ਜਲੰਧਰ -ਸਿੱਖਿਆ ਮੰਤਰੀ ਪੰਜਾਬ ਸ: ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਦੀ ਸਰਪ੍ਰਸਤੀ ਅਧੀਨ ਜਲੰਧਰ ਵਿੱਚ ਚੱਲ ਰਹੀਆਂ ਨੈਸ਼ਨਲ ਸਕੂਲ ਖੇਡਾਂ ਹਾਕੀ (ਅੰਡਰ-19) ਦੇ ਪੰਜਵੇਂ ਦਿਨ ਅੱਜ ਮੇਜਬਾਨ ਪੰਜਾਬ ਦੀਆਂ ਟੀਮਾਂ ਨੇ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਟੀਮਾਂ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਇਸ ਮੌਕੇ ਅੱਜ ਜਲੰਧਰ-ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਵਲੋਂ ਬਤੌਰ ਮੁੱਖ ਮਹਿਮਾਨ ਸੁਰਜੀਤ ਹਾਕੀ ਸਟੇਡੀਅਮ ਪਹੁੰਚ ਕੇ ਸੈਮੀਫਾਈਨਲ ਖੇਡ ਰਹੀਆਂ ਟੀਮਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨਾਲ ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਡਾ: ਕੁਲਤਰਨਜੀਤ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸਟੇਟ ਅਵਾਰਡੀ ਰਾਜੀਵ ਜੋਸ਼ੀ, ਡੀ. ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ, ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ, ਪ੍ਰਿੰਸੀਪਲ ਭੁਪਿੰਦਰ ਪਾਲ ਸਿੰਘ, ਅਨਿਲ ਕੁਮਾਰ ਅਵਸਥੀ, ਰਾਜੀਵ ਹਾਂਡਾ, ਸ਼ਸ਼ੀ ਕੁਮਾਰ ਅਤੇ ਹੈੱਡਮਾਸਟਰ ਹਰਬਿੰਦਰ ਪਾਲ ਮੌਜੂਦ ਸਨ। ਇਸ ਤੋਂ ਪਹਿਲਾਂ ਅੱਜ ਖੇਡੇ ਗਏ ਲੜਕਿਆਂ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਪੰਜਾਬ ਨੇ ਝਾਰਖੰਡ ਨੂੰ 6-2, ਹਰਿਆਣਾ ਨੇ ਗੁਜਰਾਤ ਨੂੰ 6-0, ਓਡੀਸ਼ਾ ਨੇ ਮੱਧ ਪ੍ਰਦੇਸ਼ ਨੂੰ 5-0 ਅਤੇ ਉੱਤਰ-ਪ੍ਰਦੇਸ਼ ਨੇ ਪੱਛਮੀ ਬੰਗਾਲ ਨੂੰ 4-0 ਨਾਲ ਹਰਾਇਆ। ਲੜਕੀਆਂ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਪੰਜਾਬ ਨੇ ਝਾਰਖੰਡ ਨੂੰ 2-1, ਮੱਧ ਪ੍ਰਦੇਸ਼ ਨੇ ਉੱਤਰ ਪ੍ਰਦੇਸ਼ ਨੂੰ 3-0, ਹਿਮਾਚਲ ਪ੍ਰਦੇਸ਼ ਨੇ ਮਹਾਰਾਸ਼ਟਰ ਨੂੰ 3-2 ਅਤੇ ਓਡੀਸ਼ਾ ਨੇ ਹਰਿਆਣਾ ਨੂੰ 2-0 ਨਾਲ ਹਰਾਇਆ।ਲੜਕਿਆਂ ਦੇ ਸੈਮੀ-ਫਾਈਨਲ ਮੁਕਾਬਲਿਆਂ ਵਿੱਚ ਪੰਜਾਬ ਨੇ ਹਰਿਆਣਾ ਨੂੰ 5-0 ਅਤੇ ਉੱਤਰ ਪ੍ਰਦੇਸ਼ ਨੇ ਓਡੀਸ਼ਾ ਨੂੰ 3-0 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਦੂਸਰੇ ਪਾਸੇ ਲੜਕੀਆਂ ਦੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਮੇਜਬਾਨ ਪੰਜਾਬ ਨੇ ਮਹਾਰਾਸ਼ਟਰ ਨੂੰ 3-0 ਅਤੇ ਮੱਧ ਪ੍ਰਦੇਸ਼ ਨੇ ਓਡੀਸ਼ਾ ਨੂੰ 1-0 ਨਾਲ ਹਰਾਇਆ। ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸਟੇਟ ਅਵਾਰਡੀ ਰਾਜੀਵ ਜੋਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਦੇ ਫਾਈਨਲ ਮੁਕਾਬਲਿਆਂ ਵਿੱਚ ਪੰਜਾਬ ਦੀ ਲੜਕਿਆਂ ਦੀ ਟੀਮ ਉੱਤਰ-ਪ੍ਰਦੇਸ਼ ਨਾਲ ਅਤੇ ਲੜਕੀਆਂ ਦੀ ਟੀਮ ਮੱਧ-ਪ੍ਰਦੇਸ਼ ਨਾਲ ਸੁਰਜੀਤ ਹਾਕੀ ਸਟੇਡੀਅਮ ਵਿੱਚ ਭਿੜੇਗੀ। ਇਸ ਮੌਕੇ ਡੀ.ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਹਰਿਆਣਾ ਤੇ ਓਡੀਸ਼ਾ ਲੜਕਿਆਂ ਦੀਆਂ ਟੀਮਾਂ ਪੀਏਪੀ ਹਾਕੀ ਗਰਾਊਂਡ ਅਤੇ ਓਡੀਸ਼ਾ ਤੇ ਮਹਾਰਾਸ਼ਟਰ ਲੜਕੀਆਂ ਟੀਮਾਂ ਬੀਐਸਐਫ ਹਾਕੀ ਗਰਾਊਂਡ ਵਿਖੇ ਤੀਜੇ ਸਥਾਨ ਲਈ ਭਿੜਨਗੀਆਂ।