ਮਨੋਰੰਜਨ

ਵੈਨਕੂਵਰ ਵਿਚਾਰ ਮੰਚ ਨੇ ਨਛੱਤਰ ਸਿੰਘ ਗਿੱਲ ਦੁਆਰਾ ਅਨੁਵਾਦਿਤ ਨਾਵਲ ‘ਕਿਊਬਨ ਪਰੀ’ ਰਿਲੀਜ਼ ਕੀਤਾ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | September 24, 2024 07:23 PM

ਸਰੀ-ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ ਨਛੱਤਰ ਸਿੰਘ ਗਿੱਲ ਦੁਆਰਾ ਅਨੁਵਾਦ ਕੀਤਾ ਗਿਆ ਨਾਵਲ ‘ਕਿਊਬਨ ਪਰੀ’ ਰਿਲੀਜ਼ ਕਰਨ ਲਈ ਬੀਤੇ ਦਿਨ ਨਛੱਤਰ ਸਿੰਘ ਗਿੱਲ ਦੇ ਫਾਰਮ ਹਾਊਸ ‘ਤੇ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਵਿੱਚ ਪਹੁੰਚੇ ਸਾਹਿਤਕ ਮਿੱਤਰਾਂ ਦਾ ਸਵਾਗਤ ਕਰਦਿਆਂ ਮੰਚ ਦੇ ਸਕੱਤਰ ਮੋਹਨ ਗਿੱਲ ਨੇ ਨਛੱਤਰ ਸਿੰਘ ਗਿੱਲ ਅਤੇ ਨਾਵਲ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸਾਰੇ ਦੋਸਤਾਂ ਨੂੰ ਜੀ ਆਇਆਂ ਕਿਹਾ।

ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਨਾਵਲਕਾਰ, ਕਹਾਣੀਕਾਰ ਅਤੇ ਆਲੋਚਕ ਡਾ. ਸੁਰਜੀਤ ਬਰਾੜ ਨੇ ਨਛੱਤਰ ਸਿੰਘ ਗਿੱਲ ਵੱਲੋਂ ਪੰਜਾਬੀ ਕਹਾਣੀ, ਨਾਵਲ ਅਤੇ ਅਨੁਵਾਦ ਦੇ ਖੇਤਰ ਵਿੱਚ ਪਾਏ ਵੱਡੇ ਯੋਗਦਾਨ ਬਾਰੇ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਛੱਤਰ ਸਿੰਘ ਗਿੱਲ ਹੁਣ ਤੱਕ ਮੌਲਿਕ ਅਤੇ ਅਨੁਵਾਦਿਤ 35 ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਜਿਹਨਾਂ ਵਿਚ ਉਨ੍ਹਾਂ ਦੇ 7 ਮੌਲਿਕ ਨਾਵਲ, 4 ਕਹਾਣੀ ਸੰਗ੍ਰਹਿ ਅਤੇ ਕੁਝ ਹੋਰ ਵਾਰਤਕ ਤੇ ਕਵਿਤਾ ਦੀਆਂ ਪੁਸਤਕਾਂ ਸ਼ਾਮਲ ਹਨ। ਨਵ-ਪ੍ਰਕਾਸ਼ਿਤ ਅਨੁਵਾਦਿਤ ਨਾਵਲ ‘ਕਿਊਬਨ ਪਰੀ’ ਬਾਰੇ ਬੋਲਦਿਆਂ ਡਾ. ਬਰਾੜ ਨੇ ਕਿਹਾ ਕਿ ਇਸ ਨਾਵਲ ਵਿੱਚ ਕਿਊਬਾ ‘ਤੇ ਕਾਬਜ਼ ਸਪੇਨ ਤੋਂ ਆਜ਼ਾਦ ਹੋਣ ਲਈ ਕਿਊਬਾ ਦੇ ਲੋਕਾਂ ਵੱਲੋਂ ਕੀਤੇ ਲੰਮੇ ਅਤੇ ਦ੍ਰਿੜ ਸੰਘਰਸ਼ ਦੀ ਗਾਥਾ ਹੈ ਅਤੇ ਵਿਸ਼ੇਸ਼ ਤੌਰ ‘ਤੇ ਨਾਵਲ ਦੀਆਂ ਤਿੰਨ ਨਾਇਕਾਵਾਂ ਵੱਲੋਂ ਆਜ਼ਾਦੀ ਦੀ ਲਹਿਰ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਕਹਾਣੀ ਹੈ। ਇਸ ਵਿੱਚ ਔਰਤ ਦੀ ਭੂਮਿਕਾ ਨੂੰ ਵਿਸ਼ੇਸ਼ ਤੌਰ ‘ਤੇ ਦਰਸਾਇਆ ਗਿਆ ਹੈ ਅਤੇ ਇੱਕ ਤਰ੍ਹਾਂ ਨਾਲ ਇਹ ਨਾਵਲ ਔਰਤ ਵਰਗ ਨੂੰ ਚੇਤੰਨ ਕਰਨ ਦਾ ਉਪਰਾਲਾ ਹੈ। ਉਨ੍ਹਾਂ ਨਛੱਤਰ ਸਿੰਘ ਗਿੱਲ ਵੱਲੋਂ ਅਗਲੇ ਦਿਨਾਂ ਵਿਚ ਫੀਦਲ ਕਾਸਤਰੋ ਬਾਰੇ ਛਪ ਰਹੇ ਨਾਵਲ ਬਾਰੇ ਵੀ ਸੰਖੇਪ ਜਾਣਕਾਰੀ ਸਾਂਝੀ ਕੀਤੀ।

ਨਾਵਲ ਬਾਰੇ ਵਿਚਾਰ ਪੇਸ਼ ਕਰਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਇਹ ਨਾਵਲ ਸ਼ਨੈਲ ਕਲੀਟਨ ਦੇ ਅੰਗਰੇਜ਼ੀ ਨਾਵਲ ‘ਦਿ ਮੋਸਟ ਬਿਊਟੀਫੁੱਲ ਗਰਲ ਇਨ ਕਿਊਬਾ’ ਦਾ ਪੰਜਾਬੀ ਅਨੁਵਾਦ ਹੈ ਜਿਸ ਵਿਚ 1896-97 ਵਿਚ ਕਿਊਬਾ ਵਿਚ ਚੱਲ ਰਹੇ ਆਜ਼ਾਦੀ ਸੰਘਰਸ਼ ਦੀ ਕਹਾਣੀ ਹੈ। ਨਛੱਤਰ ਸਿੰਘ ਗਿੱਲ ਨੇ ਇਸ ਨੂੰ ਪੰਜਾਬੀ ਵਿੱਚ ਅਨੁਵਾਦ ਕਰ ਕੇ ਪੰਜਾਬੀ ਪਾਠਕਾਂ ਨੂੰ ਇਕ ਅਨਮੋਲ ਤੋਹਫ਼ਾ ਦਿੱਤਾ ਹੈ। ਇਸ ਵਿਚ ਪਾਤਰਾਂ ਦੇ ਸਿਰਲੇਖ ਦੇ ਕੇ ਉਨ੍ਹਾਂ ਰਾਹੀਂ ਕਹਾਣੀ ਨੂੰ ਬਿਆਨਿਆ ਗਿਆ।

ਨਛੱਤਰ ਸਿੰਘ ਗਿੱਲ ਨੇ ਇਹ ਪ੍ਰੋਗਰਾਮ ਰਚਾਉਣ ਲਈ ਵੈਨਕੂਵਰ ਵਿਚਾਰ ਮੰਚ ਦਾ ਧੰਨਵਾਦ ਕੀਤਾ। ਨਾਵਲ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਇਸ ਨਾਵਲ ਦੀ ਨਿਵੇਕਲੀ ਵਿਧਾ ਅਤੇ ਵਿਸ਼ੇ ਨੇ ਅਨੁਵਾਦ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਇਸ ਦਾ ਮੁੱਖ ਵਿਸ਼ਾ ਸਪੇਨ ਤੇ ਕਿਊਬਾ ਦੀ 10 ਸਾਲਾਂ ਲੰਬੀ ਜੰਗ ਦਾ ਬਿਰਤਾਂਤ ਹੈ। ਇਸ ਜੰਗ ਵਿੱਚ ਕਿਊਬਾ ਦੀਆਂ ਤਿੰਨ ਮੁਟਿਆਰਾਂ ਭਾਗ ਲੈਂਦੀਆਂ ਹਨ ਤੇ ਕਿਊਬਾ ਨੂੰ ਸਪੇਨ ਦੀ ਗ਼ੁਲਾਮੀ ਤੋਂ ਮੁਕਤ ਕਰਾਉਣਾ ਚਾਹੁੰਦੀਆਂ ਹਨ। ਉਹ ਤਿੰਨੇ ਨਾਵਲ ਦੇ ਧਰਾਤਲ ‘ਤੇ ਵਾਰੀ ਵਾਰੀ ਆ ਕੇ ਜੰਗ ਵਿੱਚ ਆਪਣੇ ਕੰਮ, ਕਿਊਬਾ ਦੀ ਵਿਵਸਥਾ, ਹਾਲਾਤ ਤੇ ਆਪਣੀਆਂ ਮੁਸ਼ਕਿਲਾਂ, ਔਕੜਾਂ ਅਤੇ ਯੋਜਨਾਬੰਦੀ ਦਾ ਵਰਣਨ ਕਰਦੀਆਂ ਹਨ। ਨਾਵਲ ਦਾ ਸਿੱਟਾ ਹਰੇਕ ਪਾਠਕ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਆਜ਼ਾਦੀ ਘੁਲਾਟੀਏ ਫਾਂਸੀਆਂ ਦੇ ਰੱਸਿਆਂ ਨੂੰ ਚੁੰਮ ਲੈਂਦੇ ਹਨ ਤੇ ਸ਼ਹਾਦਤਾਂ ਪ੍ਰਾਪਤ ਕਰ ਲੈਂਦੇ ਹਨ ਪਰ ਮਗਰੋਂ ਰਾਜਭਾਗ ਸੰਭਾਲਣ ਵਾਲੇ ਲੋਕ ਉਹਨਾਂ ਕੌਮੀ ਸ਼ਹੀਦਾਂ ਦੇ ਪਰਿਵਾਰਾਂ ਦੀ ਕੋਈ ਸਾਰ ਨਹੀਂ ਲੈਂਦੇ ਤੇ ਅਜਿਹੇ ਬਹੁਤੇ ਪਰਿਵਾਰ ਰੁਲਦੇ ਰਹਿ ਜਾਂਦੇ ਹਨ।

ਇਸ ਮੌਕੇ ਦਰਸ਼ਨ ਸਿੰਘ ਦੋਸਾਂਝ, ਠਾਣਾ ਸਿੰਘ ਖੋਸਾ, ਜਰਨੈਲ ਸਿੰਘ ਆਰਟਿਸਟ, ਹਰਦਮ ਸਿੰਘ ਮਾਨ, ਅਸ਼ੋਕ ਭਾਰਗਵ ਅਤੇ ਮਹਿੰਦਰਪਾਲ ਸਿੰਘ ਪਾਲ ਨੇ ਇਸ ਨਾਵਲ ਲਈ ਨਛੱਤਰ ਸਿੰਘ ਗਿੱਲ ਨੂੰ ਵਧਾਈ ਦਿੱਤੀ। ਜਰਨੈਲ ਸਿੰਘ ਆਰਟਿਸਟ ਨੇ ਅੰਤ ਵਿਚ ਮੰਚ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ।

Have something to say? Post your comment

 

ਮਨੋਰੰਜਨ

 ਦਿਲਜੀਤ ਦੁਸਾਂਝ ਨੇ ਆਪਣਾ ਗੁਹਾਟੀ ਕੰਸਰਟ ਸਮਰਪਿਤ ਕੀਤਾ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸਮਰਪਿਤ

ਅਸਾਮ ਵਿੱਚ ਵੀ ਦਲਜੀਤ ਦੋਸਾਂਝ ਪ੍ਰਸ਼ੰਸਕਾਂ ਨਾਲ ਘਿਰ ਗਏ

ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਏ ਅਰਜੁਨ ਕਪੂਰ

ਨਿੱਕੀ ਤੰਬੋਲੀ ਆਈਟਮ ਗੀਤ ਨਾਲ ਪੰਜਾਬੀ ਫਿਲਮਾਂ 'ਚ ਡੈਬਿਊ ਕਰੇਗੀ

ਫਿਲਮ ਰੋਕਸਟਾਰ ਮੇਰਾ ਇੱਕ ਪੋਸਟਰ ਦੇਖ ਕੇ ਨਿਰਮਾਤਾ ਨੇ ਮੈਨੂੰ ਸਾਈਨ ਕੀਤਾ ਸੀ-ਨਰਗਿਸ ਫਾਖਰੀ

ਕਈ ਮਸ਼ਹੂਰ ਹਸਤੀਆਂ ਨੇ 7ਵੇਂ ਮੂਨਵਾਈਟ ਫਿਲਮਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਐਵਾਰਡ ਸਮਾਰੋਹ ਵਿੱਚ ਕੀਤੀ ਸ਼ਿਰਕਤ

ਫਿਲਮ 'ਨਾਨਕ ਨਾਮ ਜਹਾਜ਼ ਹੈ' 15 ਨਵੰਬਰ ਨੂੰ ਹੋ ਰਹੀ ਹੈ ਰਿਲੀਜ਼

ਕਾਮੇਡੀ ਪੰਜਾਬੀ ਫਿਲਮ "ਮੀਆਂ ਬੀਵੀ ਰਾਜ਼ੀ ਕੀ ਕਰੇਂਗੇ ਪਾਜੀ" ਦਾ ਟ੍ਰੇਲਰ ਰਿਲੀਜ਼

‘ਵਨਵਾਸ’ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ- ਨਾਨਾ ਪਾਟੇਕਰ

ਰਾਮ ਗੋਪਾਲ ਵਰਮਾ ਦੀ ਫਿਲਮ ''ਸਾੜੀ'' 20 ਦਸੰਬਰ ਨੂੰ ਰਿਲੀਜ਼ ਹੋਵੇਗੀ