ਅੰਮ੍ਰਿਤਸਰ-ਆਈ. ਓ. ਟੀ., ਏ. ਆਈ., ਰੋਬੋਟਿਕਸ ਅਤੇ ਡੇਟਾ ਵਿਸ਼ਲੇਸ਼ਣ ਵਰਗੀਆਂ ਉੱਨਤ ਤਕਨਾਲੋਜੀਆਂ ਦਾ ਏਕੀਕਰਨ ਸਿਰਫ਼ ਇਕ ਵਿਕਲਪ ਨਹੀਂ ਹੈ, ਸਗੋਂ ਉਦਯੋਗਾਂ ਲਈ ਵਿਸ਼ਵਵਿਆਪੀ ਅਰਥਵਿਵਸਥਾ ’ਚ ਪ੍ਰਤੀਯੋਗੀ ਬਣੇ ਰਹਿਣ ਲਈ ਇਕ ਜ਼ਰੂਰਤ ਹੈ। ਅਜਿਹੇ ਪ੍ਰੋਗਰਾਮ ਸਿੱਖਿਅਕਾਂ ਅਤੇ ਪੇਸ਼ੇਵਰਾਂ ਨੂੰ ਅੱਗੇ ਰਹਿਣ ਲਈ ਸ਼ਕਤੀ ਪ੍ਰਦਾਨ ਕਰਦੇ ਹਨ। ਇਹ ਪ੍ਰਗਟਾਵਾ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਏ. ਆਈ. ਸੀ. ਟੀ. ਵੱਲੋਂ ਪ੍ਰਵਾਨਿਤ ਅਟਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅਧੀਨ ‘ਐਡਵਾਂਸਿੰਗ ਸਮਾਰਟ ਮੈਨੂਫੈਕਚਰਿੰਗ: ਅਨਲੌਕਿੰਗ ਦ ਪਾਵਰ ਆਫ਼ ਇੰਡਸਟਰੀ’ ਵਿਸ਼ੇ ’ਤੇ ਆਨਲਾਈਨ ਸ਼ੈਸ਼ਨ ਦੌਰਾਨ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਕੀਤਾ। ਜਿਸ ’ਚ ਭਾਰਤ ਦੇ 15 ਰਾਜਾਂ ਤੋਂ 153 ਭਾਗੀਦਾਰਾਂ ਨੇ ਰਜਿਸਟਰੇਸ਼ਨ ਕੀਤੀ।
ਇਸ ਮੌਕੇ ਡਾ. ਮੰਜ਼ੂ ਬਾਲਾ ਨੇ ਨਿਰਮਾਣ ਦੇ ਭਵਿੱਖ ਨੂੰ ਆਕਾਰ ਦੇਣ ’ਚ ਇੰਡਸਟਰੀ 4.0 ਦੀ ਪਰਿਵਰਤਨਸ਼ੀਲ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਕਤ ਪ੍ਰੋਗਰਾਮ ’ਚ ਭਾਗੀਦਾਰਾਂ ਨੇ ਐੱਨ. ਆਈ. ਟੀ., ਐੱਨ. ਆਈ. ਟੀ. ਟੀ. ਆਰ., ਵੱਖ-ਵੱਖ ਕੇਂਦਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਸਮੇਤ ਕਈ ਵੱਕਾਰੀ ਸੰਸਥਾਵਾਂ ਦੀ ਨੁਮਾਇੰਦਗੀ ਕੀਤੀ, ਜਿਸ ਨੇ ਪ੍ਰੋਗਰਾਮ ਦੀ ਰਾਸ਼ਟਰੀ ਪਹੁੰਚ ਅਤੇ ਅਪੀਲ ਨੂੰ ਉਜਾਗਰ ਕੀਤਾ।
ਉਨ੍ਹਾਂ ਕਿਹਾ ਅਜਿਹੀਆਂ ਪਹਿਲਕਦਮੀਆਂ ਸਾਡੀ ਸੰਸਥਾ ਦੇ ਨਵੀਨਤਾ ਨੂੰ ਉਤਸ਼ਾਹਿਤ ਕਰਨ, ਅਕਾਦਮਿਕ ਗਿਆਨ ਅਤੇ ਉਦਯੋਗਿਕ ਅਭਿਆਸਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਦੇ ਮਿਸ਼ਨ ਨਾਲ ਮੇਲ ਖਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ’ਚ 13 ਪ੍ਰਭਾਵਸ਼ਾਲੀ ਸੈਸ਼ਨ ਕਰਵਾਏ ਗਏ, ਜਿਸ ’ਚ 9 ਰਾਸ਼ਟਰੀ ਅਤੇ 1 ਅੰਤਰਰਾਸ਼ਟਰੀ ਸਿੱਖਿਆ ਸ਼ਾਸ਼ਤਰੀ ਅਤੇ ਉਦਯੋਗਪਤੀ ਬੁਲਾਰਿਆਂ ਨੇ ਸ਼ਿਰਕਤ ਕਰਦਿਆਂ ਇੰਡਸਟਰੀ 4.0 ਦੇ ਵੱਖ-ਵੱਖ ਪਹਿਲੂਆਂ ’ਤੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਸ ਆਨਲਾਈਨ ਪ੍ਰੋਗਰਾਮ ਦੌਰਾਨ ਡਾ. ਬੀ. ਆਰ. ਅੰਬੇਡਕਰ ਐੱਨ. ਆਈ. ਟੀ. ਜਲੰਧਰ ਦੇ ਸਹਾਇਕ ਪ੍ਰੋਫੈਸਰ ਡਾ. ਸ਼ੀਤਲ ਸੋਡਾ ਨੇ ‘ਇੰਡਸਟਰੀਅਲ ਆਈਓਟੀ: ਕਨੈਕਟਿੰਗ ਮਸ਼ੀਨਾਂ ਅਤੇ ਸਿਸਟਮਜ਼ ਫਾਰ ਸਮਾਰਟਰ ਮੈਨੂਫੈਕਚਰਿੰਗ’ ਅਤੇ ‘ਸਮਾਰਟ ਮੈਨੂਫੈਕਚਰਿੰਗ ’ਚ ਸਥਿਰਤਾ: ਗ੍ਰੀਨ ਟੈਕਨਾਲੋਜੀਜ਼ ਅਤੇ ਊਰਜਾ ਕੁਸ਼ਲਤਾ’ ’ਤੇ ਸੰਬੋਧਨ ਕੀਤਾ। ਜਦਕਿ ਡਾ. ਬੀ. ਆਰ. ਅੰਬੇਡਕਰ ਤੋਂ ਹੀ ਡਾ. ਨਰਿੰਦਰ ਕੁਮਾਰ ਨੇ ‘ਦਿ ਨੈਕਸਟ ਵੇਵ ਆਫ਼ ਮੈਨੂਫੈਕਚਰਿੰਗ: ਐਂਬ੍ਰੇਸਿੰਗ ਇੰਡਸਟਰੀ 4.0’ ਅਤੇ ‘ਐਡੀਟਿਵ ਮੈਨੂਫੈਕਚਰਿੰਗ (3ਡੀ ਪ੍ਰਿੰਟਿੰਗ): ਟਰਾਂਸਫਾਰਮਿੰਗ ਪ੍ਰੋਡਕਸ਼ਨ ਐਂਡ ਪ੍ਰੋਟੋਟਾਈਪਿੰਗ’ ’ਤੇ ਭਾਸ਼ਣ ਦਿੱਤਾ।
ਇਸ ਦੌਰਾਨ ਅੰਤਰਰਾਸ਼ਟਰੀ ਸੈਸ਼ਨ ਦੀ ਅਗਵਾਈ ਬਹਿਰੀਨ ਪੌਲੀਟੈਕਨਿਕ ਵਿਖੇ ਐਸੋਸੀਏਟ ਪ੍ਰੋਫੈਸਰ ਅਤੇ ਅਪਲਾਈਡ ਰਿਸਰਚ ਦੇ ਮੁਖੀ ਸ੍ਰੀ ਸ਼ਾਹਨਵਾਜ਼ ਖਾਨ ਨੇ ਕੀਤੀ, ਜਿਨ੍ਹਾਂ ਨੇ ‘ਡਿਜੀਟਲ ਟਵਿਨਸ ਇਨ ਮੈਨੂਫੈਕਚਰਿੰਗ: ਵਰਚੁਅਲ ਮਾਡਲਜ਼ ਫਾਰ ਰੀਅਲ-ਵਰਲਡ ਓਪਰੇਸ਼ਨਜ਼’ ਅਤੇ ‘ਡੇਟਾ ਐਨਾਲਿਟਿਕਸ ਐਂਡ ਏਆਈ ਇਨ ਮੈਨੂਫੈਕਚਰਿੰਗ: ਡਰਾਈਵਿੰਗ ਐਫੀਸ਼ੀਐਂਸੀ ਐਂਡ ਇਨੋਵੇਸ਼ਨ’ ਬਾਰੇ ਜਾਣਕਾਰੀ ਸਾਂਝੀ ਕੀਤੀ। ਜਦਕਿ ਕੁਇਨਜੀ ਟੈਕ ਦੇ ਸੰਸਥਾਪਕ ਅਤੇ ਸੀ. ਈ. ਓ. ਸ੍ਰੀ ਅਤੁਲ ਪਥਰੀਆ ਨੇ ‘ਸਾਈਬਰ ਸੁਰੱਖਿਆ ਇਨ ਇੰਡਸਟਰੀ 4.0: ਸੇਫਗਾਰਡਿੰਗ ਸਮਾਰਟ ਮੈਨੂਫੈਕਚਰਿੰਗ ਸਿਸਟਮਜ਼’ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਇਸ ਅੱਪਗ੍ਰੇਡ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ ਦੇ ਸੀਨੀਅਰ ਮੈਨੇਜਰ ਸ੍ਰੀ ਸ਼ਮਨੀਸ਼ ਸ਼ਰਮਾ ਨੇ ‘ਕਲਾਊਡ ਕੰਪਿਊਟਿੰਗ ਇਨ ਮੈਨੂਫੈਕਚਰਿੰਗ: ਐਨਹਾਂਸਿੰਗ ਸਕੇਲੇਬਿਲਟੀ ਐਂਡ ਕੋਲਾਬੋਰੇਸ਼ਨ’ ਬਾਰੇ ਚਰਚਾ ਕੀਤੀ, ਜਦੋਂ ਕਿ ਹਾਈ-ਟੈਕ ਇੰਜੀਨੀਅਰਜ਼ ਦੇ ਬਿਜ਼ਨਸ ਹੈੱਡ ਡਾ. ਅਰੁਣ ਅਰੋੜਾ ਨੇ ‘ਸਪਲਾਈ ਚੇਨ 4.0: ਲੀਵਰੇਜਿੰਗ ਇੰਡਸਟਰੀ 4.0 ਫਾਰ ਸਮਾਰਟਰ, ਮੋਅਰ ਰਿਸੀਲੀਐਂਟ ਸਪਲਾਈ ਚੇਨਜ਼’ ਸਬੰਧੀ ਵਿਸਥਾਰ ਨਾਲ ਦੱਸਿਆ।
ਇਸ ਦੌਰਾਨ ਰੋਬੋਸੌਫਟ ਟੈਕਨਾਲੋਜੀਜ਼ ਦੇ ਗਲੋਬਲ ਟੈਲੇਂਟ ਐਕਵਿਜ਼ੀਸ਼ਨ ਹੈੱਡ ਸ੍ਰੀ ਨਦੀਮ ਪਾਸ਼ਾ ਨੇ ‘ਸਮਾਰਟ ਫੈਕਟਰੀਜ਼: ਦ ਰੋਲ ਆਫ ਆਟੋਮੇਸ਼ਨ ਐਂਡ ਰੋਬੋਟਿਕਸ ਇਨ ਮੈਨੂਫੈਕਚਰਿੰਗ’ ਬਾਰੇ ਅਤੇ ਬਰਕਾਡੀਆ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਐਚ. ਆਰ. ਸ੍ਰੀ ਦੇਬਾਸ਼ੀਸ਼ ਘੋਸ਼ ਨੇ ‘ਹਿਊਮਨ-ਮਸ਼ੀਨ ਕੋਲੈਬੋਰੇਸ਼ਨ: ਅਗਮੈਂਟਿੰਗ ਵਰਕਫੋਰਸ ਸਕਿੱਲਜ਼ ਇਨ ਦ ਏਰਾ ਆਫ ਇੰਡਸਟਰੀ 4.0’ ਸਬੰਧੀ ਚਰਚਾ ਕੀਤੀ। ਸਮਾਪਤੀ ਸੈਸ਼ਨ ’ਚ ਗੁੱਡ ਪੀਪਲ ਰਿਲੇਸ਼ਨਜ਼ ਦੇ ਸੰਸਥਾਪਕ ਡਾ. ਜੀ. ਪੀ. ਰਾਓ ਨੇ ‘ਇੰਪਲੀਮੈਂਟਿੰਗ ਇੰਡਸਟਰੀ 4.0: ਕੇਸ ਸਟੱਡੀਜ਼ ਐਂਡ ਸਬਕ ਫਰਾਮ ਸਕਸੈੱਸਫੁੱਲ ਸਮਾਰਟ ਮੈਨੂਫੈਕਚਰਿੰਗ ਪ੍ਰੋਜੈਕਟਸ’ ਬਾਰੇ ਪੇਸ਼ਕਾਰੀ ਦਿੱਤੀ।
ਇਸ ਦੌਰਾਨ ਖਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਡਾ. ਮੰਜੂ ਬਾਲਾ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਮਾਗਮ ਦੀ ਮੇਜ਼ਬਾਨੀ ’ਚ ਪ੍ਰਦਰਸ਼ਿਤ ਸਮਰਪਣ ਅਤੇ ਦ੍ਰਿਸ਼ਟੀ ਕਾਬਿਲੇ ਤਾਰੀਫ ਹੈ। ਉਨ੍ਹਾਂ ਦੁਆਰਾ ਕੀਤੇ ਗਏ ਯਤਨ ਨਾ ਸਿਰਫ਼ ਕਾਲਜ ਨੂੰ ਮਾਨਤਾ ਦਿੰਦੇ ਹਨ, ਸਗੋਂ ਦੇਸ਼ ਭਰ ਦੇ ਭਾਗੀਦਾਰਾਂ ਦੇ ਪੇਸ਼ੇਵਰ ਵਿਕਾਸ ’ਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।