ਨਵੀਂ ਦਿੱਲੀ-“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਸਾਲ ਦੀ ਤਰ੍ਹਾਂ ਆਪਣੇ ਮਹਾਨ ਸ਼ਹੀਦਾਂ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ, ਮਾਤਾ ਗੁਜਰੀ ਕੌਰ, ਬਾਬਾ ਮੋਤੀ ਸਿੰਘ ਮਹਿਰਾ, ਦੀਵਾਨ ਟੋਡਰ ਮੱਲ ਸ਼ਹੀਦਾਂ ਨੂੰ ਸਤਿਕਾਰ ਸਹਿਤ ਸਰਧਾਂ ਦੇ ਫੁੱਲ ਭੇਟ ਕਰਨ ਹਿੱਤ ਰੌਜਾ ਸਰੀਫ਼ ਦੇ ਸਾਹਮਣੇ ਰੇਲਵੇ ਲਾਈਨ ਦੇ ਨਾਲ ਆਪਣੇ ਪੁਰਾਣੇ ਸਥਾਂਨ ਉਤੇ ਮੀਰੀ-ਪੀਰੀ ਸ਼ਹੀਦੀ ਕਾਨਫਰੰਸ ਮਿਤੀ 26 ਦਸੰਬਰ ਨੂੰ ਕਰਨ ਜਾ ਰਿਹਾ ਹੈ । ਜਿਸ ਵਿਚ ਖ਼ਾਲਸਾ ਪੰਥ ਨਾਲ ਸੰਬੰਧਤ ਆਜਾਦੀ ਚਾਹੁੰਣ ਵਾਲੀ ਸਮੁੱਚੀ ਲੀਡਰਸਿਪ ਅਤੇ ਪੰਥਕ ਜਥੇਬੰਦੀਆਂ ਸਮੂਲੀਅਤ ਕਰ ਰਹੀਆ ਹਨ । ਇਸ ਮੌਕੇ ਤੇ ਮੌਜੂਦਾ ਪੰਥਕ ਅਤੇ ਸਿਆਸੀ ਹਾਲਾਤਾਂ ਤੇ ਵੀ ਵਿਚਾਰਾਂ ਕੀਤੀਆ ਜਾਣਗੀਆ ਅਤੇ ਆਉਣ ਵਾਲੇ ਸਮੇ ਲਈ ਖ਼ਾਲਸਾ ਪੰਥ ਵੱਲੋ ਆਪਣੀ ਆਜ਼ਾਦੀ ਦੇ ਮਿਸਨ ਨੂੰ ਪ੍ਰਾਪਤ ਕਰਨ ਹਿੱਤ ਕਿਹੋ ਜਿਹੇ ਪੈਤੜੇ ਅਤੇ ਨੀਤੀ ਅਪਣਾਉਣੀ ਹੈ, ਉਸ ਸੰਬੰਧੀ ਵੀ ਸਮੂਹਿਕ ਤੌਰ ਤੇ ਵਿਚਾਰਾਂ ਕਰਦੇ ਹੋਏ ਜਾਣਕਾਰੀ ਦਿੱਤੀ ਜਾਵੇਗੀ । ਸੋ ਸਮੁੱਚੇ ਖਾਲਸਾ ਪੰਥ ਨਾਲ ਸੰਬੰਧਤ ਉਨ੍ਹਾਂ ਪੰਥਦਰਦੀਆਂ ਜੋ ਸਿੱਖ ਕੌਮ ਦੀ ਮਹਾਨ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਵਿਚ ਲੰਮੇ ਸਮੇ ਤੋ ਪੈਦਾ ਹੋ ਚੁੱਕੀਆ ਵੱਡੀਆ ਖਾਮੀਆ ਅਤੇ ਗਿਰਾਵਟਾਂ ਨੂੰ ਦੂਰ ਕਰਕੇ ਇਸਦੀ ਜਰਨਲ ਚੋਣ ਜਲਦੀ ਕਰਵਾਉਣ ਦੇ ਹੱਕ ਵਿਚ ਹਨ ਅਤੇ ਦੂਸਰੇ ਪਾਸੇ ਸਿਆਸੀ ਤੌਰ ਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋ ਮਿੱਥੇ ਕੌਮੀ ਨਿਸ਼ਾਨੇ ਖਾਲਿਸਤਾਨ ਨੂੰ ਜਮਹੂਰੀਅਤ ਅਤੇ ਅਮਨਮਈ, ਕੌਮਾਂਤਰੀ ਢੰਗਾਂ ਤੇ ਨੀਤੀਆ ਰਾਹੀ ਕਾਇਮ ਕਰਨ ਲਈ ਸੁਹਿਰਦ ਹਨ ਅਤੇ ਚਾਹੁੰਦੇ ਹਨ ਕਿ ਸਿੱਖ ਕੌਮ ਆਪਣੀ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਕਰਕੇ ਆਪਣੇ ਗੁਰੂ ਸਾਹਿਬਾਨ ਵੱਲੋ ਦਰਸਾਏ ਮਨੁੱਖਤਾ ਪੱਖੀ ਰਾਹ ਤੇ ਪਹਿਰਾ ਦੇਵੇ । ਉਹ ਸਭ ਸੰਗਤਾਂ ਆਪਣੇ ਕੌਮੀ, ਧਾਰਮਿਕ ਅਤੇ ਇਖਲਾਕੀ ਜਿੰਮੇਵਾਰੀ ਸਮਝਕੇ ਇਸ ਕਾਨਫਰੰਸ ਵਿਚ ਪਹੁੰਚਣ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਮਹਾਨ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਹਿੱਤ ਅਤੇ ਖਾਲਸਾ ਪੰਥ ਦੇ ਆਉਣ ਵਾਲੇ ਸਮਾਜਿਕ, ਧਾਰਮਿਕ, ਸਿਆਸੀ ਤੇ ਭੂਗੋਲਿਕ ਹਾਲਾਤਾਂ ਨੂੰ ਆਪਣੀ ਸੋਚ ਅਨੁਸਾਰ ਢਾਲਕੇ ਆਪਣੀ ਮੰਜਿਲ ਵੱਲ ਵੱਧਣ ਦੀ ਗੱਲ ਕਰਦੇ ਹੋਏ ਇਸ ਮੀਰੀ-ਪੀਰੀ ਕਾਨਫਰੰਸ ਵਿਚ ਹੁੰਮ ਹੁੰਮਾਕੇ ਪਹੁੰਚਣ ਦੀ ਅਪੀਲ ਕੀਤੀ ।