ਅੰਮ੍ਰਿਤਸਰ - ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੈਨੇਡਾ ਦੀ ਧਰਤੀ ਤੇ ਵਾਪਰੀਆਂ ਘਟਨਾਵਾਂ ਤੇ ਗਲ ਕਰਦਿਆਂ ਕਿਹਾ ਕਿ ਲੰਮੇ ਸਮੇ ਤੋ ਸਿੱਖਾਂ ਦੇ ਖਿਲਾਫ ਬਿਰਤਾਂਤ ਸਿਰਜੇ ਜਾ ਰਹੇ ਹਨ। ਕੈਨੇਡਾ ਵਿਚ ਕਿਸੇ ਵੀ ਮੰਦਿਰ ਤੇ ਹਮਲਾ ਨਹੀਂ ਹੋਇਆ ਬਲਕਿ ਇਕ ਛੋਟੀ ਜਿਹੀ ਝੜਪ ਹੋਈ ਹੈ। ਜਿਹੜੀ ਝੜਪ ਹੋਈ ਹੈ ਉਹ ਵੀ ਮੰਦਭਾਗੀ ਹੈ ਉਹ ਨਹੀਂ ਹੋਣੀ ਚਾਹੀਦੀ ਸੀ। ਲੇਕਿਨ ਮੰਦਿਰ ਦੇ ਬਾਹਰ ਹੋਈ ਝੜੱਪ ਨੂੰ ਹਮਲਾ ਗਰਦਾਨਿਆ ਗਿਆ ਉਹ ਵੀ ਮੰਦਭਾਗਾ ਹੈ। 1984 ਦੇ ਸਮੇ ਵੀ ਪੰਜਾਬ ਦੇ ਹਾਲਾਤ ਕਿੰਨੇ ਖਰਾਬ ਰਹੇ ਉਸ ਸਮੇ ਭਾਰਤੀ ਫੌਜ਼ ਨੇ 37 ਗੁਰੂ ਘਰਾਂ ਤੇ ਹਮਲਾ ਬੋਲਿਆ ਸੀ ਪਰ ਕਿਸੇ ਵੀ ਸਿੱਖ ਨੇ ਕਿਸੇ ਮੰਦਰ ਤੇ ਹਮਲਾ ਨਹੀਂ ਕੀਤਾ। 1984 ਨਵੰਬਰ ਦੇ ਪਹਿਲੇ ਹਫਤੇ ਜੋ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਸ ਸਮੇ ਗੁਰੂ ਘਰਾਂ ਤੇ ਹਮਲੇ ਜਰੂਰ ਹੋਏ ਸਨ। ਭਾਰਤੀ ਮੀਡੀਆ ਨੇ ਮੰਦਿਰ ਦੇ ਬਾਹਰ ਹੋਈ ਛੋਟੀ ਜਿਹੀ ਝੜੱਪ ਨੂੰ ਮੰਦਿਰ ਤੇ ਹਮਲਾ ਦਸਿਆ। ਮਾਲਟਨ ਗੁਰੂ ਘਰ ਦੇ ਬਾਹਰ ਗੱਡੀਆਂ ਦੀ ਭੰਨ ਤੋੜ ਕੀਤੀ। ਸਿੱਖ ਕਿਸੇ ਦੇ ਧਾਰਮਿਕ ਸਥਾਨ ਤੇ ਹਮਲਾ ਨਹੀਂ ਕਰਦਾ। ਏਅਰ ਇੰਡੀਆ ਦੇ ਵਲੋਂ ਆਪਣੇ ਕਰਮਚਾਰੀਆ ਖਾਸ ਕਰ ਸਿੱਖ ਕਰਮਚਾਰੀਆ ਨੂੰ ਕਿਰਪਾਨ ਤੇ ਖੰਡੇ ਵਾਲੀ ਚੇਨ ਪਾਉਣ ਤੇ ਲਗਾਈ ਰੋਕ ਨੂੰ ਗੈਰ ਸੰਵਿਧਾਨਕ ਦਸਿਆ। ਅਕਾਲੀ ਦਲ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਦਾ ਜਨਮ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਹੈ।ਕੁਝ ਯੂਥ ਅਕਾਲੀ ਦਲ ਦੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਈ ਮੀਟਿੰਗ ਬਾਰੇ ਗਲਤ ਬਿਆਨੀ ਕਰ ਰਹੇ ਹਨ ਉਹਨਾਂ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਅਕਾਲੀ ਦਲ ਜੇ ਆਪਣੇ ਧੁਰੇ ਤੋਂ ਟੁੱਟ ਗਿਆ ਤਾਂ ਖਤਮ ਹੋ ਸਕਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਇਸ ਨੂੰ ਕੁਝ ਨਹੀਂ ਹੋ ਸਕਦਾ। ਇਹ ਪਾਰਟੀ ਮਜਬੂਤ ਸੇ ਹੈ ਤੇ ਰਹੇਗੀ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ।