ਨਵੀਂ ਦਿੱਲੀ-ਪੰਥ ਦੇ ਮਹਾਨ ਸ਼ਹੀਦ ਅਤੇ ਅਖੰਡ ਕੀਰਤਨੀ ਜੱਥੇ ਦੇ ਮੋਢੀ ਸਿੰਘ ਸ਼ਹੀਦ ਭਾਈ ਫੌਜਾ ਸਿੰਘ ਜੀ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਦਾ ਪੰਥ ਦੀਆਂ ਵੱਖ ਵੱਖ ਸਿੱਖ ਜੱਥੇਬੰਦੀਆਂ ਨੇ ਅਕਾਲ ਚਲਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖੀ ਸਿਦਕ ਅਤੇ ਦ੍ਰਿੜਤਾ ਦੀ ਮਿਸਾਲ ਬੀਬੀ ਅਮਰਜੀਤ ਕੌਰ ਨੇ ਆਪਣਾ ਸਾਰਾ ਜੀਵਨ ਪੰਥ ਦੀ ਸੇਵਾ ਕਰਦਿਆਂ ਬਿਤਾਇਆ । ਬੀਬੀ ਅਮਰਜੀਤ ਕੌਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਤੇ ਹਸਪਤਾਲ ਵਿੱਚ ਦਾਖਲ ਸਨ । 1978 ਦੀ ਵਿਸਾਖੀ ਵਾਲੇ ਦਿਨ ਗੁਰੂ ਦੋਖੀ ਨਕਲੀ ਨਿਰੰਕਾਰੀਆਂ ਦੇ ਗੁਰਬਾਣੀ ਅਤੇ ਗੁਰੂ ਸਾਹਿਬਾਨ ਪ੍ਰਤੀ ਕੂੜ ਪ੍ਰਚਾਰ ਨੂੰ ਰੋਕਣ ਗਏ ਸਿੰਘਾਂ ਦੀ ਅਗਵਾਈ ਭਾਈ ਫੌਜਾ ਸਿੰਘ ਜੀ ਕਰ ਰਹੇ ਸਨ ਅਤੇ ਉਹਨਾਂ ਨੇ ਆਪਣੇ ਸਾਥੀ ਸਿੰਘਾਂ ਨਾਲ ਸ਼ਹੀਦੀਆਂ ਪਰਾਪਤ ਕੀਤੀਆਂ ਸਨ । ਇਸ ਸਾਕੇ ਦੇ ਰੋਹ ਵਿੱਚੋਂ ਮੌਜੂਦਾ ਸਿੱਖ ਸੰਘਰਸ਼ ਦਾ ਅਰੰਭ ਹੋਇਆ ਸੀ । ਬੀਬੀ ਅਮਰਜੀਤ ਕੌਰ ਜੀ ਨੇ ਭਾਈ ਫੌਜਾ ਸਿੰਘ ਜੀ ਦਾ ਸਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ । ਜਦੋਂ ਭਾਈ ਸਾਹਿਬ ਸਿੱਖੀ ਦਾ ਪ੍ਰਚਾਰ ਕਰਦੇ ਸਨ ਤਾਂ ਬੀਬੀ ਅਮਰਜੀਤ ਕੌਰ ਨੇ ਇਸ ਸੇਵਾ ਵਿੱਚ ਉਨ੍ਹਾਂ ਦਾ ਸਾਥ ਦਿੱਤਾ । ਭਾਈ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਵੀ ਬੀਬੀ ਜੀ ਪੰਥਕ ਸਰਗਰਮੀਆਂ ਵਿੱਚ ਭਾਗ ਰਹਿੰਦੇ ਰਹੇ । 1978 ਵਿੱਚ ਭਾਈ ਫੌਜਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਸਰਕਾਰ ਖਿਲਾਫ ਸਿੱਖਾਂ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਬੀਬੀ ਜੀ ਅਗਵਾਈ ਕਰਦੇ ਰਹੇ । ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਦੀ ਦੇਖਭਾਲ ਲਈ ਸਭ ਤੋਂ ਪਹਿਲਾਂ ਬੀਬੀ ਜੀ ਨੇ 'ਭਾਈ ਫੌਜਾ ਸਿੰਘ ਟਰੱਸਟ' ਬਣਾਇਆ ਤੇ ਪਰਿਵਾਰਾਂ ਦੀ ਦੇਖਭਾਲ ਕਰਦੇ ਰਹੇ । ਬੀਬੀ ਅਮਰਜੀਤ ਕੌਰ ਸਾਰੀ ਉਮਰ ਚੜ੍ਹਦੀ ਕਲਾ ਵਿੱਚ ਪੰਥ ਦੀ ਸੇਵਾ ਕਰਦੇ ਰਹੇ । ਉਨ੍ਹਾਂ ਦੀ ਸਿਦਕ ਅਤੇ ਪੰਥਕ ਸੇਵਾ ਮਿਸਾਲੀ ਸੀ । ਉਨ੍ਹਾਂ ਦਾ ਜੀਵਨ ਅਤੇ ਸੇਵਾ ਸਿੱਖਾਂ ਦੀ ਆਜ਼ਦੀ ਲਈ ਜੂਝਦੇ ਹਰ ਮਾਈ ਭਾਈ ਲਈ ਪ੍ਰੇਰਨਾ ਦਾ ਸਰੋਤ ਹੈ । ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਬੀਬੀ ਜੀ ਦੀ ਸੇਵਾ ਥਾਂਇ ਪਾਉਣ ਅਤੇ ਆਪਣੇ ਬੀਬੀ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ । ਵਰਲਡ ਸਿੱਖ ਪਾਰਲੀਮੈਂਟ ਦੇ ਕੋਅਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਜਤਿੰਦਰ ਸਿੰਘ ਜਰਮਨੀ, ਭਾਈ ਜਸਵਿੰਦਰ ਸਿੰਘ, ਭਾਈ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ, ਜਰਮਨੀ ਤੋਂ ਭਾਈ ਰੇਸ਼ਮ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ, ਭਾਈ ਬਿਧੀ ਸਿੰਘ ਬੱਬਰ, ਯੂਕੇ ਤੋਂ ਭਾਈ ਅਮਰੀਕ ਸਿੰਘ ਗਿੱਲ, ਭਾਈ ਦਬਿੰਦਰਜੀਤ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਕੁਲਦੀਪ ਸਿੰਘ ਦਿਓਲ ਨੇ ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।