ਵਾਤਾਵਰਣ, ਜੰਗਲਾਤ ਅਤੇ ਮੌਸਮ ਪਰਿਵਰਤਨ ਮੰਤਰਾਲੇ ਦੁਆਰਾ ਪ੍ਰਾਯੋਜਿਤ ਟੇਰੀ ਐਨਵਿਸ (TERI ENVIS) ਨੇ ਕਲਗੀਧਰ ਸੋਸਾਇਟੀ ਬੜੂ ਸਾਹਿਬ ਦੀ ਪਹਿਲਕਦਮੀ 'ਪੇਂਡੂ ਇਲਾਕਿਆਂ ਵਿਚ ਸਭ ਤੋਂ ਵੱਡਾ ਸੌਰ ਊਰਜਾ ਪ੍ਰਾਜੈਕਟ' ਦੀ ਕੇਸ ਸਟੱਡੀ ਕੀਤੀ ਹੈ । ਇਹ ਕੇਸ ਸਟੱਡੀ ‘ਕੰਪੇਡੀਅਮ ਆਫ ਰਿਨਿਊਏਬਲ ਐਨਰਜੀ ਐਂਡ ਕਲਾਈਮੇਟ ਚੇਂਜ ਕੇਸ ਸਟਡੀਜ਼ ਇਨ ਇੰਡੀਆ - ਵੋਲਿਊਮ 5' ਵਿੱਚ ਪ੍ਰਕਾਸ਼ਿਤ ਹੋਈ ਹੈ।
ਕਲਗੀਧਰ ਸੋਸਾਇਟੀ ਬੜੂ ਸਾਹਿਬ ਦੇ ਪ੍ਰਧਾਨ, 97-ਸਾਲਾ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ, ਜਿਨ੍ਹਾਂ ਨੇ ਹਿਮਾਚਲ ਪ੍ਰਦੇਸ਼ ਖੇਤੀਬਾੜੀ ਵਿਭਾਗ ਨਾਲ ਆਪਣੇ ਸੰਪੂਰਣ ਕਾਰਜਕਾਲ ਦੌਰਾਨ ਕੁਦਰਤ ਨਾਲ ਕੰਮ ਕੀਤਾ ਹੈ, ਨੇ ਭਾਰੀ ਬਿਜਲੀ ਬਿੱਲਾਂ ਅਤੇ ਗਲੋਬਲ ਵਾਰਮਿੰਗ ਨੂੰ ਘਟਾਉਣ ਦੀ ਸਮਾਨੰਤਰ ਲੜਾਈ ਲਈ ਹਰਿਤ ਵਿਕਲਪ ਦੇ ਤੌਰ 'ਤੇ ਸੌਰ ਊਰਜਾ ਨੂੰ ਅਪਨਾਉਣ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਦੂਰ-ਅੰਦੇਸ਼ੀ ਨਾਲ 'ਧਰਤੀ ਮਾਂ' ਨੂੰ ਬਚਾਉਣ ਲਈ ਸੂਰਜੀ ਊਰਜਾ ਦੇ ਵੱਧ ਤੋਂ ਵੱਧ ਉਤਪਾਦਨ ਨੂੰ ਵਧਾਉਣ ਅਤੇ ਕਾਰਬਨ ਦੇ ਨਿਕਾਸ ਨੂੰ ਘਟਾਉਣ ਲਈ ਸਕੂਲਾਂ ਦੀਆਂ ਖਾਲੀ ਛੱਤਾਂ ਨੂੰ, ਜਿੰਨਾ ਜ਼ਿਆਦਾ ਹੋ ਸਕੇ, ਇਸਤੇਮਾਲ ਕਰਨ 'ਤੇ ਜ਼ੋਰ ਦਿੱਤਾ । ਇਸ ਤਹਿਤ 1.2 MWp ਦੇ ਪ੍ਰਾਜੈਕਟ ਲਈ ਕੁਲ 3750 ਸੋਲਰ ਪੈਨਲ ਲਗਾਏ ਗਏ ਅਤੇ ਤਕਰੀਬਨ 1.3 ਲੱਖ ਵਰਗ ਫੁੱਟ ਛੱਤ ਦਾ ਖੇਤਰ ਇਸਤੇਮਾਲ ਕੀਤਾ ਗਿਆ ਹੈ।
ਕਲਗੀਧਰ ਸੋਸਾਇਟੀ ਵਿਚ ਸੂਰਜੀ ਊਰਜਾ ਨੂੰ ਅਪਣਾਉਣ ਦੀ ਸ਼ੁਰੂਆਤ ਇਕ ਦਹਾਕੇ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਪਹਿਲੇ ਸਟੈਂਡ-ਅਲੋਨ 200 kWp ਸੋਲਰ ਪਾਵਰ ਪਲਾਂਟ, 18, 000 ਐਲ.ਪੀ.ਡੀ. ਸੋਲਰ ਵਾਟਰ ਹੀਟਿੰਗ ਸਿਸਟਮ, ਲੰਗਰ ਲਈ ਕੰਸਨਟ੍ਰੈਟਰ ਥਰਮਲ ਸੋਲਰ ਸਿਸਟਮ, ਜਿਸ ਵਿਚ ਹਰ ਰੋਜ਼ 5500 ਲੋਕਾਂ ਲਈ ਲੰਗਰ ਤਿਆਰ ਹੁੰਦਾ ਹੈ, ਐਸ.ਪੀ.ਵੀ. ਸਟ੍ਰੀਟ ਲਾਈਟਾਂ, ਅਤੇ ਹਿਮਾਚਲ ਦੀ ਇਟਰਨਲ ਯੂਨੀਵਰਸਿਟੀ ਵਿਖੇ ਕਈ ਹੋਰ ਸੂਰਜੀ ਊਰਜਾ ਨਾਲ ਚੱਲਣ ਵਾਲੇ ਪ੍ਰਾਜੈਕਟ ਹਨ। ਇਹ ਸੌਰ-ਲਹਿਰ ਕਈ ਅਕੈਡਮੀਆਂ ਵਿਚ ਫੈਲ ਗਈ ਜਿੱਥੇ ਕਈ ਸੂਰਜੀ ਊਰਜਾ ਪ੍ਰਾਜੈਕਟ ਸਥਾਪਤ ਕੀਤੇ ਗਏ। ਕਲਗੀਧਰ ਸੋਸਾਇਟੀ ਦੇ ਇਨ੍ਹਾਂ ਉਪਰਾਲਿਆਂ ਨੂੰ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐਮ.ਐਨ.ਆਰ.ਈ.) ਨੇ ਮਾਨਤਾ ਅਤੇ ਸਾਲ 2016 ਵਿੱਚ ਭਾਰਤ ਦੇ ਊਰਜਾ ਮੰਤਰੀ ਵੱਲੋਂ ਸੋਲਰ ਐਵਾਰਡ ਅਤੇ ਪ੍ਰਸ਼ੰਸ਼ਾ-ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਇਹ ਸੂਰਜੀ ਪੀਵੀ ਪ੍ਰਾਜੈਕਟ 25 ਸਾਲਾਂ ਵਿਚ ਕਾਰਬਨ ਦੇ ਨਿਕਾਸ ਨੂੰ 35, 000 ਮੀਟ੍ਰਿਕ ਟਨ ਘਟਾਏਗਾ, ਜੋ ਕਿ 82, 000 ਰੁੱਖ ਲਗਾਉਣ ਦੇ ਬਰਾਬਰ ਹੋਵੇਗਾ। ਇਸ ਨਾਲ ਬਿਜਲੀ ਬਿੱਲਾਂ ਵਿਚ ਸਾਲਾਨਾ ਬੱਚਤ ਤਕਰੀਬਨ 1 ਕਰੋੜ ਹੋਣ ਦੀ ਉਮੀਦ ਹੈ। ਇਹ ਸੌਰ ਪ੍ਰਾਜੈਕਟ ਪੇਂਡੂ ਸਿੱਖਿਆ ਦੀ ਉੱਨਤੀ ਵਿਚ ਸਹਾਇਤਾ ਕਰ ਕੇ ਪੇਂਡੂ ਭਾਰਤ ਦੇ ਗਰੀਬ ਪਰਿਵਾਰਾਂ ਵਿਚ ਸਿੱਖਿਆ ਦਾ ਚਾਨਣ ਫੈਲਾ ਸਕਦਾ ਹੈ। ਸੰਸਥਾ ਦਾ ਉਦੇਸ਼ ਆਪਣੀਆਂ 129 ਅਕੈਡਮੀਆਂ ਵਿੱਚ ਸੋਲਰ ਪੈਨਲ ਲਗਾਉਣਾ ਹੈ ਤਾਂ ਜੋ ਦੀਰਘਕਾਲਿਕ ਅਤੇ ਹਰਿਆਲੀ ਵਾਲੇ ਵਾਤਾਵਰਣ ਵਿੱਚ ਵਿੱਦਿਆ ਦੇ ਦੀਵੇ ਜਗਾਉਣ ਦੇ ਯਤਨਾਂ ਨੂੰ ਹੋਰ ਅੱਗੇ ਵਧਾਇਆ ਜਾ ਸਕੇ ।
ਕਲਗੀਧਰ ਸੋਸਾਇਟੀ, ਬੜੂ ਸਾਹਿਬ ਇੱਕ ਗੈਰ-ਮੁਨਾਫਾ ਚੈਰੀਟੇਬਲ ਸੰਸਥਾ ਹੈ ਜੋ ਨਸ਼ਿਆਂ ਅਤੇ ਸ਼ਰਾਬ ਦੇ ਸੇਵਨ ਦੇ ਖ਼ਤਰਨਾਕ ਵਾਧੇ ਖਿਲਾਫ ਲੜਨ ਲਈ ਮਿਆਰੀ ਸਿੱਖਿਆ ਪ੍ਰਦਾਨ ਕਰਨ 'ਤੇ ਕੇਂਦਰਿਤ ਹੈ। ਇਹ ਸੰਸਥਾ ਉੱਤਰ ਭਾਰਤ ਦੇ ਦੂਰ-ਦੁਰਾਡੇ ਦੇ ਪੇਂਡੂ ਖੇਤਰਾਂ ਵਿੱਚ ਸਿਹਤ-ਸੰਭਾਲ, ਔਰਤ-ਸਸ਼ਕਤੀਕਰਨ ਅਤੇ ਸਮਾਜ-ਭਲਾਈ ਦੇ ਕਾਰਜ ਕਰਕੇ ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਸਮਾਜਿਕ-ਆਰਥਿਕ ਉੱਨਤੀ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਕਲਗੀਧਰ ਸੋਸਾਇਟੀ ਦੁਆਰਾ ਚਲਾਈਆਂ ਜਾ ਰਹੀਆਂ ਘੱਟ ਲਾਗਤ ਵਾਲੀਆਂ ਸੀ.ਬੀ.ਐਸ.ਈ. ਨਾਲ ਸੰਬੰਧਿਤ 129 ਅਕੈਡਮੀਆਂ ਅਤੇ 2 ਯੂਨੀਵਰਸਿਟੀਆਂ ਦੀ ਇੱਕ ਲੜੀ ਹੈ ਜੋ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ ਪੇਂਡੂ ਖੇਤਰਾਂ ਵਿੱਚ ਲਗਭਗ 70, 000 ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਮੁੱਲ-ਅਧਾਰਤ ਸਿੱਖਿਆ ਪ੍ਰਦਾਨ ਕਰ ਰਹੀ ਹੈ। ਇਹ ਵਿਦਿਆਰਥੀ ਜ਼ਿਆਦਾਤਰ ਸਮਾਜ ਦੇ ਦੱਬੇ-ਕੁਚਲੇ ਅਤੇ ਪਿੱਛੜੇ ਵਰਗਾਂ ਦੇ ਹਨ, ਜਿਨ੍ਹਾਂ ਨੂੰ ਜਾਤੀ, ਖੇਤਰ, ਧਰਮ ਅਤੇ ਸਮਾਜਿਕ ਹਾਲਾਤਾਂ ਦੇ ਬਿਨਾਂ ਕਿਸੇ ਭੇਦਭਾਵ ਤੋਂ ਦਾਖਲਾ ਦਿੱਤਾ ਜਾਂਦਾ ਹੈ। ਕਲਗੀਧਰ ਸੋਸਾਇਟੀ ਦਾ ਟੀਚਾ ਹੈ ਕਿ ਪੇਂਡੂ ਖੇਤਰਾਂ ਵਿੱਚ ਬੱਚਿਆਂ ਨੂੰ ਮੁੱਲ-ਅਧਾਰਤ ਸਿੱਖਿਆ ਪ੍ਰਦਾਨ ਕਰਨ ਲਈ ਲਗਭਗ 500 ਘੱਟ ਲਾਗਤ ਵਾਲੀਆਂ ਸਵੈ-ਨਿਰਭਰ ਅਤੇ ਵਾਤਾਵਰਣ ਅਨੁਕੂਲ ਅਕੈਡਮੀਆਂ ਬਣਾਈਆਂ ਜਾਣ।