ਫ਼ਤਹਿਗੜ੍ਹ ਸਾਹਿਬ- “ਬੇਸੱਕ ਗੁਰਦੁਆਰਾ ਸ੍ਰੀ ਹੇਮਕੁੰਟ ਟਰੱਸਟ ਦੇ ਅਧੀਨ ਆਉਦੇ ਗੁਰੂਘਰ ਹਰਿਦੁਆਰ, ਰਿਸੀਕੇਸ, ਸ੍ਰੀਨਗਰ, ਗੋਬਿੰਦਘਾਟ, ਗੋਬਿੰਦਧਾਮ ਅਤੇ ਸ੍ਰੀ ਹੇਮਕੁੰਟ ਸਾਹਿਬ ਉਤਰਾਖੰਡ ਸੂਬੇ ਵਿਚ ਆਉਦੇ ਹਨ । ਪਰ ਇਹ ਸਿੱਖਾਂ ਦੇ ਧਾਰਮਿਕ ਸਥਾਂਨ ਹਨ । ਇਨ੍ਹਾਂ ਸਥਾਨਾਂ ਦੇ ਦਰਸ਼ਨ ਕਰਨ ਲਈ ਸਮੁੱਚੇ ਇੰਡੀਆਂ ਵਿਚੋਂ ਸਿੱਖ ਸਰਧਾਲੂ ਹਰ ਸਾਲ ਜਾਂਦੇ ਹਨ । ਪਰ ਬਹੁਤ ਦੁੱਖ ਅਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਉਤਰਾਖੰਡ ਸਰਕਾਰ ਨੇ ਹਿੰਦੂਤਵ ਸੋਚ ਅਧੀਨ ਸ੍ਰੀ ਹੇਮਕੁੰਟ ਸਾਹਿਬ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾਣ ਵਾਲੇ ਸਰਧਾਲੂਆਂ ਤੇ ਯਾਤਰੂਆਂ ਦੀ ਰਿਜਸਟ੍ਰੇਸਨ ਕਰਨ ਲਈ ਸ੍ਰੀ ਹੇਮਕੁੰਟ ਸਾਹਿਬ ਨੂੰ ਹਿੰਦੂ ਧਾਮਾਂ ਵਿਚ ਦਰਜ ਕਰਦੇ ਹੋਏ ਜੋ ਰਿਜਸਟ੍ਰੇਸਨ ਕਰਨ ਦੀ ਗੱਲ ਕੀਤੀ ਹੈ, ਇਹ ਸਾਡੇ ਸਿੱਖੀ ਗੁਰੂਘਰਾਂ ਦੀ ਨਿਵੇਕਲੀ ਅਤੇ ਅਣਖੀਲੀ ਪਹਿਚਾਣ ਨੂੰ ਹਿੰਦੂਤਵ ਰੂਪ ਦੇਣ ਦੀਆਂ ਕੋਝੀਆ ਕਾਰਵਾਈਆ ਹਨ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਨੋਟਿਸ ਲੈਦਾ ਹੋਇਆ ਉਤਰਾਖੰਡ ਦੀ ਪੁਸਕਰ ਸਿੰਘ ਧਾਮੀ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਸਿੱਖਾਂ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ ਨਾ ਕੀਤੀ ਜਾਵੇ ਅਤੇ ਸਾਡੇ ਇਨ੍ਹਾਂ ਗੁਰਧਾਮਾਂ ਨੂੰ ਸਾਜਸੀ ਢੰਗ ਨਾਲ ਹਿੰਦੂ ਧਾਮਾਂ ਵਿਚ ਦਰਜ ਕਰਨ ਦੇ ਅਮਲਾਂ ਤੋ ਤੋਬਾ ਕੀਤੀ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਤਰਾਖੰਡ ਸਰਕਾਰ ਵੱਲੋ ਸ੍ਰੀ ਹੇਮਕੁੰਟ ਸਾਹਿਬ ਦੇ ਸਿੱਖ ਇਤਿਹਾਸ ਨਾਲ ਸੰਬੰਧਤ ਗੁਰੂਘਰਾਂ ਨੂੰ ਹਿੰਦੂ ਧਾਮਾਂ ਨਾਲ ਜੋੜਨ ਦੀ ਮੰਦਭਾਵਨਾ ਅਧੀਨ ਕੀਤੇ ਜਾਣ ਵਾਲੇ ਅਮਲਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਉਤਰਾਖੰਡ ਦੀ ਪੁਸਕਰ ਸਿੰਘ ਧਾਮੀ ਸਰਕਾਰ ਨੂੰ ਅਜਿਹੀਆ ਕਾਰਵਾਈਆ ਤੋ ਤੋਬਾ ਕਰਕੇ ਲੱਖਾਂ ਦੀ ਗਿਣਤੀ ਵਿਚ ਸਿੱਖ ਮਨਾਂ ਨੂੰ ਪਹੁੰਚੀ ਠੇਸ ਤੋ ਸਰੂਖਰ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸਿੱਖ ਕੌਮ ਕਿਸੇ ਵੀ ਧਰਮ, ਕੌਮ, ਕਬੀਲੇ ਆਦਿ ਦੀਆਂ ਧਾਰਮਿਕ, ਸਮਾਜਿਕ ਰਵਾਇਤਾ ਤੇ ਨਿਯਮਾਂ ਵਿਚ ਕਿਸੇ ਤਰ੍ਹਾਂ ਦਾ ਦਖਲ ਨਹੀ ਦਿੰਦੀ ਤਾਂ ਉਤਰਾਖੰਡ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਕੋਈ ਵੀ ਅਮਲ ਜਾਂ ਕਾਰਵਾਈ ਨਾ ਕਰੇ ਜਿਸ ਨਾਲ ਸਿੱਖ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚੇ ਜਾਂ ਉਨ੍ਹਾਂ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਧੁੰਦਲਾ ਕਰਨ ਦੀ ਹਕੂਮਤੀ ਕਾਰਵਾਈ ਹੋਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਤਰਾਖੰਡ ਦੀ ਪੁਸਕਰ ਸਿੰਘ ਧਾਮੀ ਸਰਕਾਰ ਇਸ ਵਿਸੇ ਤੇ ਸੰਜੀਦਗੀ ਨਾਲ ਗੌਰ ਕਰਦੀ ਹੋਈ ਸਾਡੇ ਗੁਰਧਾਮਾਂ ਨੂੰ ਹਿੰਦੂ ਧਾਮਾਂ ਨਾਲ ਜੋੜਨ ਦੀ ਕਤਈ ਗੁਸਤਾਖੀ ਨਹੀ ਕਰੇਗੀ ਅਤੇ ਨਾ ਹੀ ਇਨ੍ਹਾਂ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸਰਧਾਲੂਆਂ ਤੇ ਯਾਤਰੂਆਂ ਦੀ ਇਸ ਧਾਰਮਿਕ ਯਾਤਰਾ ਵਿਚ ਕਿਸੇ ਤਰ੍ਹਾਂ ਦਾ ਵਿਘਨ ਪਾਵੇਗੀ ।