ਅੰਮ੍ਰਿਤਸਰ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਬਾਬਾ ਬਘੇਲ ਸਿੰਘ ਦਾ ਸਲਾਨਾ ਧਾਰਮਿਕ ਗੁਰਮਤਿ ਸਮਾਗਮ ਇਤਿਹਾਸਕ ਲਾਲ ਕਿਲ੍ਹੇ `ਤੇ ਮਨਾਇਆ ਗਿਆ। ਇਸ ਸਮਾਗਮ ਵਿਚ ਅਕਾਲੀ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅਕਾਲੀ ਫੌਜਾਂ ਦੇ ਦਲਪੰਥ ਸਮੇਤ ਫਤਿਹ ਦਿਵਸ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ਤੋਂ ਇਲਾਵਾ ਨਿਹੰਗ ਸਿੰਘ ਦਲਾਂ ਦੇ ਮੁਖੀ ਸਾਹਿਬਾਨ, ਬਾਬਾ ਜੋਗਾ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਦਲਪੰਥ ਬਾਬਾ ਬਿਧੀ ਚੰਦ ਸਾਹਿਬ ਸੁਰ ਸਿੰਘ ਵੱਲੋਂ ਬਾਬਾ ਨਿਹਾਲ ਸਿੰਘ, ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਇਹ ਦਿਲੀ ਫਤਹਿ ਦਿਵਸ ਨੂੰ ਸਮਰਪਿਤ ਫਤਹਿ ਜਰਨੈਲੀ ਮਾਰਚ ਛੱਤਾ ਪੁੱਲ ਤੋਂ ਅਰੰਭ ਹੋ ਕੇ ਲਾਲ ਕਿਲ੍ਹੇ ਤੀਕ ਸਜਾਇਆ ਗਿਆ। ਇਸ ਜਰਨੈਲੀ ਫਤਹਿ ਮਾਰਚ ਵਿੱਚ ਬੁੱਢਾ ਦਲ ਵੱਲੋਂ ਹਾਥੀ, ਊਠ, ਘੋੜੇ ਵਿਸ਼ੇਸ਼ ਤੌਰ ਸ਼ਿੰਗਾਰੇ ਹੋਏ ਸ਼ਾਮਲ ਸਨ। ਨਿਹੰਗ ਸਿੰਘ ਅਕਾਲੀ ਫੌਜਾਂ ਵੱਲੋਂ ਖਾਲਸਾਈ ਜੈਕਾਰੇ ਗੂੰਜਾਉਂਦਾ ਇਹ ਫਤਹਿ ਮਾਰਚ ਵੱਖ-ਵੱਖ ਪੁਰਾਤਨ ਮਾਰਗਾਂ ਤੋਂ ਹੁੰਦਾ ਹੋਇਆ ਰਾਤ ਦੇਰ ਲਾਲ ਕਿਲ੍ਹੇ ਸੰਪੂਰਨ ਹੋਇਆ।
ਦਿਲੀ ਸਿੱਖ ਗੁ: ਮੈਨੇਜਮੈਂਟ ਕਮੇਟੀ ਵੱਲੋਂ ਲਾਲ ਕਿਲ੍ਹੇ ਸਾਹਮਣੇ ਅਯੋਜਿਤ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਬਹੁਤ ਹੀ ਮਹੱਤਵਪੂਰਨ ਤੇ ਸਿੱਖ ਕੌਮ ਦੀ ਚੜ੍ਹਦੀਕਲਾ ਵਾਲਾ ਇਤਿਹਾਸਕ ਦਿਹਾੜਾ ਅਸੀਂ ਸਾਰੇ ਸੰਗਤੀ ਰੂਪ ਵਿੱਚ ਮਨਾ ਰਹੇ ਹਾਂ। ਮੁਗ਼ਲ ਸਮਰਾਜ ਦੀਆਂ ਚੂਲਾਂ ਹਲਾਉਣ ਤੇ ਪੁੱਟਣ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਦੂਲੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਹੋਰ ਸਿੱਖ ਜਰਨੈਲਾਂ ਨੇ ਦਿੱਲੀ ਦੀ ਇੱਟ ਨਾਲ ਇੱਟ ਵਜ਼ਾ ਛੱਡੀ। ਦਿਲੀ ਤਖ਼ਤ ਜਿਸ ਤੇ ਬੈਠ ਹੁਕਮਰਾਨ ਸਿੱਖ ਕੌਮ ਵਿਰੁੱਧ ਫੁਰਮਾਨ ਜਾਰੀ ਕਰਦੇ ਹੁੰਦੇ ਸਨ ਸਿੱਖ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਨੇ ਪੁੱਟ ਕੇ ਅੰਮ੍ਰਿਤਸਰ ਲਿਆ ਸੁਸ਼ੋਭਤ ਕੀਤਾ। ਉਨ੍ਹਾਂ ਕਿਹਾ ਇਨ੍ਹਾਂ ਸੂਰਬੀਰਾਂ ਜਰਨੈਲਾਂ ਨੇ ਦਿਲੀ ਨੂੰ ਆਪਣੇ ਬਲ ਬਾਹੂ ਨਾਲ 19 ਵਾਰ ਲੁਟਿਆ ਅਤੇ ਇਸ ਤੇ ਕਾਬਜ਼ ਹੋਏ। ਦਿਲੀ ਗੁ: ਮੈਨੇਜਮੈਂਟ ਕਮੇਟੀ ਵੱਲੋਂ ਹਰ ਸਾਲ ਇਹ ਦਿਹਾੜਾ ਮਨਾਇਆ ਜਾਣਾ ਬਹੁਤ ਹੀ ਪ੍ਰਸ਼ੰਸਾਜਨਕ ਤੇ ਕੌਮੀ ਉਤਸ਼ਾਹ ਵਾਲਾ ਉਪਰਾਲਾ ਹੈ। ਜਥੇਬੰਦੀਆਂ ਵੀ ਇਸ ਸਮਾਗਮਾਂ ਵਿੱਚ ਕੌਮੀ ਜਜਬੇ ਭਰਪੂਰ ਸ਼ਾਮਲ ਹੁੰਦੀਆਂ ਹਨ। ਇਸ ਮੌਕੇ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਤੇ ਹੋਰ ਸਖ਼ਸ਼ੀਅਤਾਂ ਵੱਲੋਂ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੂੰ ਵਿਸ਼ੇਸ਼ ਤੌਰ ਤੇ ਸ੍ਰੀ ਸਾਹਿਬ, ਦੋਸ਼ਾਲਾ, ਸਿਰਪਾਓ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਬੁੱਢਾ ਦਲ ਪਾਸ ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲਾਂ ਦੇ ਪੁਰਾਤਨ ਇਤਿਹਾਸਕ ਸ਼ਸਤਰਾਂ ਦੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਸੰਗਤਾਂ ਨੂੰ ਦਰਸ਼ਨ ਕਰਵਾਏ ਅਤੇ ਸ਼ਸਤਰਾਂ ਦਾ ਇਤਿਹਾਸ ਵੀ ਸੰਗਤਾਂ ਨਾਲ ਸਾਂਝਾ ਕੀਤਾ।
ਇਸ ਸਮਾਗਮ ਵਿੱਚ ਦਿਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਕੈਬਨਿਟ ਮੰਤਰੀ ਸ. ਮਨਜਿੰਦਰ ਸਿੰਘ ਸਿਰਸਾ, ਦਿਲੀ ਕਮੇਟੀ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ, ਸ੍ਰੀ ਮਤੀ ਕਮਲਜੀਤ ਸਾਹਿਰਾਵਤ ਮੈਂਬਰ ਪਾਰਲੀਮੈਂਟ, ਧਰਮ ਪ੍ਰਚਾਰ ਕਮੇਟੀ ਦੇ ਮੁਖੀ ਸ. ਜਸਪ੍ਰੀਤ ਸਿੰਘ ਕਰਮਸਰ, ਮੀਤ ਪ੍ਰਧਾਨ ਸ. ਆਤਮਾ ਸਿੰਘ ਲੁਬਾਣਾ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਲੱਖਾ ਸਿੰਘ ਨਾਨਕਸਰ, ਬਾਬਾ ਮਨਮੋਹਣ ਸਿੰਘ ਬਾਰਨਵਾਲੇ ਵਿਸ਼ੇਸ਼ ਤੌਰ ਸ਼ਾਮਲ ਸਨ। ਇਸ ਸਮਾਗਮ ਵਿੱਚ ਰਾਜਸੀ ਧਾਰਮਿਕ ਤੇ ਸਮਾਜਕ ਸਖਸ਼ੀਅਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਸਨ।