ਅੰਮ੍ਰਿਤਸਰ- ਨਿਹੰਗ ਸਿੰਘਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਪੰਜਾਬ ਅੰਦਰ ਹੋ ਰਹੇ ਥਾਣਿਆਂ `ਤੇ ਹਮਲਿਆਂ ਤੋਂ ਸਾਫ ਜਾਹਰ ਹੁੰਦਾ ਕਿ ਪੰਜਾਬ `ਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ ਜੋ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਥਾਣਿਆਂ `ਤੇ ਜਾਨਲੇਵਾ ਤਰੀਕੇ ਨਾਲ ਹਮਲੇ ਹੋ ਰਹੇ ਹਨ। ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਗੁਰਦਾਸਪੁਰ ਜ਼ਿਲ੍ਹੇ ਦੀ ਇਕ ਪੁਲਿਸ ਚੌਕੀ `ਤੇ ਅੱਤਵਾਦੀ ਹਮਲਾ ਹੋਇਆ। ਸੂਬੇ `ਚ 26 ਦਿਨਾਂ `ਚ ਇਹ 7ਵਾਂ ਹਮਲਾ ਹੈ। ਚੌਵੀ ਨਵੰਬਰ ਨੂੰ ਅਜਨਾਲਾ ਥਾਣੇ ਦੇ ਬਾਹਰ ਆਰਡੀਐਕਸ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ `ਚ 2 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸਤਾਈ ਨਵੰਬਰ ਨੂੰ ਗੁਰਬਖ਼ਸ਼ ਨਗਰ `ਚ ਬੰਦ ਪਈ ਪੁਲਿਸ ਚੌਕੀ `ਚ ਗ੍ਰਨੇਡ ਨਾਲ ਧਮਾਕਾ ਕੀਤਾ ਗਿਆ। ਇਸ ਤੋਂ ਬਾਅਦ 2 ਦਸੰਬਰ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਕਾਠਗੜ੍ਹ ਥਾਣੇ `ਚ ਗ੍ਰਨੇਡ ਨਾਲ ਧਮਾਕਾ ਕੀਤਾ ਗਿਆ। ਚਾਰ ਦਸੰਬਰ ਨੂੰ ਮਜੀਠਾ ਥਾਣੇ `ਚ ਗ੍ਰਨੇਡ ਫੱਟਣ ਦੀ ਘਟਨਾ ਸਾਹਮਣੇ ਆਈ। ਇਸੇ ਤਰ੍ਹਾਂ 13 ਤੇ 17 ਦਸੰਬਰ ਨੂੰ ਵੱਖ-ਵੱਖ ਥਾਣਿਆਂ `ਤੇ ਹਮਲੇ ਹੋਏ ਹਨ। ਉਨ੍ਹਾਂ ਕਿਹਾ ਸਵਾਲ ਇਹ ਉੱਠਦਾ ਹੈ ਕਿ ਅਚਾਨਕ ਪੰਜਾਬ ਦੇ ਥਾਣੇ ਹੀ ਕਿਉਂ ਇਨ੍ਹਾਂ ਦਹਿਸ਼ਤੀ ਘਟਨਾਵਾਂ ਦਾ ਨਿਸ਼ਾਨਾ ਬਣ ਰਹੇ ਹਨ। ਉਨ੍ਹਾਂ ਕਿਹਾ ਅਪਰਾਧੀ ਬਿਰਤੀ ਵਾਲੇ ਲੋਕਾਂ ‘ਚ ਵਾਧਾ ਹੋ ਰਿਹਾ ਹੈ ਲੁਟਾਂ, ਖੋਹਾਂ ਕਤਲੇ ਗਾਰਤ ਅਤੇ ਨਸ਼ਾ ਬਿਰਤੀ ਬਿਫਰ ਰਹੀ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਇਸ ਨਾਲ ਪੁਲਿਸ ਤੰਤਰ ਦੇ ਸੁਰੱਖਿਆ ਪ੍ਰਬੰਧਾਂ `ਤੇ ਵੀ ਸਵਾਲ ਉੱਠ ਰਹੇ ਹਨ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਨੇ ਸਰਹੱਦੀ ਸੂਬਾ ਹੋਣ ਦਾ ਕਈ ਵਾਰ ਖ਼ਮਿਆਜ਼ਾ ਵੀ ਭੁਗਤਿਆ ਹੈ। ਪੰਜਾਬ ਨੇ ਕਾਲੇ ਦੌਰ `ਚ ਕਾਫ਼ੀ ਕੁਝ ਗੁਆਇਆ ਹੈ। ਜਿੱਥੇ ਸੂਬਾ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਪ੍ਰਦੇਸ਼ ਦੇ ਸੁਰੱਖਿਆ ਪ੍ਰਬੰਧਾਂ ਨੂੰ ਆਪਣੇ ਪੱਧਰ `ਤੇ ਸਖ਼ਤ ਕਰੇ, ਉੱਥੇ ਹੀ ਕੇਂਦਰ ਸਰਕਾਰ ਤੇ ਉਸ ਦੀਆਂ ਜਾਂਚ ਏਜੰਸੀਆਂ ਨੂੰ ਵੀ ਪੰਜਾਬ ਦਾ ਸੁਰੱਖਿਆ ਤੰਤਰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਕਿ ਜਨਤਾ ਦੇ ਮਨ `ਚ ਇਹੋ ਜਿਹੇ ਸਵਾਲ ਨਾ ਉੱਠਣ ਕਿ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਆਪ ਹੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਜੇਕਰ ਹੁਣ ਅਜਿਹਾ ਘਟਨਾਕ੍ਰਮ ਨਾ ਰੁਕ ਸਕਿਆ ਤਾਂ ਆਮ ਲੋਕਾਂ ਵਿਚ ਹੋਰ ਵੀ ਸਹਿਮ ਪੈਦਾ ਹੋ ਜਾਵੇਗਾ ਅਤੇ ਜਨਜੀਵਨ, ਸਨਅਤ ਅਤੇ ਵਪਾਰ `ਤੇ ਵੀ ਨਾਂਹ-ਪੱਖੀ ਅਸਰ ਪਵੇਗਾ। ਸੂਬੇ ਵਿਚ ਪਹਿਲਾਂ ਹੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਰਾਜ ਵਿਚ ਬਣੀ ਅਨਿਸਚਿਤਤਾ ਵਾਲੀ ਸਥਿਤੀ ਸੂਬੇ ਦੇ ਵਿਕਾਸ ਵਿਚ ਵੱਡੀਆਂ ਰੁਕਾਵਟਾਂ ਖੜੀਆਂ ਕਰ ਰਹੀ ਹੈ।