਨ, ਮੈਂ ਵੀ ਪਾਕਿਸਤਾਨ ਤੋ ਹਾਂ । ਪਾਕਿਸਤਾਨ ਸਾਡੀ ਧਰਤੀ ਹੈ । ਵੱਡੀ ਗਿਣਤੀ ਵਿਚ ਇੱਧਰ ਦੇ ਬਸਿੰਦੇ ਪਾਕਿਸਤਾਨ ਤੋ ਹੀ ਆਏ ਹੋਏ ਹਨ । ਸਾਡੇ ਗੁਰੂਘਰ ਵੱਡੀ ਗਿਣਤੀ ਵਿਚ ਪਾਕਿਸਤਾਨ ਵਿਚ ਹਨ । ਜਿਨ੍ਹਾਂ ਦੀ ਅਸੀ ਦੋਵੇ ਸਮੇ ਅਰਦਾਸ ਵਿਚ ਦਰਸਨ ਦੀਦਾਰਿਆ ਦੀ ਗੱਲ ਕਰਦੇ ਹਾਂ । ਸਾਡਾ ਸੱਭਿਆਚਾਰ, ਵਿਰਸਾ, ਵਿਰਾਸਤ, ਬੋਲੀ-ਭਾਸ਼ਾ ਸਭ ਇਕ ਹਨ । ਜਦੋ ਠੰਡੇ ਮੁਲਕਾਂ ਵਿਚੋ ਹਰ ਸਾਲ ਚੰਡੀਗੜ੍ਹ ਦੀ ਝੀਲ ਤੇ ਹੋਰ ਪੰਜਾਬ ਦੀਆਂ ਝੀਲਾਂ ਉਤੇ ਵੱਡੀ ਗਿਣਤੀ ਵਿਚ ਦੂਰ ਦੁਰਾਡਿਓ ਪੰਛੀ ਆਉਦੇ ਹਨ ਅਤੇ ਉਹ ਫਿਰ ਆਪਣੇ ਘਰ ਵਾਪਸ ਚਲੇ ਜਾਂਦੇ ਹਨ ਤਾਂ ਸਾਨੂੰ ਆਪਣੇ ਪਾਕਿਸਤਾਨ ਵਿਚ ਜਾਣ ਤੋ ਕਿਸ ਗੱਲ ਦੀ ਪਾਬੰਦੀ ਹੈ ? ਜੋ ਧਰਮਾਂ ਦੀ ਨਫਰਤ ਖੜ੍ਹੀ ਕੀਤੀ ਜਾ ਰਹੀ ਹੈ, ਉਹ ਮੋਦੀ-ਸ਼ਾਹ ਵਰਗੇ ਉਨ੍ਹਾਂ ਹੁਕਮਰਾਨਾਂ ਵੱਲੋ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਆਤਮਾ ਵਿਚ ਅੱਜ ਔਰੰਗਜੇਬ ਦੀ ਰੂਹ ਵੜਕੇ ਵਾਸ ਕਰ ਰਹੀ ਹੈ। ਅਜਿਹਾ ਇਨ੍ਹਾਂ ਨੇ ਹਿੰਦੂਤਵ ਸੋਚ ਅਤੇ ਮਜ੍ਹਬ ਕਰਕੇ ਕੀਤਾ ਹੈ । ਜਦੋ ਸਰਹੱਦਾਂ ਖੁੱਲ੍ਹ ਜਾਣਗੀਆ ਤਾਂ ਇਹ ਵਿਤਕਰੇ ਖੁਦ ਬ ਖੁਦ ਖਤਮ ਹੋ ਜਾਣਗੇ । ਦੋਵੇ ਮੁਲਕਾਂ ਦੇ ਨਿਵਾਸੀਆ ਵਿਚ ਵੱਸਣ ਵਾਲੀਆ ਕੌਮਾਂ ਭਾਵੇ ਉਹ ਹਿੰਦੂ ਹੋਣ, ਮੁਸਲਮਾਨ ਹੋਣ, ਸਿੱਖ ਹੋਣ, ਇਸਾਈ ਹੋਣ ਸਭਨਾਂ ਵਿਚ ਪਿਆਰ ਮੁਹੱਬਤ ਦੀ ਤੰਦ ਮਜਬੂਤ ਹੋਵੇਗੀ । ਵਪਾਰ ਵਿਚ ਵਾਧਾ ਹੋਵੇਗਾ । ਜਿਸ ਸੋਚ ਉਤੇ ਅੱਜ ਸਮੁੱਚੇ ਸੰਸਾਰ ਦੀ ਗੱਲ ਵੱਧ ਰਹੀ ਹੈ ਅਤੇ ਜਿਸ ਨੂੰ ਗੁਰਬਾਣੀ ਨੇ ਵੀ ਜੋਰ ਦੇ ਕੇ ਇਨਸਾਨੀਅਤ ਨੂੰ ਸੁਨੇਹਾ ਦਿੱਤਾ ਹੈ “ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ” ਦੇ ਮਹਾਵਾਕ ਅਨੁਸਾਰ ਪ੍ਰੇਮ ਮੁਹੱਬਤ ਦੇ ਰਾਹ ਰਾਹੀ ਹੀ ਵਿਛੜਿਆ ਨੂੰ ਮਿਲਾਇਆ ਜਾ ਸਕਦਾ ਹੈ । ਕਿਉਂਕਿ ਬਹੁਤ ਸਾਰੇ ਇੱਧਰ ਦੇ ਪਰਿਵਾਰ ਉਧਰ ਰਹਿ ਗਏ ਹਨ । ਉੱਧਰ ਵਾਲੇ ਪਰਿਵਾਰ ਇੱਥੇ ਰਹਿ ਰਹੇ ਹਨ । ਜੋ ਲੰਮੇ ਸਮੇ ਤੋ ਨਹੀ ਮਿਲ ਸਕੇ । ਜਦੋ ਇਹ ਵਰਤਾਰਾ ਅਮਲੀ ਰੂਪ ਵਿਚ ਲੋਕਾਂ ਦੀਆਂ ਭਾਵਨਾਵਾ ਨੂੰ ਮੁੱਖ ਰੱਖਕੇ ਹੁਕਮਰਾਨ ਪੂਰਾ ਕਰ ਦੇਣਗੇ ਤਾਂ ਦੋਵਾਂ ਮੁਲਕਾਂ ਦੇ ਨਿਵਾਸੀਆ ਦੇ ਅਮਨ ਚੈਨ ਵਿਚ ਮਜਬੂਤੀ ਆਵੇਗੀ ਅਤੇ ਦੋਵਾਂ ਮੁਲਕਾਂ ਦੇ ਨਿਵਾਸੀਆ ਦੇ ਵਪਾਰ ਵੱਧਣ ਨਾਲ ਦੋਵਾਂ ਦੀ ਆਰਥਿਕਤਾ ਪ੍ਰਫੁੱਲਿਤ ਹੋਵੇਗੀ ਅਤੇ ਜੋ ਬੀਜ ਹਿੰਦੂਤਵ ਹੁਕਮਰਾਨਾਂ ਵੱਲੋ ਨਫਰਤ ਦੇ ਪੈਦਾ ਕੀਤੇ ਜਾ ਰਹੇ ਹਨ, ਉਸਦਾ ਵੀ ਇਸ ਅਮਲ ਰਾਹੀ ਅੰਤ ਕਰਨ ਵਿਚ ਮਦਦ ਮਿਲੇਗੀ ।