ਬੜੂ ਸਾਹਿਬ -ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ ਦੀ ਅਗਵਾਈ ਵਿੱਚ ਚੱਲ ਰਹੀ ਕਲਗ਼ੀਧਰ ਟ੍ਰੱਸਟ, ਬੜੂ ਸਾਹਿਬ ਇੱਕ ਅਜਿਹੀ ਸੰਸਥਾ ਹੈ, ਜੋ ਕਿਸੀ ਵੀ ਕੁਦਰਤੀ ਆਫਤ ਅਤੇ ਹੋਰ ਸਮਾਜਿਕ ਕਾਰਜਾਂ ਲਈ ਸਮੁੱਚੀ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਹੁਣ ਜਦੋਂ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਬਚਾਅ ਲਈ ਪੂਰੇ ਦੇਸ਼ ਵਿੱਚ 'ਲਾਕਡਾਊਨ' ਚੱਲ ਰਿਹਾ ਹੈ, ਕਲਗ਼ੀਧਰ ਟ੍ਰੱਸਟ, ਬੜੂ ਸਾਹਿਬ ਵੱਲੋਂ ਪ੍ਰਧਾਨ ਮੰਤਰੀ ਦਫਤਰ ਅਤੇ ਪੰਜਾਬ, ਹਿਮਾਚਲ ਦੇ ਮੁੱਖ-ਮੰਤਰੀਆਂ ਨੂੰ ਆਪਣੇ ਸਾਧਨਾਂ ਅਤੇ ਯੋਗਦਾਨ ਦੀ ਪੇਸ਼ਕਸ਼ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਭੇਜੇ ਇੱਕ ਅਧਿਕਾਰਤ ਚਿੱਠੀ-ਪੱਤਰ ਵਿੱਚ, ਟ੍ਰੱਸਟ ਨੇ ਉੱਤਰ ਭਾਰਤ ਦੇ ਰਾਜਾਂ - ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ - ਵਿੱਚ ਸਥਿਤ ਆਪਣੇ 121 ਸਕੂਲਾਂ (ਅਕਾਲ ਅਕੈਡਮੀਆਂ) ਨੂੰ ਸਰਕਾਰ ਦੁਆਰਾ ਦਿੱਤੀ ਗਈ ਕਿਸੇ ਵੀ ਕਿਸਮ ਦੀ ਸੇਵਾ ਨਿਭਾਉਣ ਲਈ ਪੇਸ਼ ਕੀਤਾ ਹੈ।
ਇਸੇ ਪ੍ਰਕਾਰ ਸੂਬਾ ਅਧਾਰ 'ਤੇ ਕਲਗੀਧਰ ਟ੍ਰੱਸਟ, ਬੜੂ ਸਾਹਿਬ ਨੇ ਪੰਜਾਬ ਦੇ ਮੁੱਖ-ਮੰਤਰੀ ਸ. ਅਮਰਿੰਦਰ ਸਿੰਘ ਨੂੰ ਇੱਕ ਅਧਿਕਾਰਤ ਚਿੱਠੀ-ਪੱਤਰ ਵਿੱਚ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਕਿਸੇ ਵੀ ਕਿਸਮ ਦੀ ਸੇਵਾ ਲਈ ਪੂਰੇ ਪੰਜਾਬ ਵਿੱਚ 104 ਅਕਾਲ ਅਕੈਡਮੀਆਂ ਦੀ ਪੇਸ਼ਕਸ਼ ਕੀਤੀ ਹੈ।
ਅਜਿਹੇ ਦੋ ਖੇਤਰ ਹਨ ਜਿਨ੍ਹਾਂ ਵਿੱਚ ਕਲਗੀਧਰ ਟ੍ਰੱਸਟ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕਰ ਸਕਦਾ ਹੈ - ਲੋੜਵੰਦਾਂ ਨੂੰ ਮੁਫਤ ਭੋਜਨ (ਲੰਗਰ) ਅਤੇ ਸਕੂਲ ਦੀ ਇਮਾਰਤ ਵਿੱਚ ਰਹਿਣ ਦੀ ਸਹੂਲਤ ਅਤੇ ਕੋਵਿਡ-19 ਦੇ ਮਰੀਜ਼ਾਂ ਲਈ ਕੁਆਰੰਟੀਨ ਦੀਆਂ ਸਹੂਲਤਾਂ।