ਬੜੂ ਸਾਹਿਬ-ਅੱਜਕਲ੍ਹ ਸੋਸ਼ਲ ਮੀਡੀਆ (ਫੇਸਬੁੱਕ ਅਤੇ ਵਟਸਐਪ) ਉੱਤੇ ਇੱਕ ਸਕੂਲ ਬੱਸ (ਜਿਸ ਦਾ ਰਜਿ: ਨੰਬਰ ਪੀ.ਬੀ. 13 ਬੀ.ਐਫ 3286. ਹੈ) ਬਾਰੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਕਲਗੀਧਰ ਟਰੱਸਟ ਬੜੂ ਸਾਹਿਬ (ਹਿਮਾਚਲ ਪ੍ਰਦੇਸ਼ ) ਦੀ ਅਗਵਾਈ ਹੇਠ ਚੱਲ ਰਹੀ ਅਕਾਲ ਅਕੈਡਮੀ ਭੂੰਦੜ ਭੈਣੀ, ਮੂਨਕ ਦੇ ਨਾਮ ਨਾਲ ਜੋੜਿਆ ਜਾ ਰਿਹਾ ਹੈ। ਵੀਡੀਓ ਵਿਚਲੀ ਆਵਾਜ਼ ਚ ਕਿਹਾ ਗਿਆ ਹੈ ਕਿ ਇਹ ਬੱਸ ਇਕ ਖਾਸ ਰਾਜਨੀਤਿਕ ਪਾਰਟੀ ਦੀ ਹੈ ਜਦੋਂਕਿ ਕਲਗੀਧਰ ਟਰੱਸਟ ਵਲੋਂ ਦੋਸ਼ ਨੂੰ ਪੂਰੀ ਤਰ੍ਹਾਂ ਨਕਾਰਿਆ ਜਾਂਦਾ ਹੈ।
ਮਾਮਲੇ ਦੀ ਹਕੀਕਤ ਇਹ ਹੈ ਕਿ ਉਕਤ ਸਕੂਲ ਬੱਸ 13-1-2020 ਤੱਕ ਠੇਕੇ 'ਤੇ ਸੀ ਅਤੇ ਹੁਣ ਅਕਾਲ ਅਕੈਡਮੀ ਲਈ ਕੰਮ ਨਹੀਂ ਕਰ ਰਹੀ। ਉਕਤ ਠੇਕੇਦਾਰ ਨੂੰ ਅਕਾਲ ਅਕੈਡਮੀ ਦਾ ਨਾਮ ਆਪਣੀ ਬੱਸ ਉੱਤੋਂ ਹਟਾਉਣ ਲਈ ਕਿਹਾ ਗਿਆ ਹੈ ਅਤੇ ਉਸ ਨੂੰ 16-1-2020 ਅਤੇ ਫਿਰ 18-1-2020 ਨੂੰ ਦੁਬਾਰਾ ਨੋਟਿਸ ਜਾਰੀ ਕੀਤਾ ਗਿਆ ਸੀ।ਕਲਗ਼ੀਧਰ ਟਰੱਸਟ ਵੱਲੋਂ ਹਰ ਠੇਕੇਦਾਰ ਨਾਲ ਕੀਤੇ ਗਏ ਇਕਰਾਰਨਾਮੇ ਦੇ ਪੈਰਾ 6.16 ਵਿਚ ਸਪੱਸ਼ਟ ਤੌਰ ਤੇ ਲਿਖਿਆ ਗਿਆ ਹੈ ਕਿ ਕੋਈ ਵੀ ਠੇਕੇਦਾਰ ਸਕੂਲ ਟਾਈਮ ਦੌਰਾਨ ਜਾਂ ਬਾਅਦ ਵਿਚ ਵੀ ਵਾਹਨ ਨੂੰ ਪ੍ਰਾਈਵੇਟ ਤੌਰ ਤੇ ਨਹੀਂ ਵਰਤੇਗਾ ਅਤੇ ਨਾ ਹੀ ਰਾਜਨੀਤਿਕ ਰੈਲੀਆਂ ਵਿਚ ਸਕੂਲ ਬੱਸ ਦੀ ਵਰਤੋਂ ਕੀਤੀ ਜਾਵੇਗੀ।ਕਾਨੂੰਨ ਅਨੁਸਾਰ ਅਤੇ ਇਕਰਾਰਨਾਮੇ ਦੇ ਤਹਿਤ ਹਰ ਬੱਸ ਦੇ ਉੱਪਰ ਸਕੂਲ ਦਾ ਨਾਮ ਲਿਖਿਆ ਹੋਣਾ ਲਾਜ਼ਮੀ ਹੈ ਅਤੇ ਨਾਲ ਹੀ ਲਿਖਿਆ ਹੋਣਾ ਚਾਹੀਦਾ ਹੈ ਕਿ ਇਹ ਵਾਹਨ ਕੰਟਰੈਕਟ ਉੱਤੇ ਚੱਲ ਰਿਹਾ ਹੈ।
ਉਸ ਬੱਸ ਮਾਲਕ ਨਾਲ ਕੀਤੇ ਇਕਰਾਰਨਾਮੇ ਅਨੁਸਾਰ ਅਸੀਂ ਬੱਸ ਮਾਲਕ ਦੇ ਵਿਰੁੱਧ ਬਣਦੀ ਕਾਰਵਾਈ ਕਰ ਰਹੇ ਹਾਂ। ਕਲਗੀਧਰ ਟਰੱਸਟ ਬੜੂ ਸਾਹਿਬ ਆਮ ਲੋਕਾਂ ਨੂੰ ਇਸ ਬਾਰੇ ਅਪੀਲ ਕਰਦਾ ਹੈ ਕਿ ਇਸ ਵਾਇਰਲ ਹੋਈ ਵੀਡੀਓ ਵਿੱਚ ਲਗਾਏ ਗਏ ਬੇਬੁਨਿਆਦ ਇਲਜ਼ਾਮਾਂ ਬਾਰੇ ਗੁਮਰਾਹ ਨਾ ਹੋਣ ਅਤੇ ਸਗੋਂ ਹਲੀਮੀ ਅਤੇ ਠੰਢੇ ਮਤੇ ਨਾਲ ਇਸ ਬਾਰੇ ਵਿਚਾਰ ਕਰਨ ਅਤੇ ਸਹੀ ਅਤੇ ਗਲਤ ਦੀ ਪਹਿਚਾਣ ਕਰਨ।