ਨਵੀਂ ਦਿੱਲੀ -ਸ਼੍ਰੋਮਣੀ ਅਕਾਲੀ ਦਲ ਨੂੰ ਖੋਰਾ ਲਾਉਣ ਵਾਲੇ ਬਾਗੀਆਂ ਵਿਰੁੱਧ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਖ਼ਤ ਕਦਮ ਚੁੱਕੇ ਗਏ ਹਨ । ਜਦਕਿ ਬਾਗੀ ਧੜੇ ਦਾ ਫਰਜ਼ ਬਣਦਾ ਸੀ ਕਿ ਜਦੋ ਪਾਰਟੀ ਪ੍ਰਧਾਨ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਸਿਰ ਨਿਵਾਉਦਿਆਂ ਆਪਣਾ ਪੱਖ ਲਿਖਤੀ ਰੂਪ ਵਿਚ ਪੇਸ਼ ਕੀਤਾ ਸੀ ਤਦ ਜੱਥੇਦਾਰ ਅਕਾਲ ਤਖਤ ਸਾਹਿਬ ਵਲੋਂ ਇਸ ਮਾਮਲੇ ਲਈ ਪੰਜ ਸਿੰਘਾਂ ਵਿਚਕਾਰ ਵਿਚਾਰ ਵਟਾਦਰਾਂ ਕਰਣ ਉਪਰੰਤ ਹੀ ਆਪਣਾ ਫ਼ੈਸਲਾ ਦੇਣ ਲਈ ਕਿਹਾ ਗਿਆ ਸੀ । ਇਸ ਲਈ ਬਾਗੀ ਧੜੇ ਨੂੰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਵਲੋਂ ਦਿੱਤੇ ਜਾਣ ਵਾਲੇ ਫੈਸਲੇ ਤਕ ਕਿਸੇ ਵੀ ਪ੍ਰਕਾਰ ਦਾ ਕਿੰਤੂ ਪ੍ਰੰਤੂ ਕਰਣ ਤੋਂ ਸੰਕੋਚ ਕਰਨਾ ਚਾਹੀਦਾ ਸੀ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤਾ ਆਪਣੇ ਬਿਆਨ ਰਾਹੀਂ ਕਿਹਾ ਕਿ ਉਨ੍ਹਾਂ ਵਲੋਂ ਬਾਰ ਬਾਰ ਕੀਤੇ ਜਾ ਰਹੇ ਕਿੰਤੂ ਪ੍ਰੰਤੂ ਕਰਕੇ ਸੁਖਬੀਰ ਬਾਦਲ ਨੂੰ ਸਖ਼ਤ ਕਦਮ ਚੁੱਕਣਾ ਪਿਆ ਸੀ ਜਦਕਿ ਉਨ੍ਹਾਂ ਨੂੰ ਵੀ ਜੱਥੇਦਾਰ ਸਾਹਿਬ ਦੇ ਫੈਸਲੇ ਤਕ ਰੁਕਣਾ ਚਾਹੀਦਾ ਸੀ ਕਿਉਂਕਿ ਜੇਕਰ ਅਸੀ ਪਾਰਟੀ ਵਿਚ ਅਸੰਤੁਸ਼ਟ ਮੈਂਬਰਾਂ ਨੂੰ ਆਪਸ ਵਿਚ ਮਿਲ ਬੈਠ ਕੇ ਵਿਚਾਰਾਂ ਰਾਹੀਂ ਕੁਝ ਮੰਨਣ ਅਤੇ ਕੁਝ ਮਣਾਉਣ ਦੀ ਥਾਂ ਬਾਹਰ ਦਾ ਰਾਹ ਦਿਖਾਵਾਂਗੇ ਤਦ ਸਾਡੇ ਨਾਲ ਕੌਣ ਮਿਲਕੇ ਚਲੇਗਾ ਤੇ ਪਾਰਟੀ ਕਿਸ ਤਰ੍ਹਾਂ ਆਪਣਾ ਵਜੂਦ ਫੈਲਾਵੇਗੀ । ਇਸ ਲਈ ਅਸੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਅਪੀਲ ਕਰਦੇ ਹਾਂ ਕਿ ਪੁਰਾਣੇ/ਨਵੇਂ ਮੈਂਬਰਾਂ ਅਤੇ ਪਾਰਟੀ ਵਰਕਰਾਂ ਨੂੰ ਮੁੜ ਤੋਂ ਪਾਰਟੀ ਨਾਲ ਜੋੜਨ ਲਈ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਏ ਜੋ ਉਨ੍ਹਾਂ ਦੀ ਗੱਲ ਨੂੰ ਸਮਝ ਕੇ ਪਾਰਟੀ ਵਿਚ ਰੱਖ ਸਕਣ । ਇਸ ਨਾਲ ਜਿੱਥੇ ਪਾਰਟੀ ਦਾ ਰਸੂਖ ਵਧੇਗਾ ਵੱਡੀ ਗਿਣਤੀ ਅੰਦਰ ਲੋਕ ਵੀ ਪਾਰਟੀ ਨਾਲ ਜੁੜਨ ਲੱਗ ਪੈਣਗੇ।