ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੋ ਬਾਅਦ ਅੱਜ ਵੀ ਆਈ ਪੀ ਸੇਵਾਦਾਰਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰਾ ਵਾਲਾ ਚੌਲਾ ਪਾ ਕੇ ਹੱਥ ਵਿਚ ਬਰਛਾ ਲੈ ਕੇ ਕਰੀਬ ਇਕ ਘੰਟਾ ਸੇਵਾ ਨਿਭਾਈ। ਇਨਾਂ ਵੀ ਆਈ ਪੀ ਸੇਵਾਦਾਰਾਂ ਦੇ ਨਾਲ ਤੈਨਾਤ ਸੁਰਖਿਆ ਕਰਮਚਾਰੀਆਂ ਕਾਰਨ ਸੰਗਤ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪਿਆ। ਬੀਤੇ ਕਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਪੰਜ ਸਿੰਘ ਸਾਹਿਬਾਨ ਨੇ ਅਕਾਲੀ ਆਗੂਆਂ ਵਲੋ ਕੀਤੇ ਗੁਨਾਹਾਂ ਦੀ ਸਜਾ ਸੁਣਾਈ ਸੀ। ਸਿੰਘ ਸਾਹਿਬਾਨ ਦੇ ਆਦੇਸ਼ ਮੁਤਾਬਿਕ ਅਕਾਲੀ ਦਲ ਦੇ ਕਦਾਵਰ ਆਗੂ ਸੁਖਦੇਵ ਸਿੰਘ ਢੀਡਸਾ ਅਤੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਵੇਰੇ ਨੌ ਵਜੇ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਬਾਹੀ ਤੇ ਪਹੰੁਚੇ। ਦੋਹਾਂ ਆਗੂਆਂ ਨੇ ਸੇਵਾਦਾਰ ਵਾਲਾ ਚੌਲਾ ਪਾਇਆ ਤੇ ਹਥ ਵਿਚ ਬਰਛਾ ਲੈ ਕੇ ਆਪੋ ਆਪਣੀ ਡਿਉਟੀ ਤੇ ਬੈਠ ਗਏ। ਸੁਖਦੇਵ ਸਿੰਘ ਢੀਡਸਾ ਦੀ ਵਡੇਰੀ ਉਮਰ ਹੋਣ ਕਾਰਨ ਤੇ ਸੁਖਬੀਰ ਸਿੰਘ ਬਾਦਲ ਦੇ ਪੈਰ ਦੀ ਹੱਡੀ ਟੁੱਟੀ ਹੋਣ ਕਾਰਨ ਜਥੇਦਾਰ ਨੇ ਵਿਸੇ਼ਸ ਰਿਆਇਤ ਦੇ ਕੇ ਇਨਾਂ ਦੋਵਾਂ ਆਗੂਆਂ ਨੂੰ ਵੀਲ ਚੇਅਰ ਤੇ ਬੈਠਣ ਦੀ ਛੂਟ ਦਿੱਤੀ ਹੈ। ਕਰੀਬ ਇਕ ਘੰਟਾ ਇਨਾਂ ਦੋਹਾਂ ਆਗੂਆਂ ਨੇ ਸੇਵਾ ਨਿਭਾਈ। ਇਸ ਸੇਵਾ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਤੇ ਅਧਿਕਾਰੀ ਸੁਖਬੀਰ ਸਿੰਘ ਬਾਦਲ ਨੇ ਆਸ ਪਾਸ ਮੰਡਰਾਉਦੇ ਰਹੇ। ਭਾਰੀ ਸੁਰਖਿਆ ਛਤਰੀ ਕਾਰਨ ਸੰਗਤ ਵਿਚ ਕਾਫੀ ਰੋਸ ਨਜਰ ਆ ਰਿਹਾ ਸੀ।ਇਸ ਦੌਰਾਨ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਆਗੂਆਂ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਸੇਵਾ ਦੌਰਾਨ ਸੁਰਖਿਆ ਕਰਮਚਾਰੀ ਇਨਾਂ ਤੋ ਦੂਰ ਰਹਿਣ ਤਾਂ ਕਿ ਸੰਗਤ ਨੂੰ ਪ੍ਰੇਸਾਨੀ ਨਾ ਹੋਵੇ।