ਨਵੀਂ ਦਿੱਲੀ- ਭਾਜਪਾ ਦੇ ਕੌਮੀ ਸਕੱਤਰ ਤੇ ਰਾਜੌਰੀ ਗਾਰਡਨ ਹਲਕੇ ਤੋਂ ਪਾਰਟੀ ਉਮੀਦਵਾਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਹਨਾਂ ਦੇ ਨਾਲ ਕੇਂਦਰੀ ਕੈਬਨਿਟ ਮੰਤਰੀ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਐਮ ਪੀ ਕਮਲਜੀਤ ਸਹਿਰਾਵਤ ਤੇ ਰਾਜੀਵ ਬੱਬਰ ਵੀ ਸਨ।
ਉਹਨਾਂ ਦੀ ਧਰਮ ਪਤਨੀ ਸਰਦਾਰਨੀ ਸਤਵਿੰਦਰ ਕੌਰ ਸਿਰਸਾ ਨੇ ਉਹਨਾਂ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਸਰਦਾਰ ਸਿਰਸਾ ਨੇ ਸਮਰਥਕਾਂ ਦੇ ਭਾਰੀ ਹਜ਼ੂਮ ਨਾਲ ਖਿਆਲਾ ਤੋਂ ਰੋਡ ਸ਼ੋਅ ਕੱਢਿਆ।
ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਰਾਜ ਰਾਜੌਰੀ ਗਾਰਡਨ ਹਲਕੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਆਪਣੇ ਵਾਹਨਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਸਮਰਥਨ ਵਿਚ ਆਏ ਸਨ।
ਉਹਨਾਂ ਕਿਹਾ ਕਿ ਲੋਕਾਂ ਦਾ ਵੱਡੀ ਗਿਣਤੀ ਵਿਚ ਹਾਜ਼ਰ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਦਿੱਲੀ ਦੇ ਲੋਕਾਂ ਨੇ ਭ੍ਰਿਸ਼ਟ ਆਪ ਸਰਕਾਰ ਨੂੰ ਚਲਦਾ ਕਰਨ ਅਤੇ ਦਿੱਲੀ ਵਿਚ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣ ਲਿਆ ਹੈ।
ਉਹਨਾਂ ਕਿਹਾ ਕਿ ਭਾਜਪਾ ਇਹਨਾਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰੇਗੀ ਅਤੇ ਇਕ ਲੋਕ ਪੱਖੀ ਤੇ ਵਿਕਾਸ ਪੱਖੀ ਸਰਕਾਰ ਸਥਾਪਿਤ ਕਰੇਗੀ ਜੋ ਸਮਾਜ ਦੇ ਸਾਰੇ ਵਰਗਾਂ ਦੀ ਬੇਹਤਰੀ ਤੇ ਭਲਾਈ ਵਾਸਤੇ ਸੰਜੀਦਗੀ ਨਾਲ ਕੰਮ ਕਰੇਗੀ।
ਉਹਨਾਂ ਨੇ ਰਾਜੌਰੀ ਗਾਰਡਨ ਹਲਕੇ ਦੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਉਹ ਰਾਜੌਰੀ ਗਾਰਡਨ ਦੀ ਪੁਰਾਣੀ ਸ਼ਾਨ ਬਹਾਲ ਕਰਨ ਵਾਸਤੇ ਸਖ਼ਤ ਮਿਹਨਤ ਕਰਨਗੇ।