ਚੰਡੀਗੜ੍ਹ - ਵਰਲਡ ਪੰਜਾਬੀ ਹੈਰੀਟੇਜ ਫਾਊਂਡੇਸ਼ਨ, ਪੰਜਾਬ ਦੀਆਂ ਵੱਖ-ਵੱਖ ਸੱਭਿਆਚਾਰਕ ਸੰਸਥਾਵਾਂ ਅਤੇ ਵਿਦੇਸ਼ਾਂ ਵਿੱਚ ਸਰਗਰਮ ਸੰਸਥਾਵਾਂ ਦੇ ਸਹਿਯੋਗ ਨਾਲ ਨਵੰਬਰ ਮਹੀਨੇ ਵਿੱਚ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਮੈਗਾ ਐਵਾਰਡ ਸਮਾਰੋਹ ‘ਵਿਰਸੇ ਦੇ ਵਾਰਿਸ’ ਦਾ ਆਯੋਜਨ ਕਰ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸੀਨੀਅਰ ਕਲਾਕਾਰਾਂ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਔਖੇ ਹਾਲਾਤਾਂ ਵਿੱਚ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਲਾਕਾਰਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਸੁਖਮਿੰਦਰ ਕੌਰ ਬਰਾੜ ਉਰਫ ਸੁੱਖੀ ਬਰਾੜ (ਡਾਇਰੈਕਟਰ ਵਰਲਡ ਪੰਜਾਬੀ ਹੈਰੀਟੇਜ ਸੈਂਟਰ), ਲੋਕ ਗਾਇਕ ਪੰਮੀ ਬਾਈ, ਫਿਲਮ ਐਸੋਸੀਏਸ਼ਨ ਪੰਜਾਬ ਤੋਂ ਹਰਦੀਪ ਬਾਈ ਅਤੇ ਮਲਕੀਤ ਰੌਣੀ ਨੇ ਇਸ ਵੱਕਾਰੀ ਐਵਾਰਡ ਦਾ ਰਸਮੀ ਐਲਾਨ ਕਰਦਿਆਂ ਕਿਹਾ ਕਿ ਪੰਜ ਦਰਿਆਵਾਂ ਵਾਲਾ ਸਾਡਾ ਰੰਗਲਾ ਪੰਜਾਬ ਅੱਜ ਪਰਵਾਸ, ਨਸ਼ਿਆਂ, ਬੰਜਰ ਜ਼ਮੀਨ, ਧਰਤੀ ਹੇਠਲੇ ਪਾਣੀ ਦੀ ਘਾਟ ਅਤੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਜੇਕਰ ਕਿਸੇ ਵੀ ਸਮਾਜ ਜਾਂ ਸੂਬੇ ਨੂੰ ਮੁਸੀਬਤ ਵਿੱਚੋਂ ਬਾਹਰ ਕੱਢਣਾ ਹੈ ਤਾਂ ਸੂਬੇ ਦੇ ਸੱਭਿਆਚਾਰ, ਫੋਕ ਅਤੇ ਵਿਰਸੇ ਨੂੰ ਮੁੜ ਸਥਾਪਿਤ ਕਰਨਾ ਹੋਵੇਗਾ ਅਤੇ ਇਸ ਕਾਰਜ ਰਾਹੀਂ ਵਿਸ਼ਵ ਪੰਜਾਬੀ ਵਿਰਾਸਤ ਸੰਸਥਾ ਸੂਬੇ ਨੂੰ ਇੱਕ ਵਾਰ ਫਿਰ ਤੋਂ ਰੰਗਲਾ ਅਤੇ ਖੁਸ਼ਹਾਲ ਬਣਾਉਣ ਦੀ ਜ਼ਿੰਮੇਵਾਰੀ ਚੁੱਕ ਰਹੀ ਹੈ। ਲੋਕ ਗਾਇਕਾ ਸੁਖਮਿੰਦਰ ਕੌਰ ਬਰਾੜ ਨੇ ਵਿਸ਼ਵ ਭਰ 'ਚ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੂਬੇ ਦੀ ਵਿਰਾਸਤ ਨੂੰ ਬਚਾਉਣ ਦੇ ਇਸ ਉਪਰਾਲੇ ਵਿੱਚ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਅਸੀਂ ਪੰਜ ਦਰਿਆਵਾਂ ਵਾਲੇ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾ ਸਕੀਏ।