ਪੰਜਾਬ ਤੋਂ ਰਾਜ ਸਭਾ ਮੈਂਬਰ ਡਾ: ਵਿਕਰਮਜੀਤ ਸਿੰਘ ਸਾਹਨੀ ਨੇ ਭਾਰਤ ਦੇ ਆਰਥਿਕ ਅਤੇ ਸਮਜਿਕ ਵਿਕਾਸ ਵਿਚ ਪਰਿਵਰਤਨਕਾਰੀ ਯੋਗਦਾਨ ਲਈ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੂੰ ਭਾਰਤ ਦੇ ਸਟਵੁੱਚ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ ਜਿਸ ਵਿਚ ਉਦਾਰੀਕਰਨ ਦੀਆਂ ਨੀਤੀਆਂ ਦੀ ਸ਼ੁਰੂਆਤ, ਗਰੀਬ ਪੱਖੀ ਕਾਨੂੰਨ ਅਤੇ ਆਰਥਿਕ ਲੀਡਰਸ਼ਿਪ ਸ਼ਾਮਿਲ ਹੈ ਜਿਸਨੇ ਭਾਰਤ ਨੂੰ ਵਿਸ਼ਵ ਵਿਚ ਡਰਾਉਂਦੇ ਸੰਕਟਾਂ ਤੋਂ ਬਚਾਇਆ ਸੀ।
ਡਾ: ਸਾਹਨੀ ਨੇ ਕਿਹਾ ਕਿ ਡਾ: ਮਨਮੋਹਨ ਸਿੰਘ ਆਧੁਨਿਕ ਭਾਰਤ ਦੇ ਅਰਥਚਾਰੇ ਦੇ ਨਿਰਮਾਤਾ ਸਨ। 1991 ਦੇ ਆਰਥਿਕ ਸੁਧਾਰਾਂ ਨੇ ਭਾਰਤ ਨੂੰ ਲਾਇਸੈਂਸ ਰਾਜ ਦੇ ਦੌਰ ਤੋਂ ਇੱਕ ਵਿਸ਼ਵ ਮਹਾਂਸ਼ਕਤੀ ਵਿੱਚ ਬਦਲ ਦਿੱਤਾ।
ਡਾ: ਸਾਹਨੀ ਨੇ ਕਿਹਾ ਕਿ ਡਾ: ਮਨਮੋਹਨ ਸਿੰਘ ਅਗਾਂਹਵਧੂ ਕਾਨੂੰਨਾਂ ਦੇ ਚੈਂਪੀਅਨ ਸਨ, ਜਿਵੇਂ ਕਿ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ), 2005; ਸਿੱਖਿਆ ਦਾ ਅਧਿਕਾਰ ਐਕਟ, 2009; ਸੂਚਨਾ ਦਾ ਅਧਿਕਾਰ ਐਕਟ, 2005; ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013; ਕੰਪਨੀਆਂ ਲਈ ਲਾਜ਼ਮੀ 2% ਸੀਐਸਆਰ, 2013; ਅਤੇ ਭੂਮੀ ਗ੍ਰਹਿਣ ਐਕਟ, 2013, ਆਦਿ।
ਡਾ: ਸਾਹਨੀ ਨੇ ਡਾ: ਮਨਮੋਹਨ ਸਿੰਘ ਨੂੰ ਬੇਹੱਦ ਇਮਾਨਦਾਰੀ ਅਤੇ ਦੂਰਅੰਦੇਸ਼ੀ ਵਾਲਾ ਸੱਚਾ ਸਿਆਸਤਦਾਨ ਦੱਸਿਆ। ਉਹਨਾ ਦਾ ਯੋਗਦਾਨ ਆਰਥਿਕ ਸੁਧਾਰਾਂ ਤੋਂ ਪਰੇ ਹੈ, ਕਿਉਂਕਿ ਉਹਨਾ ਦੀ ਅਗਵਾਈ ਨੇ ਭਾਰਤ ਲਈ ਸਥਿਰਤਾ, ਸਮਾਵੇਸ਼ ਅਤੇ ਵਿਸ਼ਵਵਿਆਪੀ ਸਨਮਾਨ ਨੂੰ ਉਤਸ਼ਾਹਿਤ ਕੀਤਾ। ਉਹ ਕੌਮ ਪ੍ਰਤੀ ਨਿਮਰਤਾ, ਬੁੱਧੀ ਅਤੇ ਸਮਰਪਣ ਦਾ ਪ੍ਰਤੀਕ ਹਨ।
ਡਾ: ਸਾਹਨੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਭਾਰਤ ਦੇ ਇਸ ਮਹਾਨ ਪੁੱਤਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰੀਏ | ਡਾ. ਮਨਮੋਹਨ ਸਿੰਘ ਦਾ ਜੀਵਨ ਅਤੇ ਕੰਮ ਪ੍ਰੇਰਨਾ ਸਰੋਤ ਹੈ ਅਤੇ ਉਨ੍ਹਾਂ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਤੱਕ ਭਾਰਤ ਦੀ ਤਰੱਕੀ ਲਈ ਮਾਰਗ ਦਰਸ਼ਨ ਕਰਦੀ ਰਹੇਗੀ।