ਚੰਡੀਗੜ੍ਹ-ਸਿੱਧੂ ਮੂਸੇਵਾਲਾ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਘਰ ਕੇਕ ਕੱਟਣ ਦੀ ਰਸਮ ਲਈ ਜੋ ਫੋਟੋ ਵਰਤੀ ਗਈ ਸੀ, ਉਹ ਅਸਲ ਵਿੱਚ ਇੱਕ ਮਿਕਸਡ ਮੀਡੀਆ ਪੇਂਟਿੰਗ ਹੈ। ਇਹ ਪੇਂਟਿੰਗ ਟ੍ਰਾਈਸਿਟੀ ਦੇ ਕਲਾਕਾਰ ਪਿਊਸ਼ ਪਨੇਸਰ ਦੁਆਰਾ ਬਣਾਈ ਗਈ ਸੀ ਅਤੇ ਉਨ੍ਹਾਂ ਨੇ ਇਸ ਨੂੰ ਸਿੱਧੂ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਘਰ ਜਾ ਕੇ ਤੋਹਫੇ ਵਜੋਂ ਦਿੱਤਾ ਸੀ। ਉਹ ਪੇਂਟਿੰਗ ਪੀਯੂਸ਼ ਦੁਆਰਾ ਸਿੱਧੂ ਮੂਸੇਵਾਲਾ ਆਰਟ ਕਲੈਕਸ਼ਨ ਲਈ ਬਣਾਈ ਗਈ ਪਹਿਲੀ ਪੇਂਟਿੰਗ ਸੀ। ਅੱਜ ਪ੍ਰੈਸ ਕਲੱਬ ਵਿਖੇ, ਪੀਯੂਸ਼ ਨੇ ਆਪਣੀ ਬਾਕੀ ਦੀ ਆਰਟ ਕਲੈਕਸ਼ਨ ਨੂੰ ਡਿਜੀਟਲ ਪਲੇਟਫਾਰਮ 'ਤੇ ਆਮ ਲੋਕਾਂ ਲਈ ਲਾਂਚ ਕੀਤਾ। ਇਸ ਮੌਕੇ ਮਾਨਸਾ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਵੀ ਸ਼ਿਰਕਤ ਕੀਤੀ। ਇਸ ਆਰਟ ਕਲੈਕਸ਼ਨ ਵਿੱਚ ਕੁੱਲ 6 ਪੇਂਟਿੰਗਾਂ ਹਨ ਜੋ ਕਿ ਮਿਕਸਡ ਮੀਡੀਆ ਆਰਟ, ਕੈਨਵਸ ਪੇਂਟਿੰਗ ਆਦਿ ਹਨ। ਪਿਯੂਸ਼ ਨੇ ਇਸ ਸਾਲ ਸਿੱਧੂ ਦੇ ਜਨਮ ਦਿਨ 'ਤੇ ਓਹਨਾ ਦੀ ਹਵੇਲੀ (ਮਾਨਸਾ) 'ਚ ਆਪਣੀਆਂ ਪੇਂਟਿੰਗਾਂ ਵੀ ਪ੍ਰਦਰਸ਼ਿਤ ਕੀਤੀਆਂ ਸਨ।
ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਪੀਯੂਸ਼ ਨੇ ਦੱਸਿਆ ਕਿ ਲੋਕ ਫਿਲਹਾਲ ਇਸ ਕਲੈਕਸ਼ਨ ਨੂੰ 'ਦ ਮਿਸਚਿਫਰਜ਼' ਦੀ ਵੈੱਬਸਾਈਟ 'ਤੇ ਦੇਖ ਸਕਦੇ ਹਨ। ਪੇਂਟਿੰਗਾਂ ਨੂੰ ਜਲਦੀ ਹੀ ਇੱਕ ਸੰਗੀਤ ਪ੍ਰਦਰਸ਼ਨੀ ਵਿੱਚ ਲੋਕਾਂ ਲਈ ਲਾਈਵ ਕੀਤਾ ਜਾਵੇਗਾ। ਅਕਤੂਬਰ ਮਹੀਨੇ ਚ' ਚੰਡੀਗੜ੍ਹ ਵਿੱਚ ਇਹ ਪ੍ਰਦਰਸ਼ਨੀ ਲਗਾਈ ਜਾਵੇਗੀ ਜਿਸ ਵਿੱਚ ਲੋਕਾਂ ਨੂੰ ਪੇਂਟਿੰਗ ਦੇ ਨਾਲ-ਨਾਲ ਸੰਗੀਤ ਅਤੇ ਮਨੋਰੰਜਨ ਦਾ ਵੀ ਭਰਪੂਰ ਆਨੰਦ ਮਿਲੇਗਾ।
ਪੀਯੂਸ਼ ਇੱਕ ਮਿਕਸਡ ਮੀਡੀਆ ਕਲਾਕਾਰ ਹੈ ਜੋ ਪਿਛਲੇ 9 ਸਾਲਾਂ ਤੋਂ ਕੰਮ ਕਰ ਰਿਹਾ ਹੈ। ਸਿੱਧੂ ਦੀਆਂ ਪੇਂਟਿੰਗਾਂ ਤੋਂ ਇਲਾਵਾ ਉਨ੍ਹਾਂ ਨੇ 50 ਤੋਂ ਵੱਧ ਲਾਈਫਸਟੈਲ ਅਤੇ ਵੈੱਡਇੰਗ ਦੀਆਂ ਕਲਾਕ੍ਰਿਤੀਆਂ ਬਣਾਈਆਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਹੁਣ ਤੱਕ ਭਰਪੂਰ ਪਿਆਰ ਮਿਲਿਆ ਹੈ। ਪੇਂਟਿੰਗ ਬਾਰੇ ਗੱਲ ਕਰਦੇ ਹੋਏ ਪਿਊਸ਼ ਨੇ ਕਿਹਾ ਕਿ ਮੈਂ ਹਮੇਸ਼ਾ ਸਿੱਧੂ ਬਾਈ ਨਾਲ ਕੰਮ ਕਰਨਾ ਚਾਹੁੰਦਾ ਸੀ। ਮੈਂ ਆਪਣੇ ਹੁਨਰ ਦੀ ਵਰਤੋਂ ਕਰਦਿਆਂ ਪੇਂਟਿੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਜਦੋਂ ਤੱਕ ਮੈਂ ਉਨ੍ਹਾਂ ਤੱਕ ਪਹੁੰਚਦਾ, ਉਦੋਂ ਤੱਕ ਉਹ ਦੁਖਦਾਈ ਘਟਨਾ ਵਾਪਰ ਚੁੱਕੀ ਸੀ। ਉਸ ਦੇ ਜਾਣ ਦੀ ਖ਼ਬਰ ਨੇ ਅਚਾਨਕ ਮੇਰਾ ਮਨੋਬਲ ਤੋੜ ਦਿੱਤਾ। ਫਿਰ ਮੈਂ ਆਪਣੇ ਦ੍ਵਾਰਾ ਬਣਾਈ ਗਈ ਪਹਿਲੀ ਪੈਂਟਿੰਗ ਉਸਦੇ ਮਾਤਾ-ਪਿਤਾ ਨੂੰ ਦੇਣ ਦਾ ਫੈਸਲਾ ਕੀਤਾ।
ਉਸ ਨੇ ਅੱਗੇ ਕਿਹਾ ਕਿ ਉਸਦੇ ਮਾਤਾ-ਪਿਤਾ ਨਾਲ ਮੁਲਾਕਾਤ ਦੌਰਾਨ ਮੈਨੂੰ ਬੜਾ ਆਪਣਾਪਨ ਮਹਿਸੂਸ ਹੋਇਆ। ਓਹਨਾ ਨਾਲ ਇਸ ਮੁਲਾਕਾਤ ਨੇ ਇੱਕ ਵਾਰ ਫਿਰ ਮੇਰੇ ਅੰਦਰ ਜੋਸ਼ ਭਰ ਦਿੱਤਾ ਅਤੇ ਮੈਂ ਆਪਣੀ ਕਲੈਕਸ਼ਨ ਪੂਰਾ ਕਰਨ ਦੀ ਠਾਣ ਲਈ। ਇਸ ਵਿੱਚ ਬਹੁਤ ਸਮਾਂ ਅਤੇ ਮਿਹਨਤ ਲੱਗੀ ਪਰ ਮੈਂ ਆਪਣੀ ਕਲੈਕਸ਼ਨ ਪੂਰੀ ਕਰ ਲਈ ਅਤੇ ਅੱਜ ਉਨ੍ਹਾਂ ਦੇ ਆਸ਼ੀਰਵਾਦ ਨਾਲ ਮੈਂ ਆਪਣੀ ਪੂਰੀ ਕਲੈਕਸ਼ਨ ਲੋਕਾਂ ਲਈ ਡਿਜੀਟਲ ਪਲੇਟਫਾਰਮ 'ਤੇ ਉਪਲਬਧ ਕਰਵਾ ਰਿਹਾ ਹਾਂ। ਮੈਂ ਇਹ ਪੇਂਟਿੰਗਜ਼ ਸਿੱਧੂ ਬਾਈ ਲਈ ਪਿਆਰ ਅਤੇ ਓਹਨਾ ਨੂੰ ਸ਼ਰਧਾਂਜਲੀ ਦੇਣ ਵਜੋਂ ਬਣਾਈਆਂ ਹਨ। ਮੈਂ ਉਨ੍ਹਾਂ ਨੂੰ ਆਪਣੀਆਂ ਪੇਂਟਿੰਗਾਂ ਰਾਹੀਂ ਸਦਾ ਜ਼ਿੰਦਾ ਰੱਖਣਾ ਚਾਹੁੰਦਾ ਹਾਂ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੈਨੂੰ ਉਸਦੇ ਮਾਤਾ-ਪਿਤਾ ਬਲਕੌਰ ਸਿੱਧੂ ਅਤੇ ਚਰਨ ਕੌਰ ਜੀ ਦਾ ਪਿਆਰ ਅਤੇ ਆਸ਼ੀਰਵਾਦ ਮਿਲਿਆ ਹੈ, ਜਿਸ ਕਾਰਨ ਮੇਰੀ ਇਹ ਕਲੈਕਸ਼ਨ ਦੁਨੀਆ ਦੇ ਸਾਹਮਣੇ ਆ ਸਕੀ।