ਨਵੀਂ ਦਿੱਲੀ - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੇ ਮੌਕੇ ਤੇ ਗੁਰੂ ਨਾਨਕ ਪਬਲਿਕ ਸਕੂਲ ਪੀਤਮਪੁਰਾ ਨੇ 'ਅਸੀਸ' ਦੀ ਨਵੀਂ ਸ਼ਾਖਾ ਦਾ ਉਦਘਾਟਨ ਕੀਤਾ । ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਲਾਹੀ ਬਾਣੀ ਗਾਇਣ ਉਪਰੰਤ ਅਰਦਾਸ ਕਰਦੇ ਹੋਏ ਇਸ ਨੇਕ ਕਾਰਜ ਲਈ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ ਗਿਆ। ਗੁਰੂ ਨਾਨਕ ਪਬਲਿਕ ਸਕੂਲ ਪੰਜਾਬੀ ਬਾਗ ਦੇ ਚੇਅਰਮੈਨ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੰਜਾਬੀ ਬਾਗ ਦੇ ਜਰਨਲ ਸਕੱਤਰ ਗੁਰਇੰਦਰ ਪਾਲ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ 'ਅਸੀਸ' ਦੀ ਦੂਜੀ ਸ਼ਾਖਾ ਆਰੰਭ ਕੀਤੀ ਗਈ ਹੈ। 'ਅਸੀਸ' ਵਿਸ਼ੇਸ਼ ਬੱਚਿਆਂ ਲਈ ਇੱਕ ਸੁਰੱਖਿਤ ਸਥਾਨ ਹੈ। ਇਹ ਇੱਕ ਸੋਚ ਹੀ ਨਹੀਂ ਇਕ ਜਜ਼ਬਾ ਵੀ ਹੈ ਕਿਉਕਿ ਇੱਥੇ ਵਿਸ਼ੇਸ਼ ਬੱਚਿਆਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਕੀਤਾ ਜਾਵੇਗਾ ਜਿਸ ਨਾਲ ਹਰ ਵਿਦਿਆਰਥੀ ਨੂੰ ਪਿਆਰ ਅਤੇ ਸਵੀਕਾਰਤਾ ਮਿਲੇਗੀ। ਵਿਦਿਆਰਥੀਆਂ ਨੂੰ 'ਕਿੱਤਾ ਮੁਖੀ ਗਤੀਵਿਧੀਆਂ ' ਨਾਲ ਆਤਮ ਨਿਰਭਰ ਵੀ ਬਣਾਇਆ ਜਾਵੇਗਾ। ਇਸ ਮੌਕੇ ਤੇ ਬਹੁਤ ਸਾਰੀਆਂ ਸੰਗਤਾਂ ਨੇ ਹਾਜਰੀ ਭਰੀ। ਗੁਰੂ ਨਾਨਕ ਪਬਲਿਕ ਸਕੂਲ ਪੰਜਾਬੀ ਬਾਗ ਅਤੇ ਗੁਰੂ ਨਾਨਕ ਪਬਲਿਕ ਸਕੂਲ ਪੀਤਮਪੁਰਾ ਦੋਹਾਂ ਸਕੂਲਾਂ ਦੀ ਪ੍ਰਬੰਧਕ ਕਮੇਟੀਆਂ ਵੱਲੋਂ ਆਏ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਦੇ ਮਾਤਾ ਪਿਤਾ ਅਤੇ ਆਈਆਂ ਸੰਗਤਾਂ ਨੇ 'ਅਸੀਸ 'ਦਾ ਦੌਰਾ ਵੀ ਕੀਤਾ ਗਿਆ। ਇੱਥੇ ਵਿਸ਼ੇਸ਼ ਬੱਚਿਆਂ ਲਈ ਜੋ ਸਹੂਲਤਾਂ ਦਿੱਤੀਆਂ ਗਈਆਂ ਹਨ ਸਾਰਿਆਂ ਨੇ ਹੀ ਉਸਦੀ ਸਲਾਘਾ ਕੀਤੀ । ਇਸ ਮੌਕੇ ਤੇ 'ਅਸੀਸ' ਦੇ ਵਿਦਿਆਰਥੀਆਂ ਵੱਲੋਂ ਲੋਕ ਨਾਚ ਵੀ ਪੇਸ਼ ਕੀਤਾ ਗਿਆ, ਜਿਸ ਨੇ ਸਭ ਦਾ ਮਨ ਮੋਹ ਲਿਆ। 'ਅਸੀਸ' ਦੇ ਇੰਚਾਰਜ ਹਰਮੀਤ ਕੌਰ, ਅਧਿਆਪਕਾਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਉਹ ਸਮਾਜ ਵਿਕਾਸ ਅਤੇ ਸਮਾਜ ਕਲਿਆਣ ਲਈ ਸਦਾ ਤਿਆਰ ਬਰ ਤਿਆਰ ਹਨ। ਸਾਰਿਆਂ ਲਈ ਹੀ ਇਹ ਪਲ, ਬਹੁਤ ਹੀ ਭਾਵੁਕ ਪਲ ਸਨ। ਅਸੀਸ ਦੇ ਉਦਘਾਟਨ ਮੌਕੇ ਤੇ ਗੁਰੂ ਨਾਨਕ ਪਬਲਿਕ ਸਕੂਲ ਪੰਜਾਬੀ ਬਾਗ ਦੇ ਚੇਅਰਮੈਨ ਗੁਰਇੰਦਰ ਪਾਲ ਸਿੰਘ, ਕੁਲਦੀਪ ਸਿੰਘ ਲਾਇਲਪੁਰੀ (ਮੈਨੇਜਰ), ਗੁਰਵਿੰਦਰ ਸਿੰਘ ਸੱਭਰਵਾਲ (ਵਿੱਤ ਸਕੱਤਰ), ਗੁਰੂ ਨਾਨਕ ਪਬਲਿਕ ਸਕੂਲ ਪੀਤਮਪੁਰਾ ਦੇ ਚੇਅਰਮੈਨ ਦਲਜੀਤ ਸਿੰਘ ਬਿੰਦਰਾ, ਜਸਬੀਰ ਸਿੰਘ ਚਾਵਲਾ (ਮੈਨੇਜਰ), ਏ. ਪੀ. ਸਿੰਘ ਆਹੂਜਾ (ਵਿੱਤ ਸਕੱਤਰ), ਹਰਵਿੰਦਰ ਸਿੰਘ ਚਾਵਲਾ (ਕੋਹਾਟ ਇਨਕਲੇਵ), ਅੰਮ੍ਰਿਤਾ ਕੌਰ (ਬੇਬੇ ਨਾਨਕੀ ਐਨ.ਜੀ.ਓ) ਬਲਜੀਤ ਸਿੰਘ ਮਰਵਾਹ (ਸੈਨਿਕ ਵਿਹਾਰ), ਰਵਿੰਦਰ ਕੌਰ (ਉਪ ਪ੍ਰਿੰਸੀਪਲ, ਗੁਰੂ ਨਾਨਕ ਪਬਲਿਕ ਸਕੂਲ, ਪੀਤਮਪੁਰਾ) ਨੇ ਵੀ ਹਾਜਰੀ ਭਰੀ।