ਸਰੀ- ਬਸੰਤ ਮੋਟਰਜ਼ ਸਰੀ ਵੱਲੋਂ ਆਪਣੀ 33ਵੀਂ ਵਰੇਗੰਢ ਮੌਕੇ 15 ਹੋਣਹਾਰ ਵਿਦਿਆਰਥੀਆਂ ਨੂੰ 33, 000 ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕਰਨ ਲਈ ਬਸੰਤ ਮੋਟਰਜ਼ ਦੇ ਵਿਹੜੇ ਵਿਚ ਸਮਾਗਮ ਕਰਵਾਇਆ ਗਿਆ।
ਵਿਦਿਆਰਥੀਆਂ ਨੂੰ ਸਕਾਲਿਰਸ਼ਿਪ ਸਰਟੀਫੀਕੇਟ ਦਿੰਦਿਆਂ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ, ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ, ਜੂਲੀਆ, ਐਡੀਲੇਡ ਤੇ ਮੋਨਿਕਾ ਨੇ ਜੀਵਨ ਵਿਚ ਉੱਚ ਵਿਦਿਆ ਦੀ ਅਹਿਮੀਅਤ ਬਾਰੇ ਗੱਲ ਕੀਤੀ। ਉਨ੍ਹਾਂ ਉਚੇਰੀ ਵਿਦਿਆ ਪ੍ਰਾਪਤ ਕਰ ਕੇ ਆਪਣਾ ਭਵਿੱਖ ਉੱਜਲ ਬਣਾਉਣ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਵੱਡਮੁੱਲਾ ਯੋਗਦਾਨ ਪਾਉਣ ਲਈ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਬਸੰਤ ਮੋਟਰਜ਼ ਦੇ ਇਸ ਉਦਮ ਅਤੇ ਸੋਚ ਦੀ ਸ਼ਲਾਘਾ ਕੀਤੀ।
ਬਸੰਤ ਮੋਟਰਜ਼ ਦੇ ਸੀਈਓ ਬਲਦੇਵ ਸਿੰਘ ਬਾਠ ਨੇ ਇਸ ਮੌਕੇ ਬੋਲਦਿਆਂ ਕੈਨੇਡਾ ਵਿਚ ਆਪਣੇ ਸੰਘਰਸ਼ਮਈ ਜੀਵਨ, ਪ੍ਰਾਪਤੀਆਂ ਅਤੇ ਸਮਾਜ ਲਈ ਕੁਝ ਕਰਨ ਦੀ ਇੱਛਾ ਤਹਿਤ ਸਕਾਲਰਸ਼ਿਪ ਦੇ ਸਫਰ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ ਤੇ ਭਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਕਾਲਰਸ਼ਿਪ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਦਾ ਹੱਕ ਹੈ ਅਤੇ ਇਸ ਸਕਾਲਰਸ਼ਿਪ ਪ੍ਰਾਪਤੀ ਲਈ ਇਹ ਯੋਗਤਾ ਰੱਖਦੇ ਹਨ। ਉਨ੍ਹਾਂ ਸਕਾਲਰਸ਼ਿਪ ਵੰਡ ਸਮਾਗਮ ਵਿਚ ਸ਼ਾਮਲ ਹੋ ਕੇ ਬਸੰਤ ਮੋਟਰਜ਼ ਨੂੰ ਮਾਣ ਦੇਣ ਲਈ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿਚ ਹੋਰਨਾਂ ਤੋ ਇਲਾਵਾ ਉੱਘੇ ਸਿੱਖ ਆਗੂ ਗਿਆਨ ਸਿੰਘ ਸੰਧੂ, ਕੁੰਦਨ ਸਿੰਘ ਸੱਜਣ, ਜਗਤਾਰ ਸਿੰਘ ਸੰਧੂ, ਜਤਿੰਦਰ ਜੇ. ਮਿਨਹਾਸ, ਡਾ. ਬੀ. ਐਸ ਘੁੰਮਣ, ਸੁਰਜੀਤ ਸਿੰਘ ਬਾਠ, ਡਾ. ਪ੍ਰਗਟ ਸਿੰਘ ਭੁਰਜੀ, ਪ੍ਰੋ. ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ. ਹਰਿੰਦਰ ਸੋਹੀ, ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਅੰਗਰੇਜ਼ ਬਰਾੜ, ਤਰਲੋਚਨ ਤਰਨ ਤਾਰਨ, ਭੁਪਿੰਦਰ ਮੱਲ੍ਹੀ, ਪ੍ਰਿਤਪਾਲ ਗਿੱਲ, ਦਰਸ਼ਨ ਸੰਘਾ, ਜਸਬੀਰ ਗੁਣਾਚੌਰੀਆ, ਸੁਰਜੀਤ ਸਿੰਘ ਮਾਧੋਪੁਰੀ, ਬਲਜਿੰਦਰ ਸਿੰਘ ਅਟਵਾਲ, ਸੁਖਵਿੰਦਰ ਚੋਹਲਾ, ਹਰਪ੍ਰੀਤ ਸਿੰਘ, ਕਵਿੰਦਰ ਚਾਂਦ ਅਤੇ ਨਵਜੋਤ ਢਿੱਲੋਂ ਮੌਜੂਦ ਸਨ।