ਚੰਡੀਗੜ੍ਹ,
ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਤ ਕਰ ਰਹੀ ਹੈ। ਵਿਸ਼ਵ-ਪੱਧਰ 'ਤੇ ਤੰਬਾਕੂ, ਅਲਕੋਹਲ ਅਤੇ ਨਜਾਇਜ਼ ਤਸਕਰੀ ਵਾਲੇ ਨਸ਼ੇ ਹਰ ਸਾਲ ਇੱਕ ਕਰੋੜ ਤੋਂ ਵੱਧ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਹਨ। ਜਿਵੇਂ ਕਿ ਪੇਸ਼ੇਵਰ ਕਲੀਨਿਕ ਅਤੇ ਮੁੜ-ਵਸੇਬੇ ਕੇਂਦਰ ਆਪਣਾ ਕੰਮ ਕਰ ਰਹੇ ਹਨ, ਉਵੇਂ ਹੀ ਨਸ਼ਾ ਅਤੇ ਨਸ਼ਾ-ਮੁਕਤੀ ਬਾਰੇ ਮਿਆਰੀ ਕਿਤਾਬਾਂ ਵੀ ਬਹੁਤ ਮਦਦ ਕਰਦੀਆਂ ਹਨ।
ਡਾ. (ਕਰਨਲ) ਰਜਿੰਦਰ ਸਿੰਘ (ਐਮ.ਬੀ.ਬੀ.ਐਸ., ਡੀ.ਪੀ.ਐਮ., ਐਮ.ਡੀ., ਸਾਬਕਾ ਸੀਨੀਅਰ ਸਲਾਹਕਾਰ (ਸਾਈਕਿਆਟ੍ਰੀ) ਆਰਮਡ ਫੋਰਸਿਜ਼) ਦੀ ਕਿਤਾਬ 'ਡ੍ਰੱਗ ਅਡਿਕਸ਼ਨ' 26 ਜੂਨ ਨੂੰ 'ਨਸ਼ਿਆਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ' 'ਤੇ ਵੀਡੀਓ ਕਾਨਫਰੰਸਿੰਗ ਰਾਹੀਂ ਜਾਰੀ ਕੀਤੀ ਗਈ।
ਇਹ ਕਿਤਾਬ ਨਸ਼ਾਖੋਰੀ ਦੀ ਮਹਾਂਮਾਰੀ ਦੇ ਕਾਰਨਾਂ ਅਤੇ ਇਸ ਦੇ ਵਿਨਾਸ਼ਕਾਰੀ ਸਮਾਜਿਕ ਨਤੀਜਿਆਂ ਬਾਰੇ ਵਿਚਾਰ-ਵਟਾਂਦਰਾ ਕਰਦੀ ਹੈ। ਲੇਖਕ ਨੇ ਮਾਨਸਿਕ ਬਿਮਾਰੀਆਂ ਬਾਰੇ ਗਲਤ ਧਾਰਨਾਵਾਂ 'ਤੇ ਚਾਨਣਾ ਪਾਇਆ ਹੈ ਅਤੇ ਅਧਿਆਤਮਿਕਤਾ ਨੂੰ ਇਲਾਜ ਵਿੱਚ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ ਹੈ।
ਇਸ ਮੌਕੇ 'ਤੇ ਡਾ. (ਕਰਨਲ) ਰਾਜਿੰਦਰ ਸਿੰਘ ਜੀ ਨੇ ਕਿਹਾ, “ਸਵੈ-ਸਹਾਇਤਾ ਕਿਤਾਬਾਂ ਪੇਸ਼ੇਵਰ ਦੇਖਭਾਲ ਅਤੇ ਵਿਆਪਕ ਇਲਾਜ ਦਾ ਬਦਲ ਨਹੀਂ ਹਨ, ਪਰ ਇਨ੍ਹਾਂ ਨੂੰ ਕੋਈ ਵੀ ਸਿਹਤਯਾਬੀ ਦੇ ਸਫ਼ਰ ਵਿੱਚ ਭਾਵਨਾਤਮਕ ਸਦਭਾਵਨਾ ਲੱਭਣ ਲਈ ਇਸਤੇਮਾਲ ਕਰ ਸਕਦਾ ਹੈ। ਮੈਂ ਪਾਠਕਾਂ ਦੀ ਮਦਦ ਕਰਨ ਲਈ ਆਪਣੇ ਤਜ਼ਰਬੇ ਸਾਂਝੇ ਕੀਤੇ ਹਨ ਤਾਂ ਕਿ ਉਹ ਡੂੰਘੇ ਪੱਧਰ 'ਤੇ ਨਸ਼ਾ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਸਮੱਸਿਆ ਨੂੰ ਸਮਝ ਸਕਣ। ਇਹ ਕਿਤਾਬ ਸਿਰਫ ਨਸ਼ਿਆਂ 'ਤੇ ਕਾਬੂ ਪਾਉਣ ਲਈ ਨਹੀਂ ਹੈ, ਇਹ ਕਿਸੇ ਵੀ ਤਰ੍ਹਾਂ ਦੇ ਡਰ ਨੂੰ ਦੂਰ ਕਰਨ, ਆਪਣੀਆਂ ਕਮੀਆਂ ਨੂੰ ਸਮਝਣ ਅਤੇ ਅੱਗੇ ਤੋਂ ਬਿਹਤਰ ਚੋਣ ਕਰਨ ਬਾਰੇ ਹੈ। ਮੇਰੀ ਕਿਤਾਬ ਪਾਠਕਾਂ ਨੂੰ ਤਾਕਤ ਦਿੰਦੀ ਹੈ ਕਿ ਕਿਵੇਂ ਨਸ਼ਿਆਂ ਬਾਰੇ ਇਕ ਆਸ ਅਤੇ ਡੂੰਘਾ ਗਿਆਨ ਲੈ ਕੇ ਉਹ ਆਪਣੀਆਂ ਕਮੀਆਂ ਨਾਲ ਸੰਘਰਸ਼ ਕਰਨ ਅਤੇ ਉਨ੍ਹਾਂ ਲੋਕਾਂ ਬਾਰੇ ਵੀ ਦੱਸਦੀ ਹੈ ਜਿਨ੍ਹਾਂ ਦੇ ਅਜ਼ੀਜ਼ ਨਸ਼ਿਆਂ ਨਾਲ ਲੜ ਰਹੇ ਹਨ। ਇਹ ਜ਼ਿੰਦਗੀ ਵਿੱਚ ਭਰੋਸਾ, ਤੰਦਰੁਸਤੀ ਅਤੇ ਖੁਸ਼ਹਾਲੀ ਦੇ ਰਸਤੇ ਨੂੰ ਪੇਸ਼ ਕਰਦੀ ਹੈ।"
ਇਹ ਕਿਤਾਬ ਕਲਗੀਧਰ ਟ੍ਰੱਸਟ, ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਦੁਆਰਾ ਰਿਲੀਜ਼ ਕੀਤੀ ਗਈ। ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ ਨੇ ਡਾ. ਰਜਿੰਦਰ ਸਿੰਘ ਜੀ ਨੂੰ ਇਲਾਜ ਦੇ ਨਾਲ-ਨਾਲ ਅਧਿਆਤਮਿਕਤਾ ਮਿਲਾਉਣ ਲਈ ਪ੍ਰੇਰਿਆ। ਬਾਬਾ ਜੀ ਨੇ ਪੂਰਬੀ ਫ਼ਿਲਾਸਫ਼ੀ ਨੂੰ ਮੁੜ-ਸੁਰਜੀਤ ਕਰਦੇ ਹੋਏ ਮਨੁੱਖੀ ਗੁਣਾਂ ਨੂੰ ਆਧੁਨਿਕ ਸਿੱਖਿਆ ਅਤੇ ਸਿਹਤ-ਸੰਭਾਲ ਦੇ ਨਾਲ ਜੋੜਿਆ ਹੈ, ਜਿਸ ਵਿੱਚ ਨਸ਼ਿਆਂ ਦੀ ਭਖਦੀ ਸਮੱਸਿਆ ਵੀ ਸ਼ਾਮਲ ਹੈ। ਕਲਗੀਧਰ ਟ੍ਰੱਸਟ ਦੋ ਨਸ਼ਾ-ਛੁਡਾਊ ਕੇਂਦਰ (ਪੰਜਾਬ ਅਤੇ ਹਿਮਾਚਲ ਪ੍ਰਦੇਸ਼) ਵਿੱਚ ਚਲਾ ਰਿਹਾ ਹੈ।
ਡਾ. (ਕਰਨਲ) ਰਜਿੰਦਰ ਸਿੰਘ ਜੀ ਮੁੱਢਲੀ ਸਿਵਲ ਸੇਵਾ ਅਤੇ ਆਰਮੀ ਦੇ ਕਾਰਜਕਾਲ ਤੋਂ 1991 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ ਸਮਾਜ-ਸੇਵਾ ਕਰ ਰਹੇ ਹਨ। ਉਹ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ, ਸੈਕਟਰ 34, ਚੰਡੀਗੜ ਵਿਖੇ ਚੈਰੀਟੇਬਲ ਡਿਸਪੈਂਸਰੀ ਦਾ ਪ੍ਰਬੰਧਨ ਕਰ ਰਹੇ ਹਨ, ਜਿੱਥੇ ਵੱਖ-ਵੱਖ ਬਿਮਾਰੀਆਂ ਦੇ ਲਗਭਗ 30 ਡਾਕਟਰ ਅਤੇ ਮਾਹਰ ਸਮਾਜ-ਸੇਵਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਉਹ ਕਲਗੀਧਰ ਟ੍ਰੱਸਟ ਬੜੂ ਸਾਹਿਬ ਵਲੋਂ ਚਲਾਏ ਜਾ ਰਹੇ ਦੋ ਨਸ਼ਾ-ਛੁਡਾਊ ਕੇਂਦਰਾਂ (ਪੰਜਾਬ ਅਤੇ ਹਿਮਾਚਲ ਪ੍ਰਦੇਸ਼) ਦਾ ਪ੍ਰਬੰਧਨ ਵੀ ਦੇਖ ਰਹੇ ਹਨ।
ਡਾ. ਦੇਬਾਸ਼ੀਸ਼ ਬਾਸੂ, ਪੀ.ਜੀ.ਆਈ. ਦੇ ਪ੍ਰੋਫੈਸਰ ਅਤੇ ਐਚ.ਓ.ਡੀ. ਸਾਈਕਿਆਟ੍ਰੀ ਵਿਭਾਗ, ਜੋ ਕਿ ਇਸ ਸਮਾਰੋਹ ਦੇ ਮੁੱਖ-ਮਹਿਮਾਨ ਸਨ, ਨੇ ਕਿਹਾ, “ਇਸ ਕਿਤਾਬ ਵਿੱਚ ਨਸ਼ਿਆਂ ਦੀ ਵੱਡੀ ਸਮੱਸਿਆ ਦੇ ਸਫਲਤਾਪੂਰਵਕ ਮੁਕਾਬਲਾ ਕਰਨ ਦੇ ਅਨੁਭਵੀ ਤਰੀਕੇ ਅਤੇ ਯੋਜਨਾਵਾਂ ਹਨ। ਸਭ ਤੋਂ ਮਹੱਤਵਪੂਰਨ ਤਾਂ ਇਹ ਹੈ ਕਿ ਇਹ ਕਿਤਾਬ ਉਨ੍ਹਾਂ ਕਾਰਨਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰਦੀ ਹੈ ਕਿ ਵਿਅਕਤੀ ਨਸ਼ਿਆਂ ਦਾ ਆਦੀ ਕਿਉਂ ਹੁੰਦਾ ਹੈ, ਜਿਸ ਨਾਲ ਇਸ ਦਾ ਹੱਲ ਕਰਨ ਲਈ ਸਹੀ ਤਰੀਕਾ ਅਪਣਾਉਣਾ ਸੌਖਾ ਹੋ ਜਾਂਦਾ ਹੈ। ਮੁੜ-ਵਸੇਵੇਂ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਪੜਾਵਾਂ ਬਾਰੇ ਜਾਣਕਾਰੀ ਵੀ ਇਸ ਕਿਤਾਬ ਵਿੱਚ ਦਿੱਤੀ ਗਈ ਹੈ।”
ਇਸ ਕਿਤਾਬ ਦੇ ਨਾਲ ਹੀ ਇਕ 24/7 ਹੈਲਪਲਾਈਨ ਨੰਬਰ (7588064720) ਵੀ ਸ਼ੁਰੂ ਕੀਤਾ ਗਿਆ ਹੈ, ਜੋ ਨਸ਼ਾ-ਪੀੜਤ ਮਰੀਜ਼ਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਹਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕਰੇਗਾ।