ਅੰੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਲਗੀ ਸੇਵਾ ਪੂਰੀ ਕਰ ਰਹੇ ਸ਼ੋ੍ਰਮਣੀ ਅਕਾਲੀ ਦਲ ਦੇ ਕਦਾਵਰ ਆਗੂ ਸੁਖਬੀਰ ਸਿੰਘ ਬਾਦਲ ਤੇ ਅੱਜ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਕਾਤਲਾਨਾ ਹਮਲਾ ਹੋਇਆ ।ਹਮਲੇ ਵਿਚ ਸੁਖਬੀਰ ਸਿੰਘ ਬਾਦਲ ਵਾਲ ਵਾਲ ਬਚ ਗਏ। ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜਾ ਨੂੰ ਮੌਕੇ ਤੇ ਹਾਜਰ ਲੋਕਾਂ, ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਤੇ ਸੁਰਖਿਆ ਕਰਮਚਾਰੀਆਂ ਨੇ ਮੌਕੇ ਤੇ ਦਬੋਚ ਲਿਆ ਤੇ ਪੁਲੀਸ ਦੈ ਹਵਾਲੇ ਕੀਤਾ।ਅੱਜ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਡਸਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਲਗੀ ਸੇਵਾ ਨਿਭਾਉਣ ਲਈ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਬਾਹੀ ਤੇ ਸੇਵਾਦਾਰਾਂ ਵਾਲਾ ਚੌਲਾ ਪਾਈ ਹੱਥ ਵਿਚ ਬਰਛਾ ਲੈ ਕੇ ਵੀਲ ਚੇਅਰ ਤੇ ਬੈਠੇ ਸਨ। ਅਚਾਨਕ ਭੀੜ ਵਿਚੋ ਨਰੈਣ ਸਿੰਘ ਚੌੜਾ ਨਾਮਕ ਵਿਅਕਤੀ ਆਇਆ ਤੇ ਉਸ ਨੇ ਆਪਣੀ ਰਿਵਾਲਵਰ ਕੱਢ ਲਈ।ਸੁਖਬੀਰ ਸਿੰਘ ਬਾਦਲ ਦੀ ਸੁਰਖਿਆ ਵਿਚ ਤੈਨਾਤ ਏ ਐਸ ਆਈ ਜ਼ਸਬੀਰ ਸਿੰਘ ਦਾ ਧਿਆਨ ਨਰੈਣ ਸਿੰਘ ਚੌੜਾ ਦੀਆਂ ਮਸ਼ਕੂਕ ਹਰਕਤ ਵਲ ਪੈ ਗਿਆ। ਇਸ ਤੋ ਪਹਿਲਾਂ ਕਿ ਨਰੈਣ ਸਿੰਘ ਚੌੜਾ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾਉਦਾ, ਜ਼ਸਬੀਰ ਸਿੰਘ ਨੇ ਦੋੜ ਕੇ ਉਸ ਦਾ ਹੱਥ ਉਤਾਹ ਅਕਾਸ਼ ਵਲ ਕਰ ਦਿੱਤਾ। ਗੋਲੀ ਘੰਟਾ ਘਰ ਬਾਹੀ ਤੇ ਲਗੇ ਬੁਖਾਰਚੇ ਤੇ ਜਾ ਲਗੀ। ਅਚਾਨਕ ਗੋਲੀ ਚਲਣ ਕਾਰਨ ਮਾਹੌਲ ਤਨਾਅ ਵਾਲਾ ਬਣ ਗਿਆ। ਮੌਕੇ ਤੇ ਹਾਜਰ ਸੰਗਤਾਂ, ਸੇਵਾਦਾਰਾਂ ਤੇ ਸੁਰਖਿਆ ਕਰਮਚਾਰੀਆਂ ਨੇ ਨਰੈਣ ਸਿੰਘ ਚੌੜਾ ਨੂੰ ਫੜ ਲਿਆ ਤੇ ਉਸ ਨੂੰ ਸਥਾਨਕ ਪੁਲੀਸ ਦੇ ਹਵਾਲੇ ਕਰ ਦਿੱਤਾ। ਗੋਲੀ ਚਲਣ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਡਸਾ ਆਪਣੀ ਜਗ੍ਹਾ ਤੇ ਬੈਠੇ ਰਹੇ। ਸੁਰਖਿਆ ਕਰਮਚਾਰੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਘੇਰੇ ਵਿਚ ਲੈ ਲਿਆ। ਇਹ ਘਟਨਾ ਲਗਭਗ ਸਾਢੇ ਨੌ ਵਜੇ ਦੇ ਆਸ ਪਾਸ ਵਾਪਰੀ। ਸੁਰਖਿਆ ਕਰਮਚਾਰੀਆਂ ਦੇ ਘੇਰੇ ਵਿਚ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਡਸਾ ਨੇ ਆਪਣੀ ਸੇਵਾ ਮੁਕੰਮਲ ਕੀਤੀ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਗ੍ਰੰਥੀ ਗਿਆਨੀਅਮਰਜੀਤ ਸਿੰਘ, ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਭਾਈ ਮਨਜੀਤ ਸਿੰਘ ਤੇ ਹੋਰਨਾ ਨੇ ਇਸ ਘਟਨਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ।