ਨਵੀਂ ਦਿੱਲੀ - ਸਿੱਖ ਪੰਥ ਉਪਰ ਬਿਪ੍ਰਨ ਵਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਤੇ ਪੰਥ ਵੀ ਅਵੇਸਲਾ ਹੋ ਕੇ ਸਭ ਕੁਝ ਸਹਿਣ ਕਰਣ ਦੇ ਨਾਲ "ਜਬੈ ਬਾਣ ਲਾਗਯੋ, ਤਬੈ ਰੋਸ ਜਾਗਯੋ" ਉਪਰ ਵੀ ਪਹਿਰਾ ਦੇਂਦਿਆ ਵਿਰੋਧ ਕਰਣ ਵਿਚ ਵੀ ਢਿਲ ਨਹੀਂ ਕਰਦਾ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਕੰਗਣਾ ਰਣੌਤ ਦੀ ਫਿਲਮ ਐਮਰਜੈਸੀ ਜਿਸ ਵਿਚ ਸੰਤ ਭਿੰਡਰਾਂਵਾਲਿਆ ਦੇ ਜੀਵਨ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ, ਦੀ ਰਿਲੀਜ਼ ਨੂੰ ਅਣਮਿਥੇ ਸਮੇਂ ਲਈ ਰੁਕਵਾ ਦਿੱਤੀ ਹੈ ।
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਦੇ ਸਾਬਕਾ ਮੁੱਖ ਸੇਵਾਦਾਰ, ਗੁਰਬਾਣੀ ਰਿਸਰਚ ਫਾਉਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੋਸਾਇਟੀ ਦੇ ਚੇਅਰਮੈਨ ਪੰਥਕ ਆਗੂ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਹੁਣ ਗਿਪੀ ਗਰੇਵਾਲ, ਗੁਰਪ੍ਰੀਤ ਘੁੱਗੀ ਦੀ 13 ਸੰਤਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਅਰਦਾਸ ਸਰਬਤ ਦੇ ਭਲੇ ਦੀ ਵਿਚ ਗੁਰਬਾਣੀ ਦੀ ਤੁਕਾਂ ਨਾਲ ਛੇੜਛਾੜ ਕੀਤੀ ਗਈ ਹੈ। ਫਿਲਮ ਦੇ ਜਾਰੀ ਹੋਏ ਟਰੇਲਰ ਵਿਚ ਦੇਖਣ ਨੂੰ ਮਿਲ ਰਿਹਾ ਹੈ ਕਿ "ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥" ਦੀ ਥਾਂ ਤੇ ਮਨ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਅਤੇ ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥ ਨੂੰ ਵੀ ਗਲਤ ਉਚਾਰਣ ਰਾਹੀਂ ਪੜਿਆ ਜਾ ਰਿਹਾ ਹੈ। ਟਰੇਲਰ ਨੂੰ ਦੇਖਦਿਆਂ ਇਹ ਲਗ ਰਿਹਾ ਹੈ ਫਿਲਮ ਅੰਦਰ ਗੁਰਬਾਣੀ ਦੀਆਂ ਤੁਕਾਂ ਨਾਲ ਵਡੀ ਗਿਣਤੀ ਵਿਚ ਛੇੜਛਾੜ ਹੋਵੇਗੀ । ਇਸ ਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੁਰੰਤ ਨੌਟਿਸ ਲੈਂਦਿਆਂ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਜਿਕਰਯੋਗ ਹੈ ਕਿ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਜੀ ਨੂੰ ਔਰੰਗਜ਼ੇਬ ਨੂੰ ਖੁਸ਼ ਕਰਣ ਲਈ ਗੁਰਬਾਣੀ ਦੀ ਤੁਕ ਨੂੰ ਬਦਲਣ ਉਪਰ ਰਾਮ ਰਾਏ ਨੂੰ ਕਿਹਾ ਸੀ ਕਿ ਉਸ ਦਾ ਜਿਸ ਪਾਸੇ ਮੂੰਹ ਹੈ, ਉਹ ਉਸੇ ਪਾਸੇ ਚਲਾ ਜਾਵੇ ਤੇ ਸਾਡੇ ਮੱਥੇ ਨਾ ਲੱਗੇ। ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਫਿਲਮ ਉਪਰ ਕਾਰਵਾਈ ਕਰਦਿਆਂ ਫਿਲਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਇਸ ਲਈ ਇਕ ਪੈਨਲ ਬਣਾ ਕੇ ਇਸ ਦੀਆਂ ਗਲਤੀਆਂ ਸੁਧਾਰੀਆਂ ਜਾਣ, ਤੇ ਜਦੋ ਤਕ ਗਲਤੀਆਂ ਨਹੀਂ ਸੁਧਰਦੀਆਂ ਫਿਲਮ ਦੀ ਰਿਲੀਜ਼ ਨੂੰ ਰੁਕਵਾਇਆ ਜਾਏ ।