ਅੰਮ੍ਰਿਤਸਰ-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਗਏ ਯੂਥ ਫ਼ੈਸਟੀਵਲ-2024 ਦੌਰਾਨ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਜੇਤੂ ਟਰਾਫ਼ੀ ਹਾਸਲ ਕੀਤੀ ਹੈ। ਕਾਲਜ ਨੇ ਐਸੋਸੀਏਟ ਕਾਲਜਾਂ ਦੀ ਸ਼ੇ੍ਰਣੀ ’ਚ ਚੈਂਪੀਅਨ ਟਰਾਫ਼ੀ ਆਪਣੇ ਨਾਮ ’ਤੇ ਕੀਤੀ।
ਇਸ ਦੌਰਾਨ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅਗਾਂਹ ਭਵਿੱਖ ’ਚ ਵੀ ਵਿੱਦਿਆ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਵਿਦਿਆਰਥਣਾਂ ਵੱਲੋਂ ਉਕਤ ਮੇਲੇ ਮੌਕੇ ਉਤਸ਼ਾਹ ਭਰਪੂਰ ਬਾਜ਼ੀ ਮਾਰਦਿਆਂ ਟਰਾਫ਼ੀ ਆਪਣੇ ਨਾਂਅ ਕਰਕੇ ਕਾਲਜ ਦੇ ਨਾਂਅ ਨੂੰ ਚਾਰ-ਚੰਨ ਲਗਾਇਆ। ਉਨ੍ਹਾਂ ਕਿਹਾ ਕਿ ਕਾਲਜ ਪ੍ਰਿੰਸੀਪਲ ਸ: ਨਾਨਕ ਸਿੰਘ ਦੀ ਯੋਗ ਅਗਵਾਈ ਹੇਠ ਵਿਦਿਆਰਥਣਾਂ ਵਿੱਦਿਆ ਦੇ ਨਾਲ-ਨਾਲ ਹੋਰਨਾਂ ਸਰਗਰਮੀਆਂ ’ਚ ਸ਼ਾਨਦਾਰ ਉਪਲਬੱਧੀਆਂ ਆਪਣੇ ਨਾਮ ’ਤੇ ਦਰਜ ਕਰਵਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਕਾਲਜ ਨੂੰ ਹਰੇਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਪ੍ਰਿੰ: ਸ: ਨਾਨਕ ਸਿੰਘ ਨੇ ਕਿਹਾ ਕਿ ਉਕਤ ਮੁਕਾਬਲੇ ’ਚ ਕਾਲਜ ਦੀ ਟੀਮ ਨੇ ਸੰਗੀਤ (ਸ਼ਬਦ ਗਾਇਨ), ਡਾਂਸ (ਗਿੱਧਾ), ਸਾਹਿਤਕ (ਵਕਸ਼ਨ, ਕਾਵਿ-ਸੰਗ੍ਰਹਿ, ਭਾਸ਼ਣ, ਕੁਇਜ਼), ਥੀਏਟਰ (ਪੋਸ਼ਾਕ ਪਰੇਡ, ਮਿਮਿਕਰੀ, ਸਕਿੱਟ) ਅਤੇ ਫਾਈਨ ਆਰਟ (ਰੰਗੋਲੀ, ਕੋਲਾਜ, ਮਹਿੰਦੀ, ਫੁਲਕਾਰੀ, ਕਾਰਟੂਨਿੰਗ, ਪੋਸਟਰ ਮੇਕਿੰਗ) ’ਚ ਆਪਣੀ ਹੁਨਰ ਦਾ ਜਬਰਦਸਤ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਅਤੇ ਕਾਬਲੀਅਤ ਨੂੰ ਉਭਾਰਣ ਲਈ ਅਜਿਹੇ ਮੁਕਾਬਲਿਆਂ ਦਾ ਹਿੱਸਾ ਬਣਨਾ ਚਾਹੀਦਾ ਹੈ, ਜਿਸ ਨਾਲ ਉਹ ਆਪਣੇ ਜੀਵਨ ’ਚ ਉਪਲੱਬਧੀਆਂ ਹਾਸਲ ਕਰਨ ਲਈ ਉਤਸ਼ਾਹਿਤ ਹੁੰਦੇ ਹਨ।