ਅੰਮ੍ਰਿਤਸਰ- ਪੰਥਕ ਹਲਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ 1978 ਦੇ ਸਾਕੇ ਦੇ ਸ਼ਹੀਦ ਭਾਈ ਸਾਹਿਬ ਭਾਈ ਫੌਜਾ ਸਿੰਘ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਅੱਜ ਗੁਰਪੁਰੀ ਪਿਆਨਾ ਕਰ ਗਏ। ਉਹ ਪਿਛਲੇ ਕੁਝ ਦਿਨ ਤੋ ਬਿਮਾਰ ਸਨ ਤੇ ਇਕ ਹਸਪਤਾਲ ਵਿਚ ਇਲਾਜ ਅਧੀਨ ਸਨ, ਜਿਥੇ ਉਨਾਂ ਅੱਜ ਸਵੇਰੇ ਅੰਤਿਮ ਸਾਹ ਲਏ। 1978 ਦੀ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਕੂੜ ਪ੍ਰਚਾਰ ਕਰ ਰਹੇ ਨਕਲੀ ਨਿਰੰਕਾਰੀ ਦਾ ਕੂੜ ਪ੍ਰਚਾਰ ਰੋਕਣ ਲਈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਤੋਰੇ ਸ਼ਹੀਦੀ ਜੱਥੇ ਦੀ ਅਗਵਾਈ ਕਰ ਰਹੇ ਅਖੰਡ ਕੀਰਤਨੀ ਜੱਥੇ ਦੇ ਸ਼ਹੀਦ ਭਾਈ ਫੌਜਾ ਸਿੰਘ ਨੇ ਤੇਰਾਂ ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕੀਤੀ ਸੀ। ਬੀਬੀ ਅਮਰਜੀਤ ਕੌਰ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੀ ਚਸ਼ਮਦੀਦ ਗਵਾਹ ਵੀ ਸਨ ਤੇ ਉਨਾਂ ਕੁਝ ਸਾਲ ਜੇਲ ਵੀ ਕਟੀ ਸੀ। ਜੇਲ ਤੋ ਰਿਹਾਅ ਹੋਣ ਤੋ ਬਾਅਦ ਉਨਾਂ ਜਿਥੇ ਸ਼ਹੀਦ ਸਿੰਘਾਂ ਦੀਆਂ ਵਿਧਵਾਵਾਂ ਤੇ ਅਨਾਥ ਬੱਚਿਆ ਦੀ ਸਾਂਭ ਸੰਭਾਲ ਲਈ ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਸੁਸਾਇਟੀ ਦਾ ਗਠਨ ਕੀਤਾ ਅਤੇ ਅੰਮ੍ਰਿਤਸਰ ਵਿਖੇ ਹੀ ਉਨਾਂ ਮਨੁੱਖਤਾ ਦਾ ਘਰ ਨਾਮਕ ਆਸ਼ਰਮ ਬਣਾ ਕੇ ਕੌਮ ਦੀ ਖਾਤਰ ਆਪਾ ਵਾਰਨ ਵਾਲੇ ਸਿੰਘਾਂ ਦੇ ਪਰਵਾਰਾਂ ਨੂੰ ਸੰਭਾਲਿਆ, ਉਥੇ ਸਿੱਖ ਸੰਘਰਸ਼ ਵਿਚ ਯੋਗਦਾਨ ਪਾਉਣ ਲਈ ਬਬਰ ਖ਼ਾਲਸਾ ਜਥ$ੇੰਬਦੀ ਦੇ ਮੌਢੇ ਨਾਲ ਮੌਢਾ ਡਾਹ ਕੇ ਪੰਥ ਦੀ ਸੇਵਾ ਕੀਤੀ। ਭਾਈ ਫੌਜਾ ਸਿੰਘ ਚੈਰੀਟੇਬਲ ਸੁਸਾਇਟੀ ਦੇ ਵਾਇਸ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਬਾਗੀ ਨੇ ਦਸਿਆ ਕਿ ਬੀਬੀ ਜੀ ਦਾ ਅੰਤਿਮ ਸਸਕਾਰ ਅੱਜ 14 ਜਨਵਰੀ 2025 ਨੂੰ ਮਨੁੱਖਤਾ ਦਾ ਘਰ ਸਨਸਿਟੀ ਨਜਦੀਕ ਬਿਜਲੀ ਘਰ ਬਟਾਲਾ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਅਦ ਦੁਪਿਹਰ ਕੀਤਾ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 1978 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਲਈ ਸ਼ਹੀਦ ਹੋਏ ਭਾਈ ਫੌਜਾ ਸਿੰਘ ਦੀ ਧਰਮ ਸੁਪਤਨੀ ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣੇ ‘ਤੇ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਹੈ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ 1978 ਦੇ ਸਾਕੇ ਵਿਚ ਭਾਈ ਫੌਜਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਡੇਢ ਦਹਾਕੇ ਦੇ ਲਗਪਗ ਚੱਲੇ ਸਿੱਖ ਸੰਘਰਸ਼ ਦੌਰਾਨ ਹਕੂਮਤ ਦੇ ਅਸਹਿ ਜਬਰ ਅਤੇ ਸਖਤੀ ਦੇ ਬਾਵਜੂਦ ਬੀਬੀ ਅਮਰਜੀਤ ਕੌਰ ਨੇ ਬੱਬਰ ਖਾਲਸਾ ਜਥੇਬੰਦੀ ਅਤੇ ਹੋਰ ਸੰਘਰਸ਼ਸ਼ੀਲ ਧਿਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਥਕ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਬੀ ਅਮਰਜੀਤ ਕੌਰ ਦੇ ਜੀਵਨ ਵਿਚੋਂ ਅਠ੍ਹਾਰਵੀਂ ਸਦੀ ਦੇ ਸਿੱਖ ਇਤਿਹਾਸ ਦੀਆਂ ਪੁਰਾਤਨ ਸਿੱਦਕਵਾਨ ਸਿੱਖ ਬੀਬੀਆਂ ਦੀ ਝਲਕ ਦਿਖਾਈ ਦਿੰਦੀ ਸੀ। ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣੇ ਨਾਲ ਪੰਥਕ ਸੇਵਾ ਦੇ ਖੇਤਰ ਵਿਚ ਵੱਡਾ ਘਾਟਾ ਮਹਿਸੂਸ ਹੋ ਰਿਹਾ ਹੈ। ਬੀਬੀ ਅਮਰਜੀਤ ਕੌਰ ਦਾ ਸੰਘਰਸ਼ੀ ਜੀਵਨ ਤੇ ਸੇਵਾ ਆਉਣ ਵਾਲੀਆਂ ਸਿੱਖ ਪੀੜ੍ਹੀਆਂ, ਖਾਸ ਕਰਕੇ ਸਿੱਖ ਬੀਬੀਆਂ ਲਈ ਪ੍ਰੇਰਨਾ ਸਰੋਤ ਰਹੇਗਾ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਬੀਬੀ ਅਮਰਜੀਤ ਕੌਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਪੰਥਕ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣੇ ਤੇ ਦੁਖ ਦਾ ਇਜਹਾਰ ਕਰਦਿਆਂ ਕਿਹਾ ਕਿ ਬੀਬੀ ਜੀ ਨੇ ਪੁਰਾਤਨ ਗੁਰਸਿੱਖ ਬੀਬੀਆਂ ਵਾਂਗ ਆਪਣੇ ਪਤੀ ਦੀ ਸ਼ਹਾਦਤ ਤੋ ਬਾਅਦ ਧੱੜਲੇ ਨਾਲ ਸਿੱਖ ਸੰਘਰਸ਼਼ ਵਿਚ ਯੋਗਦਾਨ ਪਾਇਆ ਤੇ ਕੌਮ ਦੀ ਲੜਾਈ ਵਿਚ ਮੌਹਰਲੀ ਕਤਾਰ ਵਿਚ ਸ਼ਾਮਲ ਰਹੇ। ਉਹ ਅਜੋਕੇ ਦੌਰ ਵਿਚ ਸਿੱਖ ਬੀਬੀਆਂ ਲਈ ਰੋਲ ਮਾਡਲ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸ਼ਹੀਦ ਭਾਈ ਫੌਜਾ ਸਿੰਘ ਦੀ ਸੁਪਤਨੀ ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਧਰਮ ਲਈ ਸ਼ਹੀਦ ਹੋਣ ਵਾਲੇ ਭਾਈ ਫੌਜਾ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦਾ ਸਿੱਖ ਧਰਮ ਅੰਦਰ ਵੱਡਾ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਫੌਜਾ ਸਿੰਘ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਨੇ ਵੀ ਸਮਾਜ ਅੰਦਰ ਵੱਡੇ ਕਾਰਜ ਕੀਤੇ ਹਨ। ਬੀਬੀ ਅਮਰਜੀਤ ਕੌਰ ਦਾ ਸੰਸਾਰ ਤੋਂ ਚਲੇ ਜਾਣਾ ਪਰਿਵਾਰ ਅਤੇ ਸਿੱਖ ਸਮਾਜ ਲਈ ਵੱਡਾ ਘਾਟਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਪ੍ਰਦਾਨ ਕਰਨ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ। ਕੁਲਵੰਤ ਸਿੰਘ ਮੰਨਣ ਨੇ ਵੀ ਬੀਬੀ ਅਮਰਜੀਤ ਕੌਰ ਦੇ ਚਲਾਣੇ ’ਤੇ ਦੁੱਖ ਦਾ ਇਜਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।