ਨਵੀਂ ਦਿੱਲੀ -ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਮੈਡੀਕਲ, ਵਪਾਰ, ਐਂਟਰੀ ਅਤੇ ਕਾਨਫਰੰਸ ਵਰਗੀਆਂ ਜ਼ਰੂਰੀ ਸ਼੍ਰੇਣੀਆਂ ਲਈ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਫੈਸਲੇ ਲਈ ਵਿਦੇਸ਼ ਮੰਤਰਾਲੇ (MEA) ਦਾ ਧੰਨਵਾਦ ਕੀਤਾ।
ਸ੍ਰ. ਸਾਹਨੀ ਜੋ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਯਤਨਾਂ ਦੀ ਪੈਰਵੀ ਕਰ ਰਹੇ ਹਨ, ਨੇ ਕਿਹਾ ਕਿ ਇਹ ਮਹੱਤਵਪੂਰਨ ਕਦਮ ਦੋਵਾਂ ਦੇਸ਼ਾਂ ਦੇ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਕੀਤੀਆਂ ਗਈਆਂ ਕਈ ਬੇਨਤੀਆਂ ਦੇ ਹੁੰਗਾਰੇ ਵਜੋਂ ਲਿਆ ਗਿਆ ਹੈ। ਇਨ੍ਹਾਂ ਸ਼੍ਰੇਣੀਆਂ ਦੀ ਮਹੱਤਤਾ ਨੂੰ ਸਵੀਕਾਰ ਕਰਦੇ ਹੋਏ ਸ੍ਰ. ਸਾਹਨੀ ਨੇ ਬੇਨਤੀ ਕੀਤੀ ਹੈ ਕਿ ਜ਼ਰੂਰੀ ਕੰਮਾਂ ਲਈ ਫੌਰੀ ਈ-ਵੀਜ਼ਾ ਨੂੰ ਵੀ ਦੁਬਾਰਾ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਇਸ ਹਾਂ ਪੱਖੀ ਫੈਸਲੇ ਦੇ ਮੱਦੇਨਜ਼ਰ, ਸ. ਸਾਹਨੀ ਨੇ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਵਿੱਚ ਆਪਣੀ ਭੂਮਿਕਾ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਸਬੰਧਾਂ ਦੀ ਸਦਭਾਵਨਾ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਸਿਰਫ਼ ਸਰਕਾਰਾਂ ਦੀ ਹੀ ਨਹੀਂ ਸਗੋਂ ਗੁਰਦੁਆਰਿਆਂ ਸਮੇਤ ਪ੍ਰਵਾਸੀ ਲੋਕਾਂ ਦੀ ਵੀ ਹੈ। ਸ੍ਰ. ਸਾਹਨੀ ਨੇ ਭਾਰਤ-ਕੈਨੇਡੀਅਨ ਸਬੰਧਾਂ ਦੀ ਬਿਹਤਰੀ ਲਈ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਭਾਈਚਾਰੇ ਨੂੰ ਇਨ੍ਹਾਂ ਯਤਨਾਂ ਵਿੱਚ ਇੱਕ ਸਰਗਰਮ ਅਤੇ ਸਕਾਰਾਤਮਕ ਭੂਮਿਕਾ ਨਿਭਾਉਣ ਲਈ ਵੀ ਕਿਹਾ ਹੈ।