ਨਵੀਂ ਦਿੱਲੀ- ਪਹਿਲਗਾਮ ’ਚ 26 ਨਿਰਦੋਸ਼ ਸੈਲਾਨੀਆਂ ਦਾ ਕਤਲੇਆਮ ਇਕ ਭਿਆਨਕ ਵਰਤਾਰਾ ਅਤੇ ਹਕੂਮਤ ’ਤੇ ਇਕ ਕਲੰਕ ਹੈ, ਅਸਲ ’ਚ ਮੁਸਲਮਾਨਾਂ ਸਮੇਤ ਘੱਟ ਗਿਣਤੀਆਂ ਨੂੰ ਉਜਾੜਨ, ਮਾਰਨ, ਉਹਨਾਂ ਦੇ ਧਾਰਮਿਕ ਸਥਾਨ ਤਬਾਹ ਕਰਨ ਦੀ ਇੱਕ ਬੁਨਿਆਦ ਤੇ ਕੜੀ ਤਹਿਤ ਕਰਵਾਇਆ ਗਿਆ ਅਣਮਨੁੱਖੀ ਤੇ ਸਾਜ਼ਿਸੀ ਕਾਰਾ ਹੈ। ਇਹ ਬਿਲਕੁੱਲ ਉਸ ਤਰ੍ਹਾਂ ਹੀ ਜਿਵੇਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਸੀ। ਸਟੇਟ ਇਕ ਤੀਰ ਨਾਲ ਕਈ ਸ਼ਿਕਾਰ ਕਰ ਰਹੀ ਹੈ, ਇਸ ਤੋਂ ਬਾਅਦ ਭਵਿੱਖ ’ਚ ਘੱਟ ਗਿਣਤੀਆਂ ਨੂੰ ਖ਼ਤਮ ਕਰਨ ਦੇ ਵਰਤਾਰੇ ਨੂੰ ਪਹਿਲਗਾਮ ’ਚ ਸੈਲਾਨੀਆਂ ਦੇ ਕਤਲੇਆਮ ਰਾਹੀ ਹਮਦਰਦੀ ਵਟੋਰਨ ਦੀ ਤਾਕ ’ਚ ਹੈ, ਕਿਉਂਕਿ ਇਸ ਤੋਂ ਪਹਿਲਾਂ ਵਿਦੇਸ਼ਾਂ ’ਚ ਸਿੱਖਾਂ ਦੇ ਕਤਲੇਆਮ ਖਾਸ ਕਰਕੇ ਭਾਈ ਨਿੱਝਰ ਦੀ ਸ਼ਹੀਦੀ ਹਿੰਦ ਸਟੇਟ ਲਈ ਗਲ਼ ਦੀ ਹੱਡੀ ਬਣੀ ਹੋਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖ਼ਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ, ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਤੇ ਜਥੇਬੰਦੀ ਦੇ ਆਗੂਆਂ ਨੇ ਜਾਰੀ ਇਕ ਪ੍ਰੈਸ ਨੋਟ ਵਿੱਚ ਕੀਤਾ। ਦਲ ਖ਼ਾਲਸਾ ਦੀ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਕਾਰਜਕਾਰੀ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ, ਭਾਈ ਰਾਮ ਸਿੰਘ ਢਪਾਲੀ, ਭਾਈ ਭਗਵਾਨ ਸਿੰਘ ਸੰਧੂ ਖੁਰਦ ਨੇ ਕਿਹਾ ਕਿ ਸੰਨ 2000 ਵਿੱਚ ਉਸ ਸਮੇਂ ਦੇ ਅਮਰੀਕੀ ਰਾਸਟਰਪਤੀ ਬਿਲ ਕਲਿੰਟਣ ਦੇ ਭਾਰਤੀ ਦੌਰੇ ਦੌਰਾਨ ਚਿੱਠੀ ਸਿੰਘਪੁਰਾ ਵਿੱਚ 36 ਨਿਰਦੋਸ਼ ਸਿੱਖਾਂ ਦੀ ਹੱਤਿਆ ਕੀਤੀ ਗਈ ਸੀ ਜਿਸ ’ਤੇ ਬਿਲ ਕਲਿੰਟਣ ਨੇ ਮਾਯੂਸ ਹੁੰਦਿਆ ਬਿਆਨ ਦਿੱਤਾ ਸੀ ਕਿ ਜੇ ਉਹ ਭਾਰਤ ਨਾ ਆਉਂਦੇ ਤਾਂ 36 ਨਿਰਦੋਸ਼ ਸਿੱਖਾਂ ਦੀ ਜਾਨ ਬਚ ਜਾਣੀ ਸੀ ਤੇ ਇਸ ਵੇਲੇ ਵੀ ਅਮਰੀਕਾ ਦਾ ਉਪ ਰਾਸਟਰਪਤੀ ਭਾਰਤੀ ਦੌਰੇ ’ਤੇ ਹੈ। ਇਸ ਕਤਲੇਆਮ ਤੇ ਪੁਲਵਾਮਾ ਹਮਲੇ ਦੀ ਨਿਰਪੱਖਤਾ ਨਾਲ ਕੋਈ ਜਾਂਚ ਨਹੀਂ ਹੋਈ, ਕਿਉਂਕਿ ਹਿੰਦ ਹਕੂਮਤ ਨਿਰਦੋਸ਼ ਲੋਕਾਂ ਦੇ ਕਲਤੇਆਮ ਕਰਵਾ ਕੇ ‘ਦੇਸ਼ ਦੀ ਏਕਤਾ’, ‘ਰਾਸਟਰ ਦੀ ਰੱਖਿਆ’, ‘ਅੱਤਵਾਦ ਦਾ ਖਾਤਮਾ’ ਦਾ ਪ੍ਰਚਾਰ ਕਰਕੇ ਤੇ ਇਸ ਦੇ ਨਾਂ ’ਤੇ ਮੁਸਲਮਾਨਾਂ, ਸਿੱਖਾਂ, ਹੱਕ ਮੰਗਦੀ ਜਨਤਾ, ਕਾਰਪੋਰੇਟ ਤੋਂ ਦੁਖੀ ਵਰਗ, ਆਦਿ ਵਾਸੀਆਂ ਤੇ ਹੋਰ ਘੱਟ ਗਿਣਤੀਆਂ ਦਾ ਵਢਾਗਾ ਕਰਨ ਦੀ ਤਿਆਰੀ ਵਿੱਚ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਮਾਨਸਿਕਤਾ ’ਚ ਫਿਰਕੂ ਨਫ਼ਰਤ, ਧਰਮਾਂ ਪ੍ਰਤੀ ਜ਼ਹਿਰ ਭਰਨ ਦਾ ਕੰਮ ਰਾਸਟਰਵਾਦੀ ਮੀਡੀਆ ਆਪਣੀ ਮਾਰੂ ਭੂਮਿਕਾ ਨਿਭਾਅ ਕੇ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਿਥੇ ਅਸੀਂ ਵਾਹਿਗੁਰੂ ਅੱਗੇ ਨਿਰਦੋਸ਼ ਆਮ ਲੋਕਾਂ ਦੀਆਂ ਆਤਮਾ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸਣ, ਅੱਗੇ ਤੋਂ ਅਜਿਹਾ ਕਤਲੇਆਮ ਨਾ ਹੋਣ ਦੀ ਅਰਦਾਸ ਕਰਦੇ ਹਾਂ, ਦੂਜੇ ਪਾਸੇ ਆਮ ਲੋਕਾਈ ਨੂੰ ਵੀ ਇਸ ਨੂੰ ਸੂਖਮਤਾ ਤੇ ਡੂੰਘਾਈ ਨਾਲ ਵੇਖਣ ਤੇ ਸਮਝਣ ਦੀ ਅਪੀਲ ਕਰਦੇ ਹਾਂ।