ਅੰਬੂਜਾ ਸੀਮੈਂਟ ਫਾਊਂਡੇਸ਼ਨ ਦੇ ਮੁਖੀ ਸ੍ਰੀ ਮਾਨਵ ਮੈਤੀ ਵਲੋਂ ਭੇਜੀ ਟੀਮ ਨੇ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦਾ ਦੌਰਾ ਕੀਤਾ, ਜਿਸ ਦੌਰਾਨ ਸੀ.ਐੱਸ.ਆਰ. ਪ੍ਰੋਗਰਾਮ ਮੈਨੇਜਰ ਸ੍ਰੀ ਗੌਰਵ ਦੀਕਸ਼ਿਤ ਨੇ ਅਕਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਸਮਾਜ ਸੇਵਾ ਵਿਸ਼ੇ 'ਤੇ ਇਕ ਵਿਸ਼ੇਸ਼ ਇੰਟਰ-ਐਕਟਿਵ ਸੈਸ਼ਨ ਕੀਤਾ। ਇਹ ਵਿਦਿਆਰਥੀ ਯੂਨੀਵਰਸਿਟੀ ਵਿੱਚ ਸੋਸ਼ਲ ਸਾਈਂਸ ਅਤੇ ਇਕਨੋਮਿਕ੍ਸ ਦੇ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ। ਇੰਟਰ-ਐਕਟਿਵ ਸੈਸ਼ਨ ਰਾਹੀਂ ਸ੍ਰੀ ਗੌਰਵ ਦੀਕਸ਼ਿਤ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸੇਧ ਦਿੱਤੀ। ਉਹਨਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਆਪਣੀ ਕੰਪਨੀ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ ਦੀ ਵੀ ਪੇਸ਼ਕਸ਼ ਕੀਤੀ।
ਕਲਗੀਧਰ ਟ੍ਰਸਟ ਬੜੂ ਸਾਹਿਬ ਅਧੀਨ ਚਲ ਰਹੀ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਪਦਮ ਸ਼੍ਰੀ, ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੁਆਰਾ ਉੱਤਰੀ ਭਾਰਤ ਵਿੱਚ ਸਥਾਪਤ ਅਨੇਕਾਂ ਵਿਦਿਅਕ ਅਦਾਰਿਆਂ ਵਿੱਚੋਂ ਇਕ ਹੈ ਜਿਨ੍ਹਾਂ ਵਿੱਚ ਦੁਨਿਆਵੀ ਅਤੇ ਰੂਹਾਨੀ ਵਿੱਦਿਆ ਦੇ ਸੁਮੇਲ ਵਾਲੀ ਸਿੱਖਿਆ ਗ੍ਰਹਿਣ ਕਰ ਕੇ ਵਿਦਿਆਰਥੀ ਸਮਾਜ ਦੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ ਅਤੇ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰ ਰਹੇ ਹਨ।