ਨਵੀਂ ਦਿੱਲੀ-ਪੰਜਾਬ ਤੋਂ ਰਾਜ ਸਭਾ ਮੈਂਬਰ ਸ੍ਰ. ਵਿਕਰਮਜੀਤ ਸਿੰਘ ਸਾਹਨੀ ਨੇ ਪਿਛਲੇ ਮਹੀਨੇ ਭਾਰਤ ਤੋਂ ਕਿੰਨੂ ਦੀ ਦਰਾਮਦ 'ਤੇ ਕਸਟਮ ਡਿਊਟੀ ਵਧਾਉਣ ਦੇ ਬੰਗਲਾਦੇਸ਼ ਸਰਕਾਰ ਦੇ ਫੈਸਲੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨਾਲ ਸੰਪਰਕ ਕੀਤਾ ਸੀ।
ਸ੍ਰ. ਸਾਹਨੀ ਨੇ ਕਿਹਾ ਕਿ ਕਸਟਮ ਡਿਊਟੀ ਵਿੱਚ ਭਾਰੀ ਵਾਧੇ ਕਾਰਨ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਤੋਂ ਬਰਾਮਦ ਵਿੱਚ ਭਾਰੀ ਕਮੀ ਆਈ ਹੈ, ਜਿਸ ਕਾਰਨ ਕਿਸਾਨ ਪ੍ਰੇਸ਼ਾਨੀ ਵਿੱਚ ਹਨ। ਬੰਗਲਾਦੇਸ਼ ਵੱਲੋਂ ਕਿੰਨੂ ਦੀ ਦਰਾਮਦ ਲਈ ਨਵੀਂ ਦਰ 33 ਰੁਪਏ ਪ੍ਰਤੀ ਕਿਲੋ ਤੋਂ ਵਧਾ ਕੇ 98 ਰੁਪਏ ਪ੍ਰਤੀ ਕਿਲੋ ਕਰ ਦਿੱਤੀ ਗਈ ਹੈ, ਇਸ ਵੱਡੇ ਵਾਧੇ ਨੇ ਪੰਜਾਬ ਦੇ ਕਿੰਨੂ ਕਿਸਾਨਾਂ ਅਤੇ ਬਰਾਮਦਕਾਰਾਂ ਦੀ ਰੋਜ਼ੀ-ਰੋਟੀ ਲਈ ਗੰਭੀਰ ਖਤਰਾ ਪੈਦਾ ਕਰ ਦਿੱਤਾ ਹੈ।
ਸ਼੍ਰੀ ਪੀਯੂਸ਼ ਗੋਇਲ ਨੇ ਸ੍ਰ. ਸਾਹਨੀ ਨਾਲ ਸੰਪਰਕ ਕਰਕੇ ਦੱਸਿਆ ਹੈ ਕਿ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਚੱਲ ਰਹੀਆਂ ਦੁਵੱਲੀਆਂ ਮੀਟਿੰਗਾਂ ਦੌਰਾਨ ਹੋਣ ਵਾਲੀ ਚਰਚਾ ਵਿੱਚ ਵਿਆਪਕ ਆਰਥਿਕ ਭਾਈਵਾਲੀ ਬਾਰੇ ਇੱਕ ਸਮਝੌਤਾ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਇਸ ਮੁੱਦੇ ਨੂੰ ਵੀ ਹੱਲ ਕਰ ਲਿਆ ਜਾਵੇਗਾ।
ਇਸ ਤੋਂ ਇਲਾਵਾ, ਬਜਟ ਬਾਰੇ ਬੋਲਦਿਆਂ, ਸ੍ਰ. ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਬਜਟ ਵਿੱਚ ਕਿਸਾਨ ਸੰਮਾਨ ਨਿਧੀ ਲਈ 60, 000 ਕਰੋੜ ਰੁਪਏ ਦੀ ਰਕਮ ਰੱਖੇ ਜਾਣ ਦੀ ਸ਼ਲਾਘਾ ਕੀਤੀ, ਜਿਸ ਤਹਿਤ ਹਰੇਕ ਕਿਸਾਨ ਨੂੰ 6, 000 ਰੁਪਏ ਦੀ ਮਹੱਤਵਪੂਰਨ ਸਾਲਾਨਾ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਹਾਲਾਂਕਿ, ਇੱਕ ਵਿਆਪਕ ਬਜਟ ਵਿੱਚ ਵੱਖ ਵੱਖ ਫਸਲਾਂ ਲਈ ਐਮ ਐਸ ਪੀ, ਐਫਪੀਓ ਨੂੰ ਉਤਸ਼ਾਹਿਤ ਕਰਨ ਅਤੇ ਸਾਡੇ ਵਾਤਾਵਰਣ ਦੀ ਸੰਭਾਲ ਲਈ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਵਾਸਤੇ ਰਕਮਾਂ ਰੱਖੇ ਜਾਣ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।