ਚੰਡੀਗੜ-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤਲਵੰਡੀ ਸਾਬੋ ਅਤੇ ਬਿਲਗਾ ਦੀਆਂ ਨਗਰ ਪੰਚਾਇਤ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਇਆ। ਆਪ ਦੇ ਮੈਂਬਰਾਂ ਨੂੰ ਨਗਰ ਪੰਚਾਇਤ ਦੀ ਅਗਵਾਈ ਕਰਨ ਲਈ ਪ੍ਰਧਾਨ ਅਤੇ ਉਪ ਪ੍ਰਧਾਨ ਚੁਣਿਆ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਸੋਮਵਾਰ ਨੂੰ ਸਹੁੰ ਚੁੱਕੀ। ਹੁਣ ਇਨ੍ਹਾਂ ਖੇਤਰਾਂ ਵਿੱਚ ਲੋਕ-ਪੱਖੀ ਸ਼ਾਸਨ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ।
ਤਲਵੰਡੀ ਸਾਬੋ ਵਿੱਚ ਵਾਰਡ ਨੰਬਰ 7 ਤੋਂ ਕੁਲਵੀਰ ਕੌਰ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਵਾਰਡ ਨੰਬਰ 14 ਤੋਂ ਵਰਮ ਦੇਵ ਸਿੰਘ ਨੇ ਉਪ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਹੈ। ਇਸ ਸਮਾਰੋਹ ਵਿੱਚ ਵਿਧਾਇਕ ਬਲਜਿੰਦਰ ਕੌਰ ਨੇ ਵੀ ਸ਼ਿਰਕਤ ਕੀਤੀ। ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੇ ਖੇਤਰ ਲਈ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵਿੱਚ ਪਾਰਟੀ ਵੱਲੋਂ ਉਨ੍ਹਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਬਿਲਗਾ ਵਿੱਚ ਵਾਰਡ ਨੰਬਰ 2 ਤੋਂ 'ਆਪ' ਦੇ ਗੁਰਨਾਮ ਸਿੰਘ ਜਾੱਖੂ ਨੂੰ ਪ੍ਰਧਾਨ ਚੁਣਿਆ ਗਿਆ। ਵਾਰਡ ਨੰਬਰ 12 ਤੋਂ ਪਰਵਿੰਦਰ ਸਿੰਘ ਨੂੰ ਸੀਨੀਅਰ ਉਪ ਪ੍ਰਧਾਨ ਚੁਣਿਆ ਗਿਆ, ਜਦੋਂ ਕਿ ਵਾਰਡ ਨੰਬਰ 6 ਤੋਂ ਸੰਦੀਪ ਸਿੰਘ ਉਪ ਪ੍ਰਧਾਨ ਚੁਣੇ ਗਏ।
'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਤਲਵੰਡੀ ਸਾਬੋ ਅਤੇ ਬਿਲਗਾ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਦਿਲੋਂ ਵਧਾਈ ਦਿੱਤੀ। ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ"ਮੈਂ ਤਲਵੰਡੀ ਸਾਬੋ ਅਤੇ ਬਿਲਗਾ ਨਗਰ ਪੰਚਾਇਤਾਂ ਦੇ ਸਾਰੇ 'ਆਪ' ਆਗੂਆਂ ਨੂੰ ਅਹੁਦੇਦਾਰਾਂ ਵਜੋਂ ਚੁਣੇ ਜਾਣ 'ਤੇ ਵਧਾਈ ਦਿੰਦਾ ਹਾਂ। ਉਨ੍ਹਾਂ ਦੀ ਜਿੱਤ ਪੰਜਾਬ ਦੇ ਲੋਕਾਂ ਦੇ ਪਾਰਦਰਸ਼ੀ ਸ਼ਾਸਨ ਅਤੇ ਸੰਪੂਰਨ ਵਿਕਾਸ ਪ੍ਰਤੀ 'ਆਪ' ਦੀ ਵਚਨਬੱਧਤਾ ਵਿੱਚ ਵਿਸ਼ਵਾਸ ਨੂੰ ਦਰਸਾਉਂਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ, ਇਹ ਖੇਤਰ ਤਰੱਕੀ ਅਤੇ ਲੋਕ-ਕੇਂਦਰਿਤ ਨੀਤੀਆਂ ਦੇ ਗਵਾਹ ਬਣਨਗੇ। 'ਆਪ' ਸਰਕਾਰ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲਣ ਲਈ ਹਰ ਕਦਮ 'ਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਸਮਰਪਿਤ ਹੈ।"