ਅੰਮ੍ਰਿਤਸਰ - ਸ਼ੋ੍ਰਮਣੀ ਅਕਾਲੀ ਦਲ ਦੇ ਇਕ ਉਚ ਤਾਕਤੀ ਵਫਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਪ੍ਰਵਾਨ ਕਰਨ ਵਿਚ ਆ ਰਹੀਆਂ ਅੜਚਣਾ ਤੇ ਨਵੀ ਭਰਤੀ ਸੰਬਧੀ ਪੈਦਾ ਹੋ ਰਹੇ ਸਵਿਧਾਨਕ ਸੰਕਟ ਤੇ ਚੋਣ ਕਮਿਸ਼ਨ ਦੀਆਂ ਹਦਾਇਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਜਥੇਦਾਰ ਦੀ ਰਿਹਾਇਸ਼ ਤੇ ਕਰੀਬ 40 ਮਿੰਟ ਤਕ ਚਲੀ ਇਸ ਮੀਟਿੰਗ ਵਿਚ ਅਕਾਲੀ ਦਲ ਦੇ ਆਗੂਆਂ ਦੇ ਨਾਲ ਸ਼ੋ੍ਰਮਣੀ ਕਮੇਟੀ ਦੇ ਮੁਖ ਸਕਤੱਰ ਕੁਲਵੰਤ ਸਿੰਘ ਮੰਨਣ, ਅਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲਾ ਅਤੇ ਮੈਂਬਰ ਭਾਈ ਰਾਮ ਸਿੰਘ ਸ਼ਾਮਲ ਸਨ।ਪੱਤਰਕਾਰਾਂ ਨਾਲ ਗਲ ਕਰਦਿਆਂ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇੇ ਦਾਅਵਾ ਕੀਤਾ ਕਿ ਜਥੇਦਾਰ ਨੇ ਇਹ ਇਜਾਜਤ ਦਿੱਤੀ ਹੈ ਕਿ ਸੰਵਿਧਾਨ ਮੁਤਾਬਕ 2 ਦਸੰਬਰ ਨੂੰ ਹੋਏ ਆਦੇਸ਼ ਮੰਨੇ ਜਾਣ।ਉਨਾਂ ਦਸਿਆ ਕਿ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੋ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜ਼ੋ ਸੇਵਾ ਲਗਾਈ ਗਈ ਸੀ ਪੂਰੀ ਕਰ ਲਈ ਹੈ।ਡਾਕਟਰ ਚੀਮਾ ਨੇ ਦਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਵਰਕਿੰਗ ਕਮੇਟੀ ਨੂੰ ਆਪਣਾ ਅਸਤੀਫਾ ਦੇ ਚੁੱਕੇ ਹਨ, ਪਰ ਅੱਜ ਅਸੀਂ ਜਥੇਦਾਰ ਨੂੰ ਸਮਝਾਇਆ ਕਿ ਅਸੀਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਕੁਝ ਅੜਚਣਾ ਹਨ। ਉਨਾਂ ਕਿਹਾ ਕਿ ਕੁਝ ਸਵਿਧਾਨਕ ਤੇ ਚੋਣ ਕਮਿਸ਼ਨ ਦੀਆਂ ਦਿੱਤੀਆਂ ਹਦਾਇਤਾਂ ਕਾਰਨ ਅਸੀ ਪਾਰਟੀ ਦੀ ਨਵੀਂ ਭਰਤੀ ਸ਼ੁਰੂ ਨਹੀਂ ਕਰ ਰਹੇ।ਚੋਣ ਕਮਿਸ਼ਨ ਦੀ ਵੈਬ ਸਾਈਟ ਤੇ ਹਲਫ਼ਨਾਮਾ ਉਪਲਬਧ ਹੈ ਜਿਸ ਵਿਚ ਕਈ ਸ਼ਰਤਾਂ ਦਰਜ ਹਨ। ਉਨਾ ਦਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਵਿੱਚ ਸ਼ਰਤਾਂ ਹਨ ਕਿ ਪਾਰਟੀ ਨੂੰ ਭਾਰਤ ਦੇ ਵਿਧਾਨ ਅਨੁਸਾਰ ਕੰਮ ਕਰਨਾ ਪਵੇਗਾ ਤੇ ਪਾਰਟੀ ਕੇਵਲ ਇੱਕ ਧਰਮ ਲਈ ਨਹੀਂ ਸਾਰੇ ਧਰਮਾਂ ਲਈ ਕੰਮ ਕਰੇਗੀ। ਪਾਰਟੀ ਨੂੰ ਲੋਕਤੰਤਰੀ ਢੰਗ ਨਾਲ ਕੰਮ ਕਰਨਾ ਪਵੇਗਾ। ਡਾਕਟਰ ਚੀਮਾ ਨੇ ਕਿਹਾ ਕਿ ਅਸੀਂ ਸਾਰੀ ਜਾਣਕਾਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਸਾਂਝੀ ਕੀਤੀ ਹੈ। ਡਾਕਟਰ ਚੀਮਾ ਨੇ ਕਿਹਾ ਕਿ ਜਥੇਦਾਰ ਨੇ ਉਹਨਾਂ ਦੇ ਪੱਖ ਨੂੰ ਸੁਣਣ ਤੋਂ ਬਾਅਦ ਸੰਵਿਧਾਨ ਮੁਤਾਬਕ 2 ਦਸੰਬਰ ਨੂੰ ਹੋਏ ਆਦੇਸ਼ ਮੰਨਣ ਲਈ ਕਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਜਥੇਦਾਰ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਮੀਟਿੰਗ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦੋ ਦਸੰਬਰ ਨੂੰ ਬਣਾਈ ਗਈ ਸੀ ਉਸ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ ।ਸੱਤ ਮੈਂਬਰੀ ਕਮੇਟੀ ਦੀ ਜਗ੍ਹਾ ਤੇ ਜੋ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਕਹਿੰਦਾ ਹੈ ਉਸ ਮੁਤਾਬਕ ਕੰਮ ਕਰਨ ਦੀ ਇਜਾਜਤ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਾਰਟੀ ਅਤੇ ਪਾਰਟੀ ਦਾ ਹਰੇਕ ਵਰਕਰ ਸਮਰਪਿਤ ਹੈ। ਜਲਦੀ ਹੀ ਅਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਦੀ ਤਰੀਕ ਦਾ ਐਲਾਨ ਕਰਾਂਗੇ, ਜਿਸ ਵਿੱਚ ਵਰਕਰਾਂ ਦੀ ਨਵੀਂ ਭਰਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਸਤੀਫੇ ਬਾਰੇ ਵੀ ਫੈਸਲਾ ਲਿਆ ਜਾਵੇਗਾ। ਡਾਕਟਰ ਚੀਮਾ ਨੇ ਅਗੇ ਕਿਹਾ ਕਿ ਜਲਦ ਹੀ ਵਰਕਰਾਂ ਦੀ ਨਵੀ ਭਰਤੀ ਹੋਵੇਗੀ ਤੇ ਡੈਲੀਗੇਟ ਬਣਨਗੇ ਜਿਸ ਤੋ ਬਾਅਦ ਮੁੜ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਪੰਜਾਬ ਵਿਚ ਚਲ ਰਹੇ ਕਿਸਾਨ ਅੰਦੋਲਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਡਾਕਟਰ ਚੀਮਾ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ ਇਸ ਲਈ ਕੇਂਦਰ ਸਮਝਦਾਰੀ ਨਾਲ ਫੈਸਲਾ ਲਵੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਲਈ ਪੰਜਾਬ ਦੇ ਮੁੱਖ ਮੰਤਰੀ ਵੀ ਜਵਾਬਦੇਹ ਹਨ।ਇਸ ਮੌਕੇ ਤੇ ਸ੍ਰ ਹੀਰਾ ਸਿੰਘ ਗਾਬੜੀਆ, ਗੁਲਜਾਰ ਸਿੰਘ ਰਣਿਕੇ, ਪਰਮਜੀਤ ਸਿੰਘ ਸਰਨਾ, ਅਰਸ਼ਦੀਪ ਸਿੰਘ ਕਲੇਰ ਆਦਿ ਵੀ ਹਾਜਰ ਸਨ।