ਪੰਜਾਬ

ਜੰਮੂ-ਕਸ਼ਮੀਰ ਦਾ 33 ਕਿਲੋ ਹੈਰੋਇਨ ਬਰਾਮਦਗੀ ਮਾਮਲਾ: ਪੰਜਾਬ ਪੁਲਿਸ ਵੱਲੋਂ ਫੌਜ ਵਿੱਚੋਂ ਭਗੌੜੇ ਹੋਏ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਕੌਮੀ ਮਾਰਗ ਬਿਊਰੋ | September 15, 2024 07:34 PM

ਜਲੰਧਰ- ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਸਰਹੱਦ ਪਾਰੋਂ ਚੱਲ ਰਹੇ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਕਰਾਰੀ ਸੱਟ ਮਾਰਦਿਆਂ ਕਾਊਂਟਰ ਇੰਟੈਲੀਜੈਂਸ ਜਲੰਧਰ ਵੱਲੋਂ ਪਾਕਿਸਤਾਨ ਅਧਾਰਿਤ ਹੈਰੋਇਨ ਤਸਕਰੀ ਦੇ ਰੈਕੇਟ ਨਾਲ ਸਬੰਧਤ ਮੁੱਖ ਸਰਗਨਾ ਤੇ ਫੌਜ ਵਿੱਚੋਂ ਭਗੌੜੇ ਅੰਮ੍ਰਿਤਪਾਲ ਸਿੰਘ ਉਰਫ਼ ਫੌਜੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 12.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਪਿੰਡ ਕਸੇਲ ਦਾ ਰਹਿਣ ਵਾਲਾ ਮੁਲਜ਼ਮ ਅੰਮ੍ਰਿਤਪਾਲ ਸਿੰਘ ਫੌਜੀ ਅਗਸਤ 2024 ਤੋਂ ਭਗੌੜਾ ਸੀ, ਜਦੋਂ ਉਸ ਦੇ ਸਾਥੀ ਸਰਤਾਜ ਨੂੰ ਜੰਮੂ ਬੱਸ ਸਟੈਂਡ ਤੋਂ 33 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਪੁਸ਼ਟੀ ਕੀਤੀ ਹੈ ਕਿ ਇਸ ਕਾਰਟੈਲ ਦੇ ਅੰਤਰਰਾਸ਼ਟਰੀ ਸਬੰਧ ਹਨ ਕਿਉਂਕਿ ਇਸ ਦਾ ਸੰਚਾਲਨ ਬਦਨਾਮ ਭਗੌੜੇ ਅੰਮ੍ਰਿਤ ਪਾਲ ਸਿੰਘ ਬਾਠ ਵਾਸੀ ਪਿੰਡ ਮੀਆਂਪੁਰ, ਤਰਨਤਾਰਨ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਸਮੇਂ ਦੁਬਈ ਤੋਂ ਇਸ ਕਾਰਟੈਲ ਦਾ ਸੰਚਾਲਨ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਉਹ ਇੱਕ ਬਦਨਾਮ ਗੈਂਗਸਟਰ/ਸਮੱਗਲਰ ਹੈ, ਜਿਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦੋ ਕਤਲ ਕੇਸਾਂ ਸਮੇਤ 15 ਤੋਂ 20 ਕੇਸ ਦਰਜ ਹਨ।
ਡੀਜੀਪੀ ਨੇ ਦੱਸਿਆ ਕਿ ਭਰੋਸੇਮੰਦ ਖੁਫੀਆ ਸੂਹ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਜਲੰਧਰ ਦੀਆਂ ਟੀਮਾਂ ਨੇ ਜਲੰਧਰ ਦੇ ਪਿੰਡ ਕੰਗਣੀਵਾਲ ਦੇ ਨਹਿਰੀ ਪੁਲ 'ਤੇ ਵਿਸ਼ੇਸ਼ ਨਾਕਾ ਲਗਾਇਆ ਅਤੇ ਅੰਮ੍ਰਿਤਪਾਲ ਫੌਜੀ ਨੂੰ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਅਗਲੇਰੀ ਜਾਂਚ ਦੌਰਾਨ ਮੁਲਜ਼ਮ ਵੱਲੋਂ ਦੱਸੇ ਟਿਕਾਣੇ ਤਰਨਤਾਰਨ ਤੋਂ ਪਿੰਡ ਜੋਧਪੁਰ ਨੂੰ ਜਾਂਦੀ ਲਿੰਕ ਸੜਕ ਤੋਂ 12.4 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਨੇ ਪਲੈਟੀਨਾ ਮੋਟਰਸਾਈਕਲ (ਪੀਬੀ 08 ਈਐਲ 5952), ਜਿਸ ’ਤੇ ਮੁਲਜ਼ਮ ਅੰਮ੍ਰਿਤਪਾਲ ਫੌਜੀ ਜਾ ਰਿਹਾ ਸੀ, ਨੂੰ ਵੀ ਜ਼ਬਤ ਕਰ ਲਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏਆਈਜੀ ਸੀਆਈ ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਉਸ ਨੇ ਅਤੇ ਉਸ ਦੇ ਸਾਥੀ ਨੇ ਪਿਛਲੇ ਮਹੀਨੇ ਅਖਨੂਰ ਸੈਕਟਰ ਤੋਂ 50 ਕਿਲੋ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਸੀ, ਜਿਸ ਵਿੱਚੋਂ 33 ਕਿਲੋ ਹੈਰੋਇਨ ਉਸ ਦੇ ਸਾਥੀ ਸਰਤਾਜ ਕੋਲ ਸੀ ਜਿਸ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਫੌਜੀ ਦੇ ਸਾਥੀ ਦੀ ਗ੍ਰਿਫ਼ਤਾਰੀ ਉਪਰੰਤ ਉਸ ਨੇ ਬਾਕੀ ਬਚੀ ਹੈਰੋਇਨ ਨੂੰ ਕਿਸੇ ਖਾਲੀ ਥਾਂ 'ਤੇ ਛੁਪਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਐਫਆਈਆਰ ਨੰਬਰ 57 ਮਿਤੀ 13.09.2024 ਨੂੰ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਅਤੇ 29 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Have something to say? Post your comment

 

ਪੰਜਾਬ

ਕਿਸਾਨਾਂ ਨੂੰ ਖਾਦਾਂ ਨਾਲ ਹੋਰ ਉਤਪਾਦ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਚਾਰ ਟੀਮਾਂ ਗਠਿਤ: ਗੁਰਮੀਤ ਖੁੱਡੀਆਂ

ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦਾ ਕੁੱਲ ਬਕਾਇਆ 364 ਕਰੋੜ ਰੁਪਏ ਤੇ ਨਿੱਜੀ ਹਸਪਤਾਲਾਂ ਦਾ ਬਕਾਇਆ 197 ਕਰੋੜ ਰੁਪਏ ਹੈ: ਡਾ. ਬਲਬੀਰ ਸਿੰਘ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ

ਅਨਾਜ ਘੁਟਾਲੇ ਦੇ ਦੋਸ਼ੀ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਦਾ ਸਾਥੀ ਅਨੁਰਾਗ ਬੱਤਰਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ

50,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਟਾਊਨ ਪਲਾਨਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਪੰਜਾਬ ਪੁਲਿਸ ਦੀ ਏ.ਐਨ.ਟੀ.ਐਫ. ਨੇ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਨਸ਼ਾ ਸਪਲਾਇਰਾਂ ਨਾਲ ਮਿਲੀਭੁਗਤ ਕਰਨ ਲਈ ਕੀਤਾ ਪਰਚਾ ਦਰਜ

ਪੰਜਾਬ ਸਰਕਾਰ ਨੂੰ ਅਗਸਤ ਮਹੀਨੇ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ 26 ਫੀਸਦੀ ਵਾਧਾ: ਜਿੰਪਾ

ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ ਬੀ.ਐਮ.ਡਬਲਿਊ. ਦੇ ਪਾਰਟਸ-ਮੁੱਖ ਮੰਤਰੀ ਅਗਲੇ ਮਹੀਨੇ ਰੱਖਣਗੇ ਨੀਂਹ ਪੱਥਰ

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਲਾ ਪੱਧਰੀ ਕੈਂਪ ਲਗਾਏ ਜਾਣਗੇ: ਡਾ. ਬਲਜੀਤ ਕੌਰ