ਚੰਡੀਗੜ :
ਮਾਰਕਫੈੱਡ ਦੇ ਨਵੇਂ ਬਣੇ ਬੋਰਡ ਆਫ ਡਾਇਰੈਕਟਰਜ਼ ਦੀ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਨਵੇਂ ਬਣੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਦੇ ਨਾਲ ਪਹਿਲੀ ਮੀਟਿੰਗ ਹੋਈ।
ਮਾਰਕਫੈੱਡ ਦੇ ਪਿਛਲੇ ਬੋਰਡ ਆਫ ਡਾਇਰੈਕਟਰਜ਼ ਦੀ ਮਿਆਦ 25 ਸਤੰਬਰ, 2021 ਨੂੰ ਸਮਾਪਤ ਹੋ ਗਈ ਸੀ। ਹੁਣ 12 ਅਕਤੂਬਰ, 2021 ਨੂੰ ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਨਵੇਂ ਬੋਰਡ ਦਾ ਗਠਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 23 ਅਕਤੂਬਰ 2021 ਨੂੰ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਮਾਰਕਫੈੱਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ ਪਿਛਲੇ 3 ਸਾਲਾਂ ਦੌਰਾਨ ਮਾਰਕਫੈੱਡ ਦੀ ਕੀਤੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਅਤੇ ਟਰਨ ਓਵਰ ਵਿੱਚ ਵਾਧਾ ਕਰਨ ਲਈ ਮਾਰਕਫੈੱਡ ਟੀਮ ਦੀ ਸ਼ਲਾਘਾ ਕੀਤੀ।
ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਨੇ ਮਾਰਕਫੈੱਡ ਦੇ ਕੰਮਕਾਜ ਵਿੱਚ ਹੋਰ ਸੁਧਾਰ ਲਿਆਉਣ ਲਈ ਅਧਿਕਾਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ।
ਇਸ ਤੋਂ ਪਹਿਲਾਂ ਮਾਰਕਫੈੱਡ ਦੇ ਐਮ.ਡੀ. ਵਰੁਣ ਰੂਜਮ ਵੱਲੋਂ ਨਵੇਂ ਗਠਿਤ ਬੋਰਡ ਆਫ ਡਾਇਰੈਕਟਰਜ਼ ਦਾ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਡਾਇਰੈਕਟਰ ਜਸਦੀਪ ਸਿੰਘ ਨੂੰ ਸਰਬਸੰਮਤੀ ਨਾਲ ਵਾਈਸ ਚੇਅਰਮੈਨ ਚੁਣਿਆ ਗਿਆ।
ਮਾਰਕਫੈੱਡ ਦੀਆਂ 3101 ਮੈਂਬਰ ਸੁਸਾਇਟੀਆਂ ਤੋਂ ਗਠਿਤ ਪੰਜਾਬ ਰਾਜ ਦੀਆਂ 12 ਜੋਨਾਂ ਵਿੱਚੋਂ ਡਾਇਰੈਕਟਰਾਂ ਦੀ ਚੋਣ ਕੀਤੀ ਗਈ ਸੀ।
ਨਵੇਂ ਚੁਣੇ ਗਏ ਡਾਇਰੈਕਟਰਾਂ ਵਿੱਚ ਹਰਿੰਦਰ ਸਿੰਘ, ਜਸਦੀਪ ਸਿੰਘ, ਗਿਆਨ ਸਿੰਘ, ਰਣਜੀਤ ਸਿੰਘ, ਗੁਰਮੇਜ ਸਿੰਘ, ਟਹਿਲ ਸਿੰਘ, ਪਰਮਜੀਤ ਸਿੰਘ, ਕਰਨੈਲ ਸਿੰਘ, ਤਰਲੋਕ ਸਿੰਘ, ਦਵਿੰਦਰ ਸਿੰਘ, ਤਰਸੇਮ ਸਿੰਘ ਅਤੇ ਹਰਿੰਦਰ ਸਿੰਘ ਸ਼ਾਮਲ ਸਨ।