ਬੜੂ ਸਾਹਿਬ-ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਸੰਸਥਾਪਕ ਅਤੇ ਵੀਹਵੀਂ ਸਦੀ ਦੇ ਮਹਾਨ ਤਪੱਸਵੀ ਰਾਜਯੋਗੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਅਨਿੰਨ ਸੇਵਕ ਸੰਤ ਬਾਬਾ ਤੇਜਾ ਸਿੰਘ (ਐਮ.ਏ., ਐਲ.ਐਲ.ਬੀ., ਏ.ਐਮ. ਹਾਰਵਰਡ ਯੂ.ਐਸ.ਏ.) ਦੀਆਂ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ 'ਚ ੧੮ ਸਿੱਖ ਗਦਰੀ ਬਾਬਿਆਂ 'ਚ ਤਸਵੀਰਾਂ ਲਗਾਏ ਜਾਣ 'ਤੇ ਬੜੂ ਸਾਹਿਬ ਦੀਆਂ ਸ਼ਰਧਾਲੂ ਸਿੱਖ ਸੰਗਤਾਂ 'ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਬੜੂ ਸਾਹਿਬ ਟਰੱਸਟ ਦੇ ਪ੍ਰਧਾਨ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੇ ਦੱਸਿਆ ਕਿ ਉਚ ਸਿੱਖਿਆ ਪ੍ਰਾਪਤ ਸੰਤ ਤੇਜਾ ਸਿੰਘ ਨੇ ਕੈਨੇਡਾ ਵਿਖੇ ਖਾਲਸਾ ਦੀਵਾਨ ਸੁਸਾਇਟੀ ਦੇ ਸੰਵਿਧਾਨ ਦੀ ਸਿਰਜਣਾ ਤੋਂ ਇਲਾਵਾ ਭਾਰਤੀਆਂ ਨੂੰ ਕੈਨੇਡਾ 'ਚੋਂ ਕੱਢ ਕੇ ਹੋਨਡਰਸ ਦੀ ਭਿਆਨਕ ਜਗ੍ਹਾ 'ਤੇ ਭੇਜਣ ਤੋਂ ਰੋਕਣ, ਨਸਲਵਾਦ ਦੇ ਵਿਰੁੱਧ ਆਵਾਜ਼ ਉਠਾਉਣ ਅਤੇ ਧਰਮ ਦੇ ਨਾਲ-ਨਾਲ ਆਜਾਦੀ ਦੀ ਲਹਿਰ 'ਚ ਯੋਗਦਾਨ ਪਾ ਕੇ ਗਦਰ ਲਹਿਰ ਨੂੰ ਪ੍ਰਫੁੱਲਤ ਕੀਤਾ ਅਤੇ ਕੌਮਾਂਤਰੀ ਯੂਨੀਵਰਸਿਟੀਆਂ ਤੋਂ ਉਚ ਸਿੱਖਿਆ ਹਾਸਲ ਕਰਕੇ ਕੈਨੇਡਾ, ਅਮਰੀਕਾ, ਇੰਗਲੈਂਡ 'ਚ ਗੁਰਦੁਆਰਿਆਂ ਦੀ ਸਿਰਜਣਾ ਵੀ ਕੀਤੀ । ਉਨ੍ਹਾਂ ਦੱਸਿਆ ਕਿ ਸੰਤ ਤੇਜਾ ਸਿੰਘ ਦਾ ਸਮੁੱਚਾ ਜੀਵਨ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਤੋਂ ਪ੍ਰਭਾਵਿਤ ਹੋਇਆ, ਜਿੰਨ੍ਹਾਂ ਦੀ ਤਸਵੀਰ ਵੀ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ 'ਚ ਪਹਿਲਾਂ ਹੀ ਸ਼ੁਸ਼ੋਭਿਤ ਹੈ ।ਬੜੂ ਸਾਹਿਬ ਟਰੱਸਟ ਦੇ ਸਕੱਤਰ ਡਾ. ਦਵਿੰਦਰ ਸਿੰਘ, ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ), ਭਾਈ ਰਵਿੰਦਰਪਾਲ ਸਿੰਘ ਕੋਹਲੀ (ਰੂਬੀ ਵੀਰ ਜੀ) ਅਤੇ ਭਾਈ ਭੁਪਿੰਦਰ ਸਿੰਘ ਮੋਗਾ ਨੇ ਕਿਹਾ ਕਿ ਸੰਤ ਬਾਬਾ ਤੇਜਾ ਸਿੰਘ ਜੀ ਨੇ ਵਿੱਦਿਆ ਦੀ ਪ੍ਰਫੁੱਲਤਾ ਲਈ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਉਹ ਵਿਦੇਸ਼ਾ 'ਚ ਸਿੱਖ ਧਰਮ ਦੀ ਪ੍ਰਫੁੱਲਤਾ ਤੋਂ ਇਲਾਵਾ ਬਾਬਾ ਨਾਨਕ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਯਤਨਸ਼ੀਲ ਰਹੇ । ਉਨ੍ਹਾਂ ਵਲੋਂ ਸਥਾਪਤ ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ੧੨੯ ਅਕਾਲ ਅਕੈਡਮੀਆਂ ਅਤੇ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਹਨ, ਜਿੱਥੇ ਵਿਦਿਆਰਥੀਆਂ ਨੂੰ ਦੁਨੀਆਵੀਂ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਧਰਮ 'ਚ ਪ੍ਰਪੱਕ ਹੋ ਸਕਣ ।