ਕੁਝ ਸ਼ਰਾਰਤੀ ਅਤੇ ਪੰਥ ਦੋਖੀ ਅਨਸਰਾਂ ਵੱਲੋਂ ਸ਼ੋਸ਼ਲ ਮੀਡੀਆ 'ਤੇ ਇਕ ਵੀਡੀਓ ਜਿਸ 'ਚ ਕਿਸੇ ਡੇਰੇ ਦਾ ਮੁਖੀ ਇਕ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟ ਰਿਹਾ ਹੈ, ਨੂੰ ਅਕਾਲ ਅਕੈਡਮੀ ਬੜੂ ਸਾਹਿਬ (ਹਿ.ਪ੍ਰ.) ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਹੈ, ਜਦੋਂ ਕਿ ਇਹ ਵੀਡਿਓ ਸੂਰਮਾ ਕੀਰਤਨੀਆ ਸਿੰਘ ਬਾਬਾ ਸੁਜਾਨ ਸਿੰਘ ਦੀ ਹੈ, ਜੋ ਕਿ ਕਬੀਰ ਗੰਜ ਯ.ੂਪੀ. ਦਾ ਰਹਿਣ ਵਾਲਾ ਹੈ । ਕੋਰੋਨਾ ਮਹਾਮਾਰੀ ਕਾਰਨ ਜਿੱਥੇ ਅਕੈਡਮੀਆਂ ਮਾਰਚ ਮਹੀਨੇ ਤੋਂ ਹੀ ਬੰਦ ਹਨ ਪਰ ਸ਼ਰਾਰਤੀ ਅਨਸਰਾਂ ਵਲੋਂ ਬੜੂ ਸਾਹਿਬ ਅਧੀਨ ਅਕਾਲ ਅਕੈਡਮੀਆਂ ਨੂੰ ਬਦਨਾਮ ਕਰਨ ਲਈ ਸ਼ੋਸ਼ਲ ਮੀਡੀਆਂ 'ਤੇ ਕੋਝੀਆਂ ਚਾਲਾਂ ਚੱਲ ਕੇ ਬੜੂ ਸਾਹਿਬ ਨੂੰ ਬਦਨਾਮ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ । ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਬਿਨਾਂ ਸੋਚੇ-ਸਮਝੇ ਅਜਿਹੀਆਂ ਗਲਤ ਅਤੇ ਸ਼ਰਮਨਾਕ ਵੀਡਿਓਜ਼ ਨੂੰ ਬੜੂ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ, ਜਦੋਂ ਕਿ ਬੜੂ ਸਾਹਿਬ ਨਾਲ ਅਜਿਹੀਆਂ ਵੀਡੀਓਜ਼ ਦਾ ਕੋਈ ਸੰਬੰਦ ਨਹੀਂ ਹੁੰਦਾ । ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ 'ਤੇ ਬੇਵਜ੍ਹਾ ਪੋਸਟਾਂ ਨੂੰ ਬੜੂ ਸਾਹਿਬ ਨਾਲ ਜੋੜ ਕੇ ਪ੍ਰਚਾਰਨ ਵਾਲਿਆਂ ਤੋਂ ਸੁਚੇਤ ਰਿਹਾ ਜਾਵੇ ਅਤੇ ਸ਼ੋਸ਼ਲ ਮੀਡੀਆ 'ਤੇ ਸ਼ਰਾਰਤੀ ਅਨਸਰਾਂ ਵਲੋਂ ਜਾਣ-ਬੁੱਝ ਕੇ ਫੈਲਾਈ ਜਾ ਰਹੇ ਵੀਡਿਓ ਲਿੰਕ ਨੂੰ ਬੜੂ ਸਾਹਿਬ ਨਾਲ ਜੋੜਨਾ ਜਿੱਥੇ ਮਾਣ-ਹਾਨੀ ਸਮਝਿਆ ਜਾਵੇਗਾ, ਓਥੇ ਨਾਲ ਹੀ ਅਜਿਹਾ ਕਰਨ ਵਾਲਿਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ । ਬੜੂ ਸਾਹਿਬ (ਹਿ.ਪ੍ਰ.) ਦੀਆਂ ਸ਼ਰਧਾਲੂ ਸੰਗਤਾਂ ਅਜਿਹੀਆਂ ਘਟੀਆਂ ਪੋਸਟਾਂ ਪਾਉਣ ਵਾਲਿਆਂ ਤੋਂ ਸੁਚੇਤ ਰਹਿਣ ।