ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੇ ਪਾਰਟੀ ਪ੍ਰਧਾਨ ਵਜੋਂ ਅਸਤੀਫੇ ਨੂੰ ਪ੍ਰਵਾਨ ਕਰ ਲਿਆ।
ਸਰਦਾਰ ਬਾਦਲ ਨੇ ਨਵੰਬਰ ਮਹੀਨੇ ਵਿਚ ਅਸਤੀਫਾ ਦਿੱਤਾ ਸੀ, ਨੇ ਅੱਜ ਦੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੀਟਿੰਗ ਵਿਚ ਸ਼ਾਮਲ ਹੋ ਕੇ ਵਰਕਿੰਗ ਕਮੇਟੀ ਨੂੰ ਇਸ ਗੱਲ ਰਾਜ਼ੀ ਕੀਤਾ ਕਿ ਉਹ ਉਹਨਾਂ ਦਾ ਅਸਤੀਫਾ ਪ੍ਰਵਾਨ ਕਰੇ ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੁਖਬੀਰ ਨੇ ਕਿਹਾ ਕਿ ਉਹ ਹਮੇਸ਼ਾ ਪਾਰਟੀ ਤੇ ਪੰਜਾਬ ਦੀ ਨਿਮਾਣੇ ਵਰਕਰ ਵਜੋਂ ਸੇਵਾ ਕਰਦੇ ਰਹਿਣਗੇ।
ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਰਕਿੰਗ ਕਮੇਟੀ ਨੇ ਇਹ ਵੀ ਫੈਸਲਾ ਲਿਆ ਹੈ ਕਿ 20 ਜਨਵਰੀ ਤੋਂ ਪਾਰਟੀ ਦੀਆਂ ਜਥੇਬੰਦਕ ਚੋਣਾਂ ਨਵੇਂ ਸਿਰੇ ਤੋਂ ਕਰਵਾਈਆਂ ਜਾਣ। ਉਹਨਾਂ ਕਿਹਾ ਕਿ ਇਹ ਭਰਤੀ ਮੁਹਿੰਮ ਇਕ ਮਹੀਨਾ ਚੱਲੇਗੀ ਅਤੇ ਪਾਰਟੀ ਪ੍ਰਧਾਨ ਦੇ ਅਹੁਦੇ ਦੀ ਚੋਣ 1 ਮਾਰਚ ਨੂੰ ਹੋਵੇਗੀ।
ਪਾਰਟੀ ਨੇ ਇਹ ਵੀ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ ਇਹਨਾਂ ਚੋਣਾਂ ਦੇ ਮੁੱਖ ਚੋਣ ਅਫਸਰ ਹੋਣਗੇ। ਡਾ. ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੰਮੂ ਅਤੇ ਕਸ਼ਮੀਰ ਅਤੇ ਹੁਸ਼ਿਆਰਪੁਰ ਦੇ ਇੰਚਾਰਜਹੋਣਗੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਸਮੁੱਚੇ ਮਾਲਵਾ ਖਿੱਤੇ ਦੇ ਇੰਚਾਰਜ ਹੋਣਗੇ, ਮਨਪ੍ਰੀਤ ਸਿੰਘ ਇਯਾਲ ਰਾਜਸਥਾਨ, ਸੰਤਾ ਸਿੰਘ ਉਮੈਦਪੁਰੀ ਹਿਮਾਚਲ ਪ੍ਰਦੇਸ਼, ਇਕਬਾਲ ਸਿੰਘ ਝੂੰਦਾਂ ਮਾਲੇਰਕੋਟਲਾ, ਪਰਮਜੀਤ ਸਿੰਘ ਸਰਨਾ ਦਿੱਲੀ, ਮਨਜੀਤ ਸਿੰਘ ਜੀ ਕੇ ਯੂ ਪੀ ਤੇ ਉੱਤਰਾਖੰਡ ਅਤੇ ਰਘੂਜੀਤ ਸਿੰਘ ਵਿਰਕ ਹਰਿਆਣਾ ਦੇ ਇੰਚਾਰਜ ਹੋਣਗੇ।
ਡਾ. ਚੀਮਾ ਨੇ ਸਾਰੇ ਆਗੂਆਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਹੜੇ ਪਾਰਟੀ ਤੋਂ ਬਾਹਰ ਹਨ, ਉਹ ਪਾਰਟੀ ਕੋਲ ਪਹੁੰਚ ਕਰਨ ਤਾਂ ਜੋ ਸਾਰਿਆਂ ਦੀ ਪਾਰਟੀ ਵਿਚ ਵਾਪਸੀ ਸੰਭਵ ਹੋ ਸਕੇ।
ਇਸ ਦੌਰਾਨ ਵਰਕਿੰਗ ਕਮੇਟੀ ਨੇ ਖੇਤੀਬਾੜੀ ਮੰਡੀਕਰਨ ਦੇ ਮਾਮਲੇ ’ਤੇ ਕੌਮੀ ਨੀਤੀ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਹ ਨੀਤੀ ਪੰਜਾਬ ਦੇ ਮੰਡੀਕਰਣ ਢਾਂਚੇ ਨੂੰ ਤਬਾਹ ਕਰਨਾ ਚਾਹੁੰਦੀ ਹੈ ਤੇ ਇਹ ਨਿੱਜੀਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਪਹਿਲਾਂ ਰੱਦ ਕੀਤੇ ਗਏ ਸਨ ਉਹ ਕਾਨੂੰਨ ਦੁਬਾਰਾ ਲਾਗੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵੱਲੋਂ ਕੇਂਦਰ ਸਰਕਾਰ ਦੇ ਨਾਲ-ਨਾਲ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਪੰਜਾਬ ਵਿਚ ਕਿਸਾਨਾਂ ਦੀਆਂ ਮੁਸ਼ਕਿਲਾਂ ਪ੍ਰਤੀ ਅੱਖਾਂ ਮੀਟ ਲਈਆਂ ਗਈਆਂ ਹਨ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪ੍ਰਤੀ ਕੋਈ ਹਮਦਰਦੀ ਨਹੀਂ ਵਿਖਾਈ ਜਾ ਰਹੀ। ਕਮੇਟੀ ਨੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵੱਡੀ ਗਿਣਤੀ ਵਿਚ ਜਾਅਲੀ ਵੋਟਰ ਸ਼ਾਮਲ ਕਰਨ ਦੀ ਵੀ ਨਿਖੇਧੀ ਕੀਤੀ। ਪਾਰਟੀ ਨੇ ਚੰਡੀਗੜ੍ਹ ਵਿਚ ਸਲਾਹਕਾਰ ਦੀ ਥਾਂ ’ਤੇ ਮੁੱਖ ਸਕੱਤਰ ਦਾ ਅਹੁਦਾ ਸਿਰਜਣ ਦੀ ਵੀ ਨਿਖੇਧੀ ਕੀਤੀ।