ਸ੍ਰੀ ਫਤਹਿਗੜ੍ਹ ਸਾਹਿਬ- ਬੁੱਢਾ ਦਲ ਦੀ ਛਾਉਣੀ ਗੁ: ਬਿਬਾਨਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਰਸੋਂ ਰੋਜ਼ ਤੋਂ ਅਰੰਭ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਅੱਜ ਪਾਏ ਜਾਣਗੇ ਅਤੇ ਗੁਰਮਤਿ ਸਮਾਗਮ ਹੋਣਗੇ ਇਸ ਮੌਕੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ 14 ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀਆਂ ਦਿਹਾੜਾ ਨੂੰ ਸਮਰਪਿਤ ਗੁ: ਬਿਬਾਨਗੜ੍ਹ ਸਾਹਿਬ ਵਿਖੇ ਗੁਰਮਤਿ ਸਮਾਗਮਾ ਰਾਹੀਂ ਪੂਰਨ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਸ਼ਹੀਦੀ ਸਪਤਾਹ ਮਨਾਇਆ ਜਾ ਰਿਹਾ ਹੈ। ਹਰ ਰੋਜ਼ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਫਤਹਿਗੜ੍ਹ ਸਾਹਿਬ ਵਿਖੇ ਹਾਜ਼ਰੀ ਭਰ ਰਹੀਆਂ ਹਨ। ਉਨ੍ਹਾਂ ਕਿਹਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਨੂਠੀ ਤੇ ਲਾ-ਮਿਸਾਲ ਹੈ। ਗੁਰਦੁਆਰਾ ਬਿਬਾਨਗੜ੍ਹ ਸਾਹਿਬ ਵਿਖੇ ਮਹਾਨ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ ਲਈ ਰਾਗੀ, ਢਾਢੀ, ਪ੍ਰਚਾਰਕ, ਕਥਾਵਾਚਕ ਸਿਖ ਇਤਿਹਾਸ ਦੀ ਮਹਿਮਾਂ ਨਾਲ ਸੰਗਤਾਂ ਨੂੰ ਜੋੜ ਰਹੇ ਹਨ। ਇਹ ਯਾਦ ਜੁਗਾ ਜੁਗਾਤਰਾਂ ਤੀਕ ਸਦਾ ਕਾਇਮ ਰਹੇਗੀ। ਉਨ੍ਹਾਂ ਕਿਹਾ ਜਿਥੇ ਵੀ ਸਿੱਖ ਵਸਦਾ ਹੈ 27 ਦਸੰਬਰ ਨੂੰ ਦੁਪਹਿਰ ਸਮੇਂ ਕੁੱਝ ਸਮਾਂ ਮੂਲ ਮੰਤਰ ਦੇ ਪਾਠ ਜ਼ਰੂਰ ਕਰੇ। ਉਨ੍ਹਾਂ ਹੋਰ ਕਿਹਾ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਵਿਖੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਨਿਹੰਗ ਸਿੰਘਾਂ ਦੀ ਪੁਰਤਾਨ ਮਰਯਾਦਾ ਅਨੁਸਾਰ ਅੱਜ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋ ਗਏ ਹਨ ਤੇ 28 ਦਸੰਬਰ ਨੂੰ ਭੋਗ ਪਵੇਗਾ। ਅੱਜ 27 ਦਸੰਬਰ ਨੂੰ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਜੋਤੀ ਸਰੂਪ ਤੀਕ ਨਗਰ ਕੀਰਤਨ ਹੋਵੇਗਾ। ਜਿਥੇ ਅਰਦਾਸ ਉਪਰੰਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਸਿੱਖ ਕੌਮ ਦੀਆਂ ਧਾਰਮਿਕ ਮਹਾਨ ਸਖਸ਼ੀਅਤਾਂ ਸਾਹਿਬਜ਼ਾਦਿਆਂ ਨੂੰ ਸਰਧਾਂਜਲੀ ਅਰਪਣ ਕਰਨਗੀਆਂ। 28 ਦਸੰਬਰ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਭੋਗ ਉਪਰੰਤ ਨਿਹੰਗ ਸਿੰਘਾਂ ਦੀਆਂ ਲਾਡਲੀਆਂ ਫੌਜਾਂ ਪੁਰਾਤਨ ਮਰਯਾਦਾ ਅਨੁਸਾਰ ਸਮੂਹ ਨਿਹੰਗ ਸਿੰਘ ਦਲਾਂ ਵੱਲੋਂ ਬੁੱਢਾ ਦਲ ਦੀ ਅਗਵਾਈ ਵਿੱਚ ਮਹੱਲਾ ਸਜਾਇਆ ਜਾਵੇਗਾ।
ਇਸ ਮੌਕੇ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕੇਰਲਾ ਦੇ ਪਾਇਨੂਰ ਕੇਂਦਰੀ ਵਿਦਿਆਲਾ ਵਿੱਚ ਵਿਦਿਆਰਥੀਆਂ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਨਕਲ ਕਰਵਾ ਇਸ ਦੀਆਂ ਤਸਵੀਰਾਂ ਸ਼ੋਸਲ ਮੀਡੀਏ ਤੇ ਵਾਇਰਲ ਕੀਤੇ ਜਾਣ ਤੇ ਸਖ਼ਤ ਇਤਿਰਾਜ ਜਤਾਇਆ ਹੈ ਉਨ੍ਹਾਂ ਕਿਹਾ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਕੋਈ ਨਕਲ ਨਹੀਂ ਕਰ ਸਕਦਾ ਤੇ ਨਾ ਹੀ ਸਿੱਖ ਕੌਮ ਸਹਿਣ ਕਰੇਗੀ। ਉਨ੍ਹਾਂ ਕਿਹਾ ਸਬੰਧਤ ਵਿਦਿਆਲਾ ਤੁਰੰਤ ਜਨਤਕ ਮੁਆਫੀ ਮੰਗੇ ਅਤੇ ਮੀਡੀਏ ਤੋਂ ਵੀਡੀਓ ਤੁਰੰਤ ਹਟਾਏ। ਉਨ੍ਹਾਂ ਕੇਂਦਰੀ ਸਰਕਾਰ ਦੇ ਸਿੱਖਿਆ ਮੰਤਰਾਲਾ, ਸਭਿਆਚਾਰ ਮੰਤਰਾਲਾ, ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਅਤੇ ਕੇਂਦਰੀ ਸਕੈਂਡਰੀ ਸਿੱਖਿਆ ਬੋਰਡ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਜ਼ਰੂਰੀ ਕਾਰਵਾਈ ਕਰਨ ਲਈ ਕਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਮੁੜ ਅਜਿਹੀ ਕੋਈ ਦੁਖਦਾਈ ਘਟਨਾ ਨਾ ਵਾਪਰੇ।