ਅੰਮ੍ਰਿਤਸਰ - ਦਮਦਮੀ ਟਕਸਾਲ ਅਜਨਾਲਾ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ ਅਜਨਾਲਾ ਨੇ ਭਾਈ ਹਰਨਾਮ ਸਿੰਘ ਧੁਮਾ ਵਲੋਂ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦੇ ਬਿਆਨ ਨੂੰ ਪੰਥ ਲਈ ਘਾਤਕ ਦਸਦਿਆਂ ਕਿਹਾ ਕਿ ਧੁਮਾ ਟਕਸਾਲ ਦੇ ਸ਼ਾਨਾਮੱਤੇ ਇਤਿਹਾਸ ਨੂੰ ਕਲੰਕਿਤ ਨਾ ਕਰਨ। ਅੱਜ ਜਾਰੀ ਬਿਆਨ ਵਿਚ ਭਾਈ ਅਜਨਾਲਾ ਨੇ ਕਿਹਾ ਕਿ ਜਿਸ ਪਾਰਟੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਫੋਜ਼ ਦੇ ਹਵਾਲੇ ਕਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੋਵੇ। ਸ੍ਰੀ ਦਰਬਾਰ ਸਾਹਿਬ ਤੇ 37 ਗੁਰਧਾਮਾਂ ਤੇ 1984 ਵਿਚ ਹੋਏ ਹਮਲੇ ਦਾ ਡਟ ਕੇ ਸਮਰਥਨ ਕੀਤਾ ਹੋਵੇ। ਸ੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਅਮ੍ਰਿਤਸਰ ਵਿੱਚ ਲੱਡੂ ਵੰਡੇ ਹੋਣ, ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਬਾਰੇ ਬੇਹਦ ਹਲਕੇ ਪੱਧਰ ਦੀ ਸ਼ਬਦਾਵਲੀ ਵਰਤੀ ਹੋਵੇ ਉਸ ਪਾਰਟੀ ਦਾ ਸਮਰਥਨ ਕਰਨ ਪਿੱਛੇ ਧੁਮਾ ਦੀ ਕੀ ਮਜਬੂਰੀ ਹੈ ਇਹ ਧੁਮਾ ਕੌਮ ਨੂੰ ਸ਼ਪਸ਼ਟ ਕਰਨ। ਉਹਨਾਂ ਕਿਹਾ ਕਿ ਦਰਅਸਲ ਇਹ ਭਾਰਤੀ ਜਨਤਾ ਪਾਰਟੀ ਤੇ ਆਰ ਐਸ ਐਸ ਨਾਲ ਪੁਰਾਣਾ ਗਠਜੋੜ ਸਾਹਮਣੇ ਆਇਆ ਹੈ। ਅਸੀਂ ਪਹਿਲੇ ਦਿਨ ਤੋਂ ਪੰਥ ਨੂੰ ਸੁਚੇਤ ਕਰ ਰਹੇ ਸੀ ਅੱਜ ਉਹ ਸੱਚ ਪੰਥ ਦੇ ਸਾਹਮਣੇ ਆ ਗਿਆ ਹੈ। ਉਸ ਤੋਂ ਪਹਿਲਾਂ ਵੀ ਧੁਮਾ ਨੇ ਸਿੱਖ ਸ਼ੰਘਰਸ਼ ਨੂੰ ਬਦਨਾਮ ਕਰਦੀ ਅਤੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਦੇ ਅਕਸ ਨੂੰ ਖਰਾਬ ਕਰਦੀ ਕਿਤਾਬ ਰਾਈਜ਼ ਐਂਡ ਫਾਲਜ਼ ਆਫ ਖ਼ਾਲਿਸਤਾਨੀ ਮੂਵਮੈਂਟ ਛਪਵਾ ਕੇ ਵੰਡੀ ਸੀ। ਪੰਥ ਵਿਚ ਰੋਲਾ ਪੈਣ ਤੋਂ ਬਾਅਦ ਇਹ ਕਿਤਾਬ ਵਾਪਿਸ ਲਈ ਸੀ ਪਰ ਪੰਥ ਦੋਖੀ ਤਾਕਤਾਂ ਕੋਲ ਇਹ ਕਿਤਾਬ ਅੱਜ ਵੀ ਮੌਜੂਦ ਹੈ। ਉਹਨਾਂ ਸਵਾਲ ਕੀਤਾ ਕਿ ਧੁਮਾ ਦਸਣ ਕਿ ਆਖਿਰ ਉਹ ਕਿਹੜੀ ਮਜਬੂਰੀ ਹੈ ਕਿ ਧੁਮਾ ਨੂੰ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰਨਾ ਪੈ ਗਿਆ। ਕੌਮ ਨੂੰ ਇਹ ਵੀ ਦੱਸਿਆ ਜਾਵੇ ਕਿ ਭਾਰਤੀ ਜਨਤਾ ਪਾਰਟੀ ਨੇ ਹੁਣ ਤਕ ਅਜਿਹਾ ਕੀ ਕੀਤਾ ਹੈ ਕਿ ਧੁਮਾ ਸਮਰਥਨ ਕਰ ਰਿਹਾ ਹੈ।