ਅੰਮ੍ਰਿਤਸਰ-¸ਖਾਲਸਾ ਗਲੋਬਲ ਰੀਚ ਫਾਊਂਡੇਸ਼ਨ (ਅਮਰੀਕਾ) ਵੱਲੋਂ ਖਾਲਸਾ ਕਾਲਜ ਫ਼ਾਰ ਵੂਮੈਨ ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਹੋਣਹਾਰ ਅਤੇ ਜ਼ਰੂਰਤਮੰਦ ਬੱਚੀਆਂ ਦੀ ਸਹਾਇਤਾ ਲਈ ਕ੍ਰਮਵਾਰ 5 ਅਤੇ 1 ਲੱਖ ਦਾ ਚੈਕ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੂੰ ਭੇਂਟ ਕੀਤਾ ਗਿਆ। ਸ: ਛੀਨਾ ਨੇ ਕੌਂਸਲ ਦੇ ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ ਦੀ ਮੌਜ਼ੂਦਗੀ ’ਚ ਫਾਊਂਡੇਸ਼ਨ ਦੇ ਕੋਆਰਡੀਨੇਟਰ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਦੁਆਰਾ ਭੇਂਟ ਕੀਤੇ ਉਕਤ ਚੈਕਾਂ ਨੂੰ ਮੌਕੇ ’ਤੇ ਹੀ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੂੰ ਸੌਂਪ ਦਿੱਤਾ ਗਿਆ।
ਇਸ ਮੌਕੇ ਸ: ਛੀਨਾ ਨੇ ਯੋਗ ਵਿਦਿਆਰਥਣਾਂ ਲਈ ਰਾਹਤ ਵਜੋਂ ਦਿੱਤੇ ਗਏ ਉਕਤ ਚੈਕ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਯੂ. ਐਸ. ਏ. ਤੋਂ ਫਾਊਂਡੇਸ਼ਨ ਦੇ ਸਰਪ੍ਰਸਤ ਡਾ. ਬਖਸ਼ੀਸ਼ ਸਿੰਘ ਵੱਲੋਂ ਪਹਿਲਾਂ ਵੀ ਵਿਸ਼ੇਸ਼ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਇਸ ਮੌਕੇ ਗਲੋਬਲ ਰੀਚ ਫ਼ਾਊਂਡੇਸ਼ਨ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਹਾਇਤਾ ਨਾਲ ਗਰੀਬ ਪਰਿਵਾਰ ਤੋਂ ਮੈਰੀਟੋਰੀਅਸ ਬੱਚੀਆਂ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੀਆਂ। ਉਨ੍ਹਾਂ ਕਿਹਾ ਕਿ ਫ਼ਾਊਂਡੇਸ਼ਨ ਦਾ ਲੋੜਵੰਦ ਬੱਚਿਆਂ ਦੀ ਭਲਾਈ ਲਈ ਕੀਤਾ ਜਾ ਰਿਹਾ ਕਾਰਜ ਸ਼ਲਾਘਾਯੋਗ ਹੈ।
ਇਸ ਮੌਕੇ ਡਾ. ਸੁਰਿੰਦਰ ਕੌਰ ਅਤੇ ਪ੍ਰਿੰ: ਨਾਗਪਾਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਹ ਸਹਾਇਤਾ ਜਰੂਰਤਮੰਦ ਪਰ ਹੋਣਹਾਰ ਬੱਚੀਆਂ ਤੱਕ ਪਹੁੰਚੇਗੀ ਤੇ ਉਹ ਇਸ ਲਈ ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸ਼ੁਕਰਗੁਜ਼ਾਰ ਹਨ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਫ਼ਾਊਂਡੇਸ਼ਨ ਵੱਲੋਂ ਉਕਤ ਰਾਸ਼ੀ ਚੈਕ ਸ: ਹੁਸ਼ਿਆਰ ਨਗਰ ਰਾਹੀਂ ਭੇਜੇ ਗਏ ਹਨ, ਜੋ ਕਿ ਸ: ਛੀਨਾ ਵੱਲੋਂ ਪ੍ਰਾਪਤ ਕਰ ਲਏ ਗਏ ਹਨ।
ਇਸ ਮੌਕੇ ਸ: ਹੁਸ਼ਿਆਰ ਨਗਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਇੰਟਰਨੈਸ਼ਨਲ ਦੀ ਯੂ. ਐਸ. ਏ. ਤੋਂ ਫਾਊਂਡੇਸ਼ਨ ਦੇ ਸਰਪ੍ਰਸਤ ਡਾ. ਬਖਸ਼ੀਸ਼ ਸਿੰਘ, ਸ: ਕਾਰਜ ਸਿੰਘ, ਪ੍ਰਧਾਨ ਸ੍ਰੀਮਤੀ ਗੁਰਵਰਿੰਦਰ ਕੌਰ ਦਾ ਇਹ ਮਕਸਦ ਸੀ ਕਿ ਉਹ ਆਰਥਿਕ ਪੱਖੋਂ ਕਮਜ਼ੋਰ ਜ਼ਰੂਰਤਮੰਦ ਅਤੇ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਲਈ ਯਤਨ ਕਰਨ। ਜਿਨ੍ਹਾਂ ਦੇ ਇਸੇ ਟੀਚੇ ਤਹਿਤ ਅੱਜ ਵੂਮੈਨ ਕਾਲਜ ਲਈ ਸਾਲ ਦੀ ਕੁਲ 8 ਲੱਖ ’ਚੋਂ ਪਹਿਲੀ ਕਿਸ਼ਤ ਵਜੋਂ ਡਾ. ਸੁਰਿੰਦਰ ਕੌਰ ਕੌਰ ਨੂੰ ਵਿਦਿਆਰਥਣਾਂ ਲਈ 5 ਲੱਖ ਅਤੇ ਸਕੂਲ ਲਈ ਸਾਲ ਦੇ ਕੁਲ ਡੇਢ ਲੱਖ ’ਚੋਂ 1 ਲੱਖ ਰੁਪਏ ਦਾ ਚੈਕ ਪ੍ਰਿੰ: ਨਾਗਪਾਲ ਨੂੰ ਭੇਂਟ ਕੀਤਾ ਗਿਆ ਹੈ। ਉਨ੍ਹਾਂ ਨੇ ਖਾਲਸਾ ਕਾਲਜ ਮੈਨੇਜ਼ਮੈਂਟ ਦੇ ਵਿੱਦਿਆ ਪ੍ਰਸਾਰ ਪ੍ਰਤੀ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਹੀ ਖ਼ਾਲਸਾ ਕਾਲਜ ਸੰਸਥਾਵਾਂ ਦੀ ਮਦਦ ਲਈ ਤਿਆਰ ਹਨ।