ਚੰਡੀਗੜ-ਆਮ ਆਦਮੀ ਪਾਰਟੀ (ਆਪ) ਨੇ ਹਿਮਾਚਲ ਪ੍ਰਦੇਸ਼ ’ਚ ਚੋਣਾ ਨੂੰ ਦੇਖਦਿਆਂ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਠਕ ਨੂੰ ਸੂਬੇ ਦਾ ਸਹਿ ਪ੍ਰਭਾਰੀ ਬਣਾਇਆ ਹੈ। ‘ਆਪ’ ਦੇ ਕੇਂਦਰੀ ਸਕੱਤਰ ਪੰਕਜ ਗੁਪਤਾ ਨੇ ਪੱਤਰ ਜਾਰੀ ਕਰਕੇ ਡਾ. ਸੰਦੀਪ ਪਾਠਕ ਨੂੰ ਹਿਮਾਚਲ ਪ੍ਰਦੇਸ਼ ਦਾ ਸਹਿ ਪ੍ਰਭਾਰੀ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।
ਡਾ. ਸੰਦੀਪ ਪਾਠਕ ਨੇ ਪੰਜਾਬ ਵਿਧਾਨ ਸਭਾ ਚੋਣਾ ’ਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਜਿੱਤ ਦਵਾਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਤੋਂ ਰਾਜ ਸਭਾ ਭੇਜਿਆ ਗਿਆ। ਇਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਚੋਣਾ ’ਚ ਵੀ ਡਾ. ਪਾਠਕ ਦੀ ਚੰਗੀ ਰਣਨੀਤੀ ਦਾ ਲਾਭ ਆਮ ਆਦਮੀ ਪਾਰਟੀ ਨੂੰ ਮਿਲਿਆ ਸੀ। ਉਨ੍ਹਾਂ ਦੀ ਚੰਗੀ ਚੋਣਾਵੀ ਰਣਨੀਤੀ ਨੂੰ ਦੇਖਦਿਆਂ ਹੁਣ ‘ਆਪ’ ਨੇ ਉਨ੍ਹਾਂ ਨੂੰ ਹਿਮਾਚਲ ਫ਼ਤਿਹ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ।
ਪੇਸ਼ੇ ਤੋਂ ਆਈਆਈਟੀ ਪ੍ਰੋਫੈਸਰ ਡਾ. ਸੰਦੀਪ ਪਾਠਕ ਆਪਣੀਆਂ ਚਾਣਕਿਆ ਨੀਤੀਆਂ ਕਾਰਨ ਆਮ ਆਦਮੀ ਪਾਰਟੀ ਵਿੱਚ ਜਾਣੇ ਜਾਂਦੇ ਹਨ। ਡਾ. ਸੰਦੀਪ ਪਾਠਕ ਅਰਵਿੰਦ ਕੇਜਰੀਵਾਲ ਦੇ ਬਹੁਤ ਕਰੀਬੀ ਹਨ ਅਤੇ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਪੰਜਾਬ ਵਿੱਚ ਰਹਿ ਕੇ ਸੂਬੇ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਜਾਣਿਆ, ਜਿਸ ਦਾ ਫਾਇਦਾ ਉਨ੍ਹਾਂ ਨੂੰ ਆਪਣੀ ਚੋਣ ਰਣਨੀਤੀ ਬਣਾਉਣ ਵਿੱਚ ਮਿਲਿਆ। ਡਾ. ਸੰਦੀਪ ਪਾਠਕ ਨੇ ਪਰਦੇ ਦੇ ਪਿੱਛੇ ਰਹਿ ਕੇ ਆਪਣਾ ਕੰਮ ਬਾਖ਼ੂਬੀ ਕੀਤਾ ਅਤੇ ਨਤੀਜੇ ਵਜੋਂ 'ਆਪ' ਨੇ ਪੰਜਾਬ ਦੀਆਂ 117 'ਚੋਂ 92 ਵਿਧਾਨ ਸਭ ਸੀਟਾਂ ਹਾਸਿਲ ਕਰਕੇ ਨਾ ਸਿਰਫ਼ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸਗੋਂ ਬਹੁਮੱਤ ਦੇ ਮਾਮਲੇ ਵਿੱਚ ਇਤਿਹਾਸ ਰਚ ਦਿੱਤਾ।
ਹਿਮਾਚਲ ਵਿੱਚ ਵੀ ਡਾ. ਸੰਦੀਪ ਪਾਠਕ ਦੇ ਆਉਣ ਨਾਲ ਆਮ ਆਦਮੀ ਪਾਰਟੀ ਮਜ਼ਬੂਤ ਹੋਵੇਗੀ।
'ਆਪ' ਦੇ ਅਹੁਦੇਦਾਰ ਅਤੇ ਵਰਕਰ ਪਿਛਲੇ ਕੁਝ ਸਮੇਂ ਤੋਂ ਹਿਮਾਚਲ 'ਚ ਕਾਫੀ ਸਰਗਰਮੀ ਨਾਲ ਕੰਮ ਕਰ ਰਹੇ ਹਨ। ਪੂਰੇ ਹਿਮਾਚਲ 'ਚ ਆਮ ਆਦਮੀ ਪਾਰਟੀ ਦੇ ਵਰਕਰ ਸਿਹਤ, ਸਿੱਖਿਆ ਅਤੇ ਬੇਰੁਜ਼ਗਾਰੀ 'ਤੇ ਭਾਜਪਾ ਸਰਕਾਰ ਦੇ ਖੋਖਲੇ ਦਾਅਵਿਆਂ ਦਾ ਪਰਦਾਫਾਸ਼ ਕਰ ਰਹੇ ਸਨ। ਜਿਸ ਕਾਰਨ ਬੁਖ਼ਲਾਹਟ 'ਚ ਆ ਕੇ ਭਾਜਪਾ ਨੇ ਹਿਮਾਚਲ 'ਚ 'ਆਪ' ਦੇ ਚੋਣ ਇੰਚਾਰਜ ਸਤੇਂਦਰ ਜੈਨ 'ਤੇ ਝੂਠਾ ਕੇਸ ਬਣਾ ਦਿੱਤਾ ਹੈ। ਇਸ ਸਭ ਦੇ ਵਿਚਕਾਰ 'ਆਪ' ਨੇ ਡਾ. ਸੰਦੀਪ ਪਾਠਕ ਨੂੰ ਹਿਮਾਚਲ ਦਾ ਸਹਿ-ਇੰਚਾਰਜ ਬਣਾ ਕੇ ਮਾਸਟਰਸਟ੍ਰੋਕ ਖੇਡਿਆ, ਜੋ ਭਾਜਪਾ ਲਈ ਵੱਡੀ ਖ਼ਤਰੇ ਦੀ ਘੰਟੀ ਹੈ। ਸੰਸਦ ਮੈਂਬਰ ਡਾ. ਸੰਦੀਪ ਪਾਠਕ ਨੂੰ ਚੋਣ ਰਣਨੀਤੀ ਅਤੇ ਚੋਣ ਪ੍ਰਬੰਧਾਂ ਦਾ ਮਾਹਿਰ ਮੰਨਿਆ ਜਾਂਦਾ ਹੈ ਅਤੇ ਉਹ ਦਿੱਲੀ ਅਤੇ ਪੰਜਾਬ ਚੋਣਾਂ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਹਨ। ਉਹਨਾਂ ਦੇ ਹਿਮਾਚਲ ਵਿੱਚ ਸਹਿ ਪ੍ਰਭਾਰੀ ਬਣਨ 'ਤੇ ‘ਆਪ’ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।