ਨਵੀਂ ਦਿੱਲੀ-ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਾਡੇ ਪੁਰਖਿਆਂ ਬਹੁਤ ਹੀ ਮਿਹਨਤ ਨਾਲ ਬਣਾਏ ਹਨ । ਜਿਸ ਪਿੱਛੇ ਸਾਡੇ ਬਜ਼ੁਰਗਾਂ ਦੀ ਖੂਨ - ਪਸੀਨੇ ਦੀ ਦਸਾ ਨਹੁੰਆਂ ਦੀ ਕਿਰਤ ਕਮਾਈ ਲੱਗੀ ਹੈ । ਕਿਉਂਕਿ ਉਹਨਾਂ ਦਾ ਸੁਪਨਾ ਸੀ ਕਿ ਸਾਡੇ ਬੱਚਿਆਂ ਲਈ ਮਿਆਰੀ ਵਿਦਿਅਕ ਸੰਸਥਾਵਾਂ ਖੜ੍ਹੀਆਂ ਕੀਤੀਆਂ ਜਾਣ ਤਾਂ ਉਹ ਪੜ੍ਹ ਲਿਖਕੇ ਆਪਣਾ ਤੇ ਕੌਮ ਦਾ ਭਵਿੱਖ ਸੰਭਾਲ ਸਕਣ ।
ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਦਿੱਲੀ ਕਮੇਟੀ ਦੇ ਮੌਜੂਦਾ ਭ੍ਰਿਸ਼ਟ ਤੇ ਕੁਚੱਜੇ ਪ੍ਰਬੰਧਕਾਂ ਕਾਰਨ ਸਾਡੀ ਇਸ ਵਿਰਾਸਤੀ ਧਰੋਹਰ ਤੇ ਕਦੇ ਸਰਕਾਰੀ ਜਿੰਦੇ ਲੱਗਣ ਦੀ ਨੌਬਤ ਆ ਜਾਂਦੀ ਹੈ ਤੇ ਕਦੇ ਦਿੱਲੀ ਪਬਲਿਕ ਸਕੂਲਾਂ ਵਰਗੀਆਂ ਸੰਸਥਾਵਾਂ ਨੂੰ ਸੌਂਪਣ ਦੀਆਂ ਗੱਲਾਂ ਚੱਲਦੀਆਂ ਹਨ । ਪਰ ਦਿੱਲੀ ਕਮੇਟੀ ਤੇ ਕਾਬਜ਼ ਲੋਕਾਂ ਨੂੰ ਕੋਈ ਫ਼ਿਕਰ ਹੀ ਨਹੀਂ । ਜਿਵੇਂ ਉਹਨਾਂ ਨੇ ਸਹੁੰ ਖਾਧੀ ਹੋਵੇ ਕਿ ਇਹਨਾਂ ਸਕੂਲਾਂ ਨੂੰ ਬਰਬਾਦ ਕਰਕੇ ਹੀ ਸਾਹ ਲੈਣਾ ਹੈ ।
ਅਸੀ ਇਹਨਾਂ ਸੰਸਥਾਵਾਂ ਨੂੰ ਉਸਰਦਿਆਂ ਦੇਖਿਆ ਹੈ ਤੇ ਇਹਨਾਂ ਨੂੰ ਕਿਸੇ ਕੀਮਤ ਤੇ ਵੀ ਬਰਬਾਦ ਨਹੀਂ ਹੋਣ ਦੇਵਾਗੇ । ਜੇਕਰ ਦਿੱਲੀ ਕਮੇਟੀ ਸਕੂਲ ਨਹੀਂ ਸੰਭਾਲ ਸਕਦੀ ਤੇ ਅਸੀਂ ਦਿੱਲੀ ਦੇ ਸਮੂਹ ਸਿੱਖਾਂ ਨਾਲ ਮਿਲਕੇ ਇਹਨਾਂ ਸਕੂਲਾਂ ਨੂੰ ਸੰਭਾਲਣ ਲਈ ਤਿਆਰ ਹਾਂ । ਜੇਕਰ ਇਸਦੇ ਲਈ ਸਾਨੂੰ ਕੌਮ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੱਦਦ ਲੈਣੀ ਪਈ ਤੇ ਅਸੀ ਉਹ ਵੀ ਲਵਾਂਗੇ ਕਿਉਂਕਿ ਕਿਸੇ ਵੀ ਬਿਗਾਨੇ ਹੱਥ ਦੇਣ ਦੀ ਬਜਾਏ ਇਹਨਾਂ ਸਕੂਲਾਂ ਦਾ ਪ੍ਰਬੰਧ ਸਿੱਖ ਸੰਸਥਾਵਾਂ ਦੇ ਕੋਲ ਹੀ ਰਹਿਣਾ ਚਾਹੀਦਾ ਹੈ । ਤੇ ਅਸੀ ਕਿਸੇ ਵੀ ਕੀਮਤ ਤੇ ਸਿੱਖਾਂ ਦੇ ਹੱਥੋਂ ਇਹ ਸਕੂਲ ਨਹੀ ਜਾਣ ਦੇਵਾਗੇ ।