ਅੰਮ੍ਰਿਤਸਰ-ਖਾਲਸਾ ਕਾਲਜ ਵਿਖੇ ਬੱਚਿਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਸਬੰਧੀ ਆਰਟੀਫਿਸ਼ੈਲ ਇੰਨਟੈਲੀਜੈਂਸ ਲੈਬ ਦੀ ਸਥਾਪਨਾ ਕੀਤੀ। ਕਾਲਜ ਦੇ ਸਕੂਲ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵੱਲੋਂ ਸਥਾਪਿਤ ਇਸ ਲੈਬ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਵੱਲੋਂ ਕੀਤਾ ਗਿਆ।
ਇਸ ਤੋਂ ਪਹਿਲਾਂ ਉਦਘਾਟਨੀ ਸਮਾਰੋਹ ’ਤੇ ਡਾ. ਮਹਿਲ ਸਿੰਘ, ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਅਤੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਦਾ ਪੁੱਜਣ ’ਤੇ ਸਕੂਲ ਆਫ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਦੇ ਮੁੱਖੀ ਡਾ. ਹਰਭਜਨ ਸਿੰਘ ਰੰਧਾਵਾ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਏ. ਆਈ. ਲੈਬ ਦੀ ਸਥਾਪਨਾ ਖੋਜ ਅਤੇ ਹੁਨਰ ਵਿਕਾਸ ਲਈ ਨਵੇਂ ਰਸਤੇ ਖੋਲ੍ਹਣ ਦੀ ਉਮੀਦ ਹੈ ਅਤੇ ਵਿਦਿਆਰਥੀਆਂ ਨੂੰ ਡਿਜੀਟਲ ਕੋਸ਼ਲ ਸਿਖਲਾਈ ਦੇਣ ਦੀ ਲੋੜ ’ਤੇ ਜੋਰ ਦਿੱਤਾ ਤਾਂ ਜੋ ਉਹ ਟੈਕਨਾਲੋਜੀ ਦੀ ਦੁਨੀਆਂ ’ਚ ਸਫਲ ਹੋ ਸਕਣ। ਇਸ ਮੌਕੇ ਡਾ. ਕਾਹਲੋਂ ਨੇ ਸਮੂੰਹ ਕੰਪਿਊਟਰ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਏ. ਆਈ. ਲੈਬ ਵਿਦਿਆਰਥੀਆਂ ’ਚ ਨਵੀਂ ਸੋਚ, ਖੋਜ ਅਤੇ ਸਹਿਯੋਗੀ ਪੜ੍ਹਾਈ ਨੂੰ ਪ੍ਰੇਰਿਤ ਕਰੇਗੀ।
ਇਸ ਮੌਕੇ ਡਾ. ਰੰਧਾਵਾ ਨੇ ਨਵੀਂ ਲੈਬ ਦੀ ਮਹੱਤਤਾ ’ਤੇ ਰੌਸ਼ਨੀ ਪਾਉਂਦਿਆਂ ਇਸ ਨੂੰ ਵਿਭਾਗ ਲਈ ਮੀਲ ਪੱਥਰ ਵਜੋਂ ਦਰਸਾਇਆ। ਉਨ੍ਹਾਂ ਕਿਹਾ ਕਿ ਇਹ ਸੁਵਿਧਾ ਵਿਦਿਆਰਥੀਆਂ ’ਚ ਡਿਜੀਟਲ ਸਾਖਰਤਾ ਨੂੰ ਉਤਸ਼ਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾਏਗੀ। ਇਹ ਸਮਾਰੋਹ ’ਚ ਪ੍ਰੋ. ਸੁਖਵਿੰਦਰ ਕੌਰ, ਡਾ. ਮਨੀ ਅਰੋੜਾ, ਡਾ. ਰੁਪਿੰਦਰ ਸਿੰਘ, ਪ੍ਰੋ. ਪ੍ਰਭਜੋਤ ਕੌਰ, ਡਾ. ਅਨੂਰੀਤ ਕੌਰ ਤੋਂ ਇਲਾਵਾ ਸਮੂੰਹ ਸਟਾਫ ਮੈਂਬਰਜ਼ ਹਾਜ਼ਰ ਸਨ।