ਬੜੂ ਸਾਹਿਬ-ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕੇਂਦਰ ਨੇ ਦੇਸ਼ ਵਿਆਪੀ ਤਾਲਾਬੰਦੀ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਦੇਸ਼ ਦੇ ਕਈ ਹਿੱਸਿਆਂ ਵਿਚ ਸਕੂਲ ਸਮੇਤ ਹੋਰਨਾਂ ਵਿੱਦਿਅਕ ਸੰਸਥਾਵਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਕਰਕੇ ਦੇਸ਼ ਭਰ ਦੇ ਸਾਰੇ ਹੀ ਵਿੱਦਿਅਕ ਅਦਾਰੇ ੨੨ ਮਾਰਚ ਤੋਂ ਪਹਿਲਾ ਦੇ ਹੀ ਬੰਦ ਹਨ ਅਤੇ ਇੰਨ੍ਹਾਂ ਵਿੱਦਿਅਕ ਸੰਸਥਾਵਾਂ ਦੇ ਖੁੱਲ੍ਹਣ ਦੀ ਅਜੇ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ, ਅਜਿਹੇ ਸਮੇਂ 'ਚ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸੈਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨਵੀਂ ਦਿੱਲੀ ਵਲੋਂ ਸਾਰੇ ਹੀ ਸਕੂਲਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਜਿੰਨ੍ਹਾਂ ਸਮਾਂ ਸਕੂਲ ਨਹੀਂ ਖੁਲ੍ਹਦੇ, ਉਦੋਂ ਤੱਕ ਸਕੂਲ ਸੁਸਾਇਟੀਆਂ, ਸਕੂਲ ਮਾਲਕ ਜਾਂ ਸਕੂਲ ਮੁਖੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਲਈ ਸਟਾਫ ਨੂੰ ਟਰੇਡ ਕਰਨ ਅਤੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਦਾ ਅਧਿਆਪਕਾਂ ਲਈ ਇਹ ਭਾਂਵੇ ਨਿਵੇਕਲਾ ਉਪਰਾਲਾ ਅਤੇ ਪਹਿਲਾਂ ਮੌਕਾ ਸੀ ਪਰ ਕਾਫੀ ਸਕੂਲਾਂ ਦਾ ਸਟਾਫ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ 'ਚ ਸਫਲ ਹੋਇਆ ਹੈ, ਜਿੰਨ੍ਹਾਂ 'ਚੋਂ ਕਲਗੀਧਰ ਟਰੱਸਟ ਬੜੂ ਸਾਹਿਬ ਨੇ ਵੀ ਆਪਣੇ ਅਧੀਨ ੧੨੯ ਅਕਾਲ ਅਕੈਡਮੀਆਂ 'ਚ ਪੜ੍ਹਦੇ ੬੦ ਹਜ਼ਾਰ ਤੋਂ ਵੀ ਜਿਆਦਾ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਉਣ ਦਾ ਬੀੜਾ ਚੁੱਕਿਆ, ਜਿਸ ਦੇ ਸਫਲ ਹੋਣ 'ਤੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਭਰਪੂਰ ਸਰਾਹਨਾ ਕੀਤੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲ ਅਕੈਡਮੀਆਂ 'ਚ ਪੜ੍ਹਦੇ ਪੇਡੂ ਖੇਤਰ ਦੇ ਜਿਆਦਾਤਰ ਵਿਦਿਆਰਥੀ ਜੋ ਕਿ ਆਪਣੇ ਘਰਾਂ 'ਚ ਤਾਲਾਬੰਦੀ ਕਾਰਨ ਵਿਹਲੇ ਬੈਠਣ ਲਈ ਮਜ਼ਬੂਰ ਹੋ ਗਏ ਸਨ ਨੂੰ ਅਕਾਲ ਅਕੈਡਮੀਆਂ ਦੇ ਸਟਾਫ ਵਲੋਂ ਆਨਲਾਈਨ ਪੜ੍ਹਾਈ ਕਰਵਾਉਣ ਲਈ ਕਾਫੀ ਸੰਘਰਸ ਕਰਨਾ ਪਿਆ ਕਿਉਂਕਿ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪੇਂਡੂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਦਾ ਜਿੱਥੇ ਇਹ ਪਹਿਲਾ ਤਜ਼ਰਬਾ ਸੀ, ਓਥੇ ਨਾਲ ਹੀ ਪਿੰਡਾਂ ਦੇ ਲੋਕਾਂ ਨੂੰ ਸ਼ੋਸ਼ਲ ਐਪਜ਼ ਦਾ ਜਿਆਦਾ ਤਜਰਬਾ ਵੀ ਨਹੀਂ ਸੀ, ਜਿਸ ਕਰਕੇ ਅਕਾਲ ਅਕੈਡਮੀਆਂ ਵਲੋਂ ਜਿੱਥੇ ਮਾਪਿਆਂ ਦੇ ਸੰਪਰਕ ਨੰਬਰਾਂ ਲਈ ਸਕੂਲ ਦੇ ਰਿਕਾਰਡਾਂ ਦੀ ਜਾਂਚ ਕਰਨ ਤੋਂ ਬਾਅਦ ਪਤਾ ਕੀਤਾ ਗਿਆ ਕਿ ਕਿੰਨ੍ਹਾਂ ਮਾਪਿਆ ਕੋਲ ਮੋਬਾਈਲ ਹਨ ? ਫਿਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਵਟਸਐਪ 'ਤੇ ਹਨ ਜਾਂ ਨਹੀ ? ਜਿੰਨ੍ਹਾਂ ਮਾਪਿਆਂ ਕੋਲ ਮੋਬਾਇਲ ਨਹੀਂ ਸਨ, ਉਨ੍ਹਾਂ ਨੂੰ ਆਪਣੇ ਕਿਸੇ ਪਰਿਵਾਰਕ ਮੈਂਬਰ ਜਾਂ ਗੁਆਂਢੀ ਦਾ ਵਟਸਅਪ ਨੰਬਰ ਦੇਣ ਦੀ ਅਪੀਲ ਕੀਤੀ ਗਈ । ਇੰਨ੍ਹਾਂ ਕੋਸ਼ਿਸ਼ਾਂ ਤੋਂ ਬਾਅਦ ਅਕਾਲ ਅਕੈਡਮੀਆਂ ਦੇ ਸਟਾਫ ਨੂੰ ਸਫਲਤਾ ਮਿਲਣੀ ਸ਼ੁਰੂ ਹੋਈ, ਜਿਸ ਦੀ ਬਦੌਲਤ ਉਕਤ ਅਕੈਡਮੀਆਂ ਦੇ ਨੈਟਵਰਕ ਵਿੱਚ ਬੱਚਿਆਂ ਦੀ ਗਿਣਤੀ ਵੱਧਦੀ ਗਈ ਕਿਉਂਕਿ ਮੋਬਾਇਲ ਰੱਖਣ ਵਾਲੇ ਮਾਪਿਆਂ ਨਾਲ ਸੰਪਰਕ ਕਰਨ ਤੋਂ ਬਾਅਦ ਜਦੋਂ ਵਿਦਿਆਰਥੀਆਂ ਦੇ ਜਮਾਤ ਮੁਤਾਬਕ ਆਨਲਾਈਨ ਗਰੁੱਪ ਚੰਗੀ ਤਰ੍ਹ੍ਹਾਂ ਤਿਆਰ ਹੋ ਗਏ ਤਾਂ ਅਕਾਲ ਅਕੈਡਮੀਆਂ ਦੇ ਸਟਾਫ ਵਲੋਂ ਵਟਸਐਪ ਅਤੇ ਹੋਰਨਾਂ ਸ਼ੋਸ਼ਲ ਐਪਜ਼ ਰਾਂਹੀਂ ਵੀਡੀਓ, ਤਸਵੀਰਾਂ ਅਤੇ ਟੈਕਸਟ ਅੱਗੇ ਭੇਜਣੇ ਸ਼ੁਰੂ ਕਰ ਦਿੱਤੇ ਗਏ, ਜਿਸ ਦੀ ਬਦੌਲਤ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਫਲ ਹੋਈਆਂ ਅਤੇ ਹੁਣ ਵਿਦਿਆਰਥੀ ਬਹੁਤ ਵਧੀਆ ਫੀਡਬੈਕ ਦੇ ਰਹੇ ਹਨ।ਜਦੋਂ ਆਨਲਾਈਨ ਪੜ੍ਹਾਈ ਸੰਬੰਧੀ ਅਕਾਲ ਅਕੈਡਮੀਆਂ 'ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਟੱਡੀ ਐਪਜ਼ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਸਟਾਫ ਵਲੋਂ ਉਨ੍ਹਾ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਸਟੱਡੀ ਐਪਜ਼ ਜਿਵੇਂ ਕਿ ਜੂਮ ਆਦਿ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਸ਼ੋਸ਼ਲ ਐਪਜ਼ 'ਚ ਉਨ੍ਹਾਂ ਦੇ ਬੱਚੇ ਆਨਲਾਈਨ ਪੜ੍ਹਾਈ ਕਰ ਸਕਣਗੇ ? ਫਿਰ ਸਾਡੇ ਬੱਚਿਆਂ ਦੇ 'ਵਿਸ਼ਵ ਧਰਤੀ ਦਿਵਸ' ਮੌਕੇ ਆਨਲਾਈਨ ਪੇਟਿੰਗ ਮੁਕਾਬਲੇ ਕਰਵਾਏ ਗਏ, ਜਿਸ 'ਚ ਸ਼ੋਸ਼ਲ ਐਪਜ਼ 'ਤੇ ਆਪਣੇ ਹੱਥੀਂ ਤਿਆਰ ਕੀਤੀਆਂ ਪੇਟਿੰਗਜ਼ ਅਪਲੋਡ ਕੀਤੀਆਂ, ਜਿੰਨ੍ਹਾਂ ਦੀ ਤਾਰੀਫ ਕਰਦਿਆਂ ਅਧਿਆਪਕਾਂ ਵਲੋਂ ਬੱਚਿਆਂ ਨੂੰ ਸਾਬਾਸ਼ ਦਿੱਤੀ ਗਈ । ਜਦੋਂ ਇਸ ਸੰਬੰਧੀ ਵੱਖ-ਵੱਖ ਅਕਾਲ ਅਕੈਡਮੀਆਂ ਦੇ ਪ੍ਰਿੰਸੀਪਲਾਂ ਅਤੇ ਸਟਾਫ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਆਨਲਾਈਨ ਪੇਂਟਿੰਗ ਦਾ ਮੁਕਾਬਲਾ ਬਹੁਤ ਹੀ ਸ਼ਾਨਦਾਰ ਰਿਹਾ ਕਿਉਂਕਿ 'ਚਿੱਤਰਕਾਰੀ ਬੱਚਿਆਂ 'ਚ ਰਚਨਾਤਮਕਤਾ ਨੂੰ ਦਰਸਾਉਂਦੀ ਹੈ ਅਤੇ ਕੋਰੋਨਾ ਵਾਇਰਸ, ਸਮਾਜਕ ਦੂਰੀਆਂ, ਸੈਨੇਟਾਈਜ਼ਰਜ਼ ਦੀ ਵਰਤੋਂ ਆਦਿ ਦੇ ਪ੍ਰਭਾਵਾਂ 'ਤੇ ਧਿਆਨ ਖਿੱਚਦੀ ਹੈ' ਅਤੇ ਉਨ੍ਹਾਂ ਕਿਹਾ ਕਿ 'ਤਾਲਾਬੰਦੀ' ਤੋਂ ਬਾਅਦ ਸਕੂਲ ਖੁੱਲ੍ਹਣ ਸਮੇਂ ਆਨਲਾਈਨ ਚੰਗੀਆਂ ਪੇਂਟਿੰਗ ਭੇਜਣ 'ਚ ਮੋਹਰੀ ਰਹੇ ਬੱਚਿਆਂ ਨੂੰ ਵਿਸੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ ।ਅਸਲ 'ਚ ਅਕਾਲ ਅਕੈਡਮੀਆਂ ਵਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਦਾ ਇਕ ਨਵਾਂ ਪਲੇਟਫਾਰਮ ਸਫਲਤਾ ਨਾਲ ਮੁਹੱਈਆ ਕਰਵਾਇਆ ਗਿਆ ਹੈ, ਜਿਸ ਦੇ ਲਈ ਇੰਨ੍ਹਾਂ ਅਕੈਡਮੀਆਂ ਦਾ ਮਿਹਨਤੀ ਅਤੇ ਤਜਰਬੇਕਾਰ ਸਟਾਫ ਵਧਾਈ ਦਾ ਪਾਤਰ ਹੈ । ਜ਼ਿਕਰਯੋਗ ਹੈ ਕਿ ਉਕਤ ਵਿੱਦਿਅਕ ਸੰਸਥਾਵਾਂ ਵਲੋਂ ਆਨਲਾਈਨ ਸ਼ੋਸ਼ਲ ਨੈਟਵਰਕ 'ਤੇ ਜਿੱਥੇ ਬੱਚਿਆਂ ਦਾ ਆਨਲਾਈਨ ਦਾਖਲਾ ਕੀਤਾ ਗਿਆ, ਉਥੇ ਨਾਲ ਹੀ ਨਵੇਂ ਦਾਖਲ ਹੋਏ ਬੱਚਿਆਂ ਨੂੰ ਵੀ ਸਟੱਡੀ ਐਪਜ਼ 'ਚ ਸ਼ਾਮਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਵਰਤਮਾਨ ਸਮੇਂ 'ਚ ਸ਼ੋਸ਼ਲ ਐਪਜ਼ 'ਤੇ ਜੁੜੇ ਵਿਦਿਆਰਥੀਆਂ ਨੂੰ ਪਾਠ ਸਮੱਗਰੀ ਭੇਜ ਕੇ ਆਪਣੇ ਭੈਣਾਂ-ਭਰਾਵਾਂ ਨਾਲ ਸਾਂਝਾ ਕਰਨ ਅਤੇ ਉਨ੍ਹਾਂ ਨੂੰ ਦੱਸਣ ਲਈ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਕੀ ਸਿੱਖਿਆ ਹੈ ?