ਮਰਹੂਮ ਦੇਵ ਥਰੀਕੇ ਵਾਲਾ ਕਲਮ ਦਾ ਅਜਿਹਾ ਮਹਾਨ ਜਾਦੂਗਰ ਸੀ ਜਿਸ ਨੇ ਜੋ ਵੀ ਗੀਤ ਲਿਖਿਆ ਉਹ ਪੰਜਾਬੀ ਸਭਿਆਚਾਰ ਦਾ ਸਦੀਵੀ ਹਿਂਸਾ ਬਣ ਗਿਆ। ਉਸ ਦੇ ਗੀਤਾਂ ਦੀ ਪਟਾਰੀ ਵਿਚੋਂ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਅਤੇ ਜੱਟ ਜੀਊਣਾ ਮੌੜ ਫੇਮ ਸੁਰਿੰਦਰ ਛਿੰਦਾ ਆਦਿ ਅਜਿਹੇ ਕਈ ਗਾਇਕ ਅਤੇ ਕਲਾਕਾਰ ਨਿਕਲੇ ਜਿਨ੍ਹਾਂ ਦੁਨੀਆਂ ਨੇ ਕੋਨੇ ਕੋਨੇ ਵਿਚ ਵੱਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਆਪਣੀ ਨਿਵੇਕਲੀ ਪਛਾਣ ਸਥਾਪਤ ਕੀਤੀ । ਇਹ ਵਿਚਾਰ ਸ਼੍ਰੋਮਣੀ ਲਿਖਾਰੀ ਬੋਰਡ ਰਜਿ. ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਸਥਾਨਕ ਪੰਜਾਬੀ ਭਵਨ ਵਿਖੇ ਉੱਘੇ ਗੀਤਕਾਰ ਦੇਵ ਥਰੀਕਿਆਂ ਵਾਲੇ ਦੇ 86ਵੇਂ ਜਨਮ ਦਿਨ ਮਨਾਉਣ ਲਈ ਰਖੇ ਗਏ ਇਕ ਸਮਾਗਮ ਦੌਰਾਨ ਪ੍ਰਗਟ ਕੀਤੇ । ਇਹ ਸਮਾਗਮ ਕਲ੍ਹ ਸਾਹਿਤਕ ਸੰਸਥਾ ਸਿਰਜਣਧਾਰਾ ਅਤੇ ਸ਼੍ਰੋਮਣੀ ਲਿਖਾਰੀ ਬੋਰਡ ਰਜਿ. ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ ਜਿਸ ਦੀ ਸ਼ੁਰੂਆਤ ਦੇਵ ਥਰੀਕੇ ਵਾਲਾ ਉਰਫ ਹਰਦੇਵ ਦਿਲਗੀਰ ਦੀ ਤਸਵੀਰ ਤੇ ਫੁੱਲ ਮਲਾਵਾਂ ਅਰਪਣ ਕਰ ਕੇ ਕੀਤੀ ਗਈ । ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਟੇਟ ਅਤੇ ਨੈਸ਼ਨਲ ਅਵਾਰਡੀ ਅਧਿਆਪਕਾ ਉੱਘੀ ਗ਼ਜ਼ਲ ਗੋ ਡਾ: ਗੁਰਚਰਨ ਕੌਰ ਕੋਚਰ ਪ੍ਰਧਾਨ ਸਿਰਜਣ ਧਾਰਾ ਜੋ ਪੰਜਾਬੀ ਸਾਹਿਤ ਅਕਾਡਮੀ ਦੀ ਉਪ ਪ੍ਰਧਾਨ ਵੀ ਹਨ ਨੇ ਕਿਹਾ ਕਿ ਦੇਵ ਸਾਹਿਬ ਨੇ ਗੀਤਕਾਰੀ ਵਿੱਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ ਤੇ ਉਨ੍ਹਾਂ ਦੀ ਪੰਜਾਬੀ ਮਾਂ ਬੋਲੀ ਪ੍ਰਤੀ ਸੇਵਾ ਨੂੰ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਸੱਚ ਮੁੱਚ ਦੇਵ ਪੁਰਸ਼ ਸਨ ਜਿਨ੍ਹਾਂ ਕਈ ਨਵੇਂ ਉਭਰਦੇ ਕਲਾਕਾਰਾਂ ਦਾ ਮਾਰਗ ਦਰਸ਼ਨ ਕੀਤਾ ਜਦਕਿ ਉੱਘੇ ਸਮਾਜ ਸੇਵੀ ਅਮਰਜੀਤ ਸਿੰਘ ਟਿੱਕਾ ਮੁੱਖ ਮਹਿਮਾਨ ਦੇ ਤੌਰ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਡਾ: ਗੁਲਜ਼ਾਰ ਪੰਧੇਰ, ਡਾ: ਗੁਰਇਕਬਾਲ ਸਿੰਘ, ਅਤੇ ਗੀਤਕਾਰ ਅਤੇ ਸਟੇਟ ਆਵਾਰਡੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਸ਼ਾਮਲ ਸਨ । ਬੁਲਾਰਿਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਦੇਵ ਥਰੀਕੇ ਵਾਲੇ ਜਿੱਥੇ ਇੱਕ ਪਰਪੱਕ ਗੀਤਕਾਰ ਸਨ ਉੱਥੇ ਉਹ ਇੱਕ ਵਧੀਆ ਕਹਾਣੀਕਾਰ ਵੀ ਸਨ। ਪੰਜਾਬ ਦੇ ਹਰ ਮਹਾਨ ਗਾਇਕ ਨੇ ਉਹਨੇ ਦੇ ਲਿਖੇ ਗੀਤ ਗਾ ਕੇ ਮਕਬੂਲੀਅਤ ਦੀਆਂ ਬੁਲੰਦੀਆਂ ਨੂੰ ਛੂਹਿਆ। ਉਹਨਾਂ ਨਾਲ ਬਿਤਾਏ ਪਲਾਂ ਦਾ ਵਿਸ਼ੇਸ਼ ਜ਼ਿਕਰ ਕਰਦੇ ਕਿਹਾ ਕਿ ਦੇਵ ਵਰਗਾ ਵਧੀਆ ਕਲਮਕਾਰ ਤੇ ਇਨਸਾਨ ਬਣਨਾ ਬਹੁਤ ਮੁਸ਼ਕਿਲ ਹੈ, ਉਹਨਾਂ ਦਾ ਲਿਖਿਆ ਹਰ ਗੀਤ ਜਦੋਂ ਵੀ ਕਿਸੇ ਕਲਾਕਾਰ ਦੀ ਆਵਾਜ਼ ਵਿੱਚ ਰਿਕਾਰਡ ਹੁੰਦਾ ਤਾਂ ਵੱਜਣ ਸਾਰ ਹੀ ਲੋਕਾਂ ਦੇ ਦਿਲਾਂ ਵਿਚ ਵਸ ਜਾਂਦਾ ਸੀ । ਡਾ.ਨਿਰਮਲ ਜੌੜਾ ਨੇ ਦੇਵ ਸਾਹਬ ਦੇ ਜੀਵਨ ਯਾਦਾਂ ਦੀ ਗੱਲ ਕਰਦਿਆਂ ਕਿਹਾ ਕਿ ਦੇਵ ਸਾਹਿਬ ਦਾ ਮਿਲਾਪੜਾ ਸੁਭਾਅ ਅਤੇ ਕਲਮ ਦੀ ਵਿਲੱਖਣਤਾ ਦੀ ਜੇ ਗੱਲ ਕਰੀਏ ਤਾਂ ਬਹੁਤ ਸਮਾਂ ਲੱਗ ਜਾਵੇਗਾ। ਉੱਘੇ ਪੰਥਕ ਕਵੀ ਡਾ ਹਰੀ ਸਿੰਘ ਜਾਚਕ ਨੇ ਦੇਵ ਸਾਹਬ ਦੀ ਜੀਵਨੀ ਤੇ ਢੁੱਕਦੀ ਕਵਿਤਾ ਸੁਣਾ ਕੇ ਸੰਗੀਤ ਮਈ ਸੁਰੀਲਾ ਰੰਗ ਬੰਨ੍ਹਿਆ, ਗੀਤਕਾਰ ਜਸਬੀਰ ਸਿੰਘ ਝੱਜ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਦੇਵ ਸਾਹਬ ਦੇ ਲਿਖੇ ਗੀਤਾਂ ਚੋਂ ਇਕ ਗੀਤ ਸੁਣਾ ਕੇ ਵਧੀਆ ਮਾਹੌਲ ਸਿਰਜਿਆ। ਉਪਰੰਤ ਹੋਏ ਕਵੀ ਅਤੇ ਗੀਤ ਦਰਬਾਰ ਵਿੱਚ ਉੱਘੇ ਕਵੀ ਤਰਲੋਚਨ ਲੋਚੀ ਨੇ ਗ਼ਜ਼ਲ ਅਤੇ ਗੀਤ ਨਾਲ ਕਵੀ ਅਤੇ ਗੀਤ ਦਰਬਾਰ ਦੀ ਸ਼ੁਰੂਆਤ ਕੀਤੀ । ਪ੍ਰਸਿੱਧ ਗਾਇਕ ਜਗਪਾਲ ਜੱਗਾ, ਗਾਇਕ ਤੇ ਕਵੀ ਸੰਪੂਰਨ ਸਨਮ, ਪਰਮਿੰਦਰ ਅਲਬੇਲਾ, ਸੰਧੇ ਸੁਖਬੀਰ, ਸੁਖਬੀਰ ਭੁੱਲਰ ਮਜੀਠੀਆ, ਦਲਬੀਰ ਕਲੇਰ, ਬਲਜੀਤ ਸਿੰਘ ਬਾਗੀ ਟੂਸੇ , ਪੰਮੀ ਹਬੀਬ, ਸੂਫ਼ੀ ਗਾਇਕਾ ਸੁਰਿੰਦਰ ਕੌਰ ਬਾੜਾ ਸਰਹੰਦ, ਕਵਿਤਰੀ ਸਿਮਰਨ ਧੁੱਗਾ, ਇੰਦਰਜੀਤ ਕੌਰ ਲੋਟੇ, ਗੁਰਮੀਤ ਕੌਰ ਬਾਜ਼ੀਦਪੁਰ, ਪ੍ਰਿੰਸੀਪਲ ਮਹਿੰਦਰ ਕੌਰ ਗਰੇਵਾਲ, ਕਹਾਣੀਕਾਰ ਸੁਰਿੰਦਰ ਦੀਪ ਅਤੇ ਸਵਰਗੀ ਸਰਬਜੀਤ ਸਿੰਘ ਵਿਰਦੀ ਦਾ ਪਰਿਵਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਭਨਾਂ ਨੇ ਕੁੱਝ ਸਾਹਿਤਕ ਗੀਤਾਂ ਤੇ ਕਵਿਤਾਵਾਂ ਨਾਲ ਭਰਪੂਰ ਹਾਜ਼ਰੀ ਲਗਵਾਈ। ਇਸ ਮੌਕੇ ਇਸ ਮੌਕੇ ਸਤਨਾਮ ਸਿੰਘ ਗਹਿਲੇ, ਬਾਪੂ ਬਲਕੌਰ ਸਿੰਘ, ਸਾਹਿਤਕਾਰ ਅਤੇ ਸੇਵਾ ਮੁਕਤ ਕਮਾਂਡੈਂਟ ਭੁਪਿੰਦਰ ਸਿੰਘ ਚੌਂਕੀਮਾਨ, ਚੇਤਨਾ ਪ੍ਰਕਾਸ਼ਨ ਤੋਂ ਸਤੀਸ਼ ਗੁਲਾਟੀ ਅਤੇ ਦੀਪ ਜਗਦੀਪ ਵੀ ਹਾਜ਼ਰ ਸਨ। ਅੰਤ ਵਿੱਚ ਡਾ. ਗੁਰਚਰਨ ਕੌਰ ਕੋਚਰ ਨੇ ਆਏ ਸਭਨਾਂ ਦਾ ਧੰਨਵਾਦ ਕੀਤਾ।