ਨਵੀਂ ਦਿੱਲੀ -ਬਰਤਾਨੀਆ ਦੇ ਸਮੈਦਵੀਕ ਗੁਰਦੁਆਰਾ ਸਾਹਿਬ ਵਿਖ਼ੇ ਬੀਤੇ ਇਕ ਦਿਨ ਪਹਿਲਾਂ ਯੂਕੇ ਦੀਆਂ ਸਿੱਖ ਜੱਥੇਬੰਦੀਆਂ ਨੇ ਪੰਥਕ ਮੀਟਿੰਗ ਕਰਕੇ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਅਤੇ ਸਰਵਉੱਚਤਾ ਨੂੰ ਬਰਕਰਾਰ ਰੱਖਣ ਲਈ 2 ਦਸੰਬਰ ਨੂੰ ਲਏ ਗਏ ਫ਼ੈਸਲੇਆਂ ਨੂੰ ਅਕਾਲ ਤਖ਼ਤ ਸਾਹਿਬ ਦੀ ਸੁਤੰਤਰਤਾ ਅਤੇ ਸਰਵੋਚਤਾ ਦੀ ਪੁਨਰਸਥਾਪਨਾ ਵੱਲ ਪਹਿਲਾ ਕਦਮ ਦਸਦਿਆਂ ਕੁਝ ਮੱਤੇ ਪਾਸ ਕੀਤੇ ਹਨ । ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰ-ਏ-ਕੌਮ ਖ਼ਿਤਾਬ ਵਾਪਸ ਲੈਣ ਦਾ ਫ਼ੈਸਲਾ ਸਿੱਖ ਕੌਮ ਦੀ ਭਾਵਨਾ ਨੂੰ ਦਰਸਾਉਂਦਾ ਹੈ ਪਰ ਅਸੀਂ ਜੱਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ "ਸ਼ਹੀਦ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਓਕੇ" ਨੂੰ ‘ਫ਼ਖ਼ਰ ਏ ਕੌਮ' ਦਾ ਸਨਮਾਨ ਦਿੱਤਾ ਜਾਵੇ ਅਤੇ ਇਹ ਸਨਮਾਨ ਉਨ੍ਹਾਂ ਦੇ ਪਰਿਵਾਰ ਵਲੋਂ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ। 1984 ਤੋਂ ਬਾਅਦ ਦੇ ਭਾਰਤੀ ਰਾਜ ਦੇ 10 ਸਾਲਾਂ ਦੇ ਦਮਨ ਨੂੰ ਉਜਾਗਰ ਕੀਤਾ ਜਾਵੇ ਜਦੋਂ ਭਾਰਤੀ ਰਾਜ ਨੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ। ਜਿਨ੍ਹਾਂ ਅੰਦਰ ਝੂਠੇ ਮੁਕੱਦਮਿਆਂ ਅਧੀਨ ਕੈਦ, ਜੂਨ 1984 ਦੇ ਹਮਲੇ ਦੇ ਪੀੜਤ ਅਤੇ ਜੋਧਪੁਰ ਦੇ ਕੈਦੀਆਂ ਨੂੰ ਗਲਤ ਤਰੀਕੇ ਨਾਲ ਕੈਦ ਕੀਤਾ ਗਿਆ।
ਓਪਰੇਸ਼ਨ ਵੁਡਰੋਜ਼ ਦੌਰਾਨ ਬੇਗੁਨਾਹ ਨੌਜਵਾਨ ਸਿੱਖ ਪਿੰਡਾਂ ਤੋਂ ਚੁੱਕੇ ਗਏ। ਸਿੱਖ ਆਗੂਆਂ ਅਤੇ ਮਨੁੱਖੀ ਹੱਕਾਂ ਦੇ ਰੱਖਵਾਲਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਭਾਰਤ ਵਿੱਚ 7 ਸਾਲਾਂ ਤੋਂ ਬੇਵਜਾ ਕੈਦ ਜਗਤਾਰ ਸਿੰਘ ਜੋਹਲ ਨੂੰ ਬਿਨਾਂ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ। ਅਸੀਂ ਜੱਥੇਦਾਰ ਅਕਾਲ ਤਖਤ ਸਾਹਿਬ ਅਤੇ ਯੂਕੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਗਤਾਰ ਦੀ ਰਿਹਾਈ ਲਈ ਜ਼ਰੂਰੀ ਕਦਮ ਚੁੱਕੇ ਜਾਣ ।
ਪੰਜਾਬ ਦੇ ਕਿਸਾਨ ਆਪਣੀ ਰੋਜ਼ੀ-ਰੋਟੀ ਦੀ ਰੱਖਿਆ ਕਰਨ ਲਈ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਯੂਨੀਅਨ ਦੇ ਨੇਤਾ ਸ. ਜਗਜੀਤ ਸਿੰਘ ਡਲੇਵਾਲ ਪਿਛਲੇ 43 ਦਿਨਾਂ ਤੋਂ ਭੁੱਖ ਹੜਤਾਲ 'ਤੇ ਹਨ। ਭਾਰਤੀ ਸਰਕਾਰ ਨੂੰ ਤੁਰੰਤ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ। ਸਿੱਖ ਰਾਜਨੀਤਕ ਕੈਦੀ ਕਈ ਦਹਾਕਿਆਂ ਤੋਂ ਭਾਰਤੀ ਜੇਲ੍ਹਾਂ ਵਿੱਚ ਬੰਦ ਹਨ ਅਤੇ ਕੁਝ ਕੈਦੀ ਆਪਣੇ ਸਜ਼ਾ ਪੂਰੀ ਕਰ ਚੁੱਕਣ ਤੋਂ ਬਾਅਦ ਵੀ ਅਜੇ ਵੀ ਬੰਦ ਹਨ। 2019 ਵਿੱਚ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਮੌਕੇ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਰਾਜਨੀਤਕ ਕੈਦੀਆਂ ਨੂੰ ਰਿਹਾ ਕਰਨ ਦੇ ਝੂਠੇ ਵਾਅਦੇ ਕੀਤੇ। ਸਿੱਖ ਸੰਗਤ ਦੀ ਮੰਗ ਹੈ ਕਿ ਉਨ੍ਹਾਂ ਕੈਦੀਆਂ ਨੂੰ ਤੁਰੰਤ ਅਤੇ ਬਿਨਾ ਸ਼ਰਤ ਰਿਹਾ ਕੀਤਾ ਜਾਵੇ। ਇਸ ਮੀਟਿੰਗ ਵਿਚ ਭਾਈ ਕੁਲਦੀਪ ਸਿੰਘ ਦਿਓਲ ਪ੍ਰਧਾਨ ਗੁਰਦੁਆਰਾ ਸਮੈਦਵੀਕ, ਭਾਈ ਜਤਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਸਿੱਖ ਫੈਡਰੇਸ਼ਨ ਵਲੋਂ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ, ਭਾਈ ਕੁਲਦੀਪ ਸਿੰਘ ਚਹੇੜੂ ਐਫਐਸਓ ਵਲੋਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਜੋਗਾ ਸਿੰਘ, ਭਾਈ ਬਘੇਲ ਸਿੰਘ, ਭਾਈ ਗੁਰਦੇਵ ਸਿੰਘ ਚੋਹਾਨ, ਭਾਈ ਰਾਜਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ, ਭਾਈ ਬਲਵਿੰਦਰ ਸਿੰਘ, ਭਾਈ ਕੁਲਵੰਤ ਸਿੰਘ ਮੁਠੱਡਾ ਸਮੇਤ ਵੱਡੇ ਪੱਧਰ ਤੇ ਸੰਗਤਾਂ ਹਾਜਿਰ ਸਨ ।