ਨਵੀਂ ਦਿੱਲੀ - ਪਿਛਲੇ ਦਿਨੀ ਭਾਈ ਕਰਮਜੀਤ ਸਿੰਘ ਸਿੱਖਾਂਵਾਲਾ ਦੇ ਸਪੁੱਤਰ ਅਮਨਪ੍ਰੀਤ ਸਿੰਘ ਲਾਲੀ ਗੁਰੂ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਸ ਅਕਾਲ ਪੁਰਖ ਦਾ ਕੋਈ ਭਾਣਾ ਹੀ ਸੀ ਕਿ ਭਾਈ ਅਮਨਪ੍ਰੀਤ ਸਿੰਘ ਬਹੁਤ ਲੰਮਾ ਸਮਾਂ ਕੌਮਾ ਵਿੱਚ ਰਹੇ। ਅਜਿਹੇ ਸਮੇ ਪਰਿਵਾਰ ਤੇ ਕੀ ਗੁਜ਼ਰਦੀ ਹੈ ਇਹ ਤੇ ਪਰਿਵਾਰ ਹੀ ਜਾਣਦਾ ਹੈ ਪਰ ਉਸ ਦਾ ਭਾਣਾ ਮੋੜਿਆ ਨਹੀ ਜਾ ਸਕਦਾ। ਇਸ ਤੋਂ ਪਹਿਲਾਂ ਵੱਡਾ ਪੁੱਤਰ ਇੱਕ ਐਕਸੀਡੈਂਟ ਵਿਚ ਵਿਛੋੜਾ ਦੇ ਗਿਆ ਸੀ। ਭਾਈ ਅਮਨਪ੍ਰੀਤ ਸਿੰਘ ਜਿਥੇ ਇੱਕ ਚੋਟੀ ਦੇ ਜੁਝਾਰੂ ਬੱਬਰ ਦੇ ਪੁੱਤਰ ਸਨ ਉਥੇ ਇੱਕ ਚੋਟੀ ਦੇ ਖਾੜਕੂ ਸਿੰਘ ਭਾਈ ਬਲਵਿੰਦਰ ਸਿੰਘ ਗੰਗਾ ਦੀ ਭਤੀਜੀ ਨਾਲ ਵਿਆਹੇ ਹੋਏ ਸਨ। ਜਿਕਰਯੋਗ ਹੈ ਕਿ ਭਾਈ ਬਲਵਿੰਦਰ ਸਿੰਘ ਗੰਗਾ ਲੰਮਾ ਸਮਾਂ ਸਿੱਖ ਰਾਜ ਦੀ ਪ੍ਰਾਪਤੀ ਲਈ ਦੁਸ਼ਮਣ ਦੀਆਂ ਫੌਜਾਂ ਨੂੰ ਲੋਹੇ ਦੇ ਚਣੇ ਚਬਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ। ਭਾਈ ਕਰਮਜੀਤ ਸਿੰਘ ਸਿੱਖਾਂਵਾਲਾ ਜਿੱਥੇ ਹਥਿਆਰਬੰਦ ਸੰਘਰਸ਼ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਰਹੇ ਉਥੇ ਬੱਬਰ ਸੂਰਮਿਆਂ ਦਾ ਇਤਿਹਾਸ ਲਿਖਕੇ ਕਲਮ ਦੁਆਰਾ ਅਣਮੁੱਲਾ ਯੋਗਦਾਨ ਪਾ ਰਹੇ ਹਨ। ਭਾਵੇ ਕਿ ਭਾਈ ਸਾਹਿਬ ਨੇ ਆਪਣੇ ਪਿੰਡੇ ਤੇ ਜ਼ਾਲਿਮ ਪੁਲਿਸ ਦਾ ਅਣਮਨੁੱਖੀ ਬੇਤਹਾਸ਼ਾ ਕਹਿਰ ਝੱਲਿਆ ਜੋ ਬਿਆਨ ਕਰਨ ਤੋਂ ਬਾਹਰ ਹੈ। ਭਾਈ ਕਰਮਜੀਤ ਸਿੰਘ ਸਿੱਖਾਂਵਾਲਾ ਭਾਵੇਂ ਕਿ ਸਰੀਰਕ ਤੌਰ ਬਹੁਤ ਕਮਜ਼ੋਰ ਹੋ ਚੁੱਕੇ ਹਨ, ਫਿਰ ਵੀ ਕਲਮ ਦੁਆਰਾ ਬੱਬਰ ਸੂਰਮਿਆਂ ਦਾ ਇਤਿਹਾਸ ਲਿਖਣ ਵਿੱਚ ਜੁਟੇ ਹੋਏ ਹਨ। ਉਤੋਂ ਪੁੱਤਰ ਦੇ ਵਿਛੋੜੇ ਦਾ ਦੁੱਖ ਝੋਲੀ ਪੈ ਗਿਆ। ਪੁਤਰਾਂ ਦਾ ਦਾਨੀ ਸ਼ਾਇਦ ਇਹ ਵੀ ਆਪਣੇ ਸਿੱਖ ਦੇ ਸਿਦਕ ਦੀ ਪਰਖ ਹੀ ਕਰ ਰਿਹਾ ਹੈ। ਅਸੀਂ ਬਦੇਸ਼ਾਂ ਤੋਂ ਇਸ ਦੁੱਖਦਾਇਕ ਘੜੀ ਸਮੇਂ ਭਾਈ ਸਾਹਿਬ ਨਾਲ ਖੜ੍ਹੇ ਹਾਂ। ਕਨੇਡਾ ਤੋਂ ਜਥੇਦਾਰ ਅਜੈਬ ਸਿੰਘ ਬਾਗੜੀ, ਜਥੇਦਾਰ ਸੰਤੋਖ ਸਿੰਘ ਖੇਲਾ ਅਤੇ ਐਸਐਸ ਖਹਿਰਾ, ਯੂ ਐਸ ਏ ਤੋਂ ਭਾਈ ਕੰਵਰਜੀਤ ਸਿੰਘ, ਭਾਈ ਅਮਰੀਕ ਸਿੰਘ, ਭਾਈ ਸੁਰਿੰਦਰ ਸਿੰਘ ਇੰਡਿਆਨਾ ਅਤੇ ਭਾਈ ਕੇਸਰ ਸਿੰਘ ਕੈਲੇਫੋਰਨੀਆ, ਇੰਗਲੈਂਡ ਤੋਂ ਜਥੇਦਾਰ ਗੁਰਮੇਜ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਮੰਡੇਰ, ਫਰਾਂਸ ਤੋਂ ਭਾਈ ਪ੍ਰਸ਼ੋਤਮ ਸਿੰਘ, ਜਰਮਨੀ ਤੋਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ, ਭਾਈ ਬਿਧੀ ਸਿੰਘ, ਭਾਈ ਅਵਤਾਰ ਸਿੰਘ ਅਤੇ ਭਾਈ ਰਾਜਿੰਦਰ ਸਿੰਘ ਆਦਿ ਸਿੰਘਾਂ ਨੇ ਕਿਹਾ ਹੈ ਕਿ ਵਾਹਿਗੁਰੂ ਅੱਗੇ ਅਰਦਾਸ ਹੈ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।